18 ਤੋਂ 45 ਸਾਲ ਦੇ ਵਿਅਕਤੀਆਂ ਦੀ ਅਚਾਨਕ ਮੌਤ ’ਤੇ ਹੋਈ ਸਟੱਡੀ
ਨਵੀਂ ਦਿੱਲੀ/ਬਿਊਰੋ ਨਿਊਜ਼
ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਅਤੇ ਨੈਸ਼ਨਲ ਸੈਂਟਰ ਫਾਰ ਡਿਸੀਜ਼ ਕੰਟਰੋਲ ਨੇ ਆਪਣੀ ਸਟੱਡੀ ਵਿਚ ਦੱਸਿਆ ਹੈ ਕਿ ਦੇਸ਼ ਵਿਚ ਹਾਰਟ ਅਟੈਕ ਨਾਲ ਹੋਣ ਵਾਲੀਆਂ ਅਚਾਨਕ ਮੌਤਾਂ ਦਾ ਕੋਵਿਡ ਵੈਕਸੀਨ ਨਾਲ ਕੋਈ ਸਬੰਧ ਨਹੀਂ ਹੈ। ਇਹ ਸਟੱਡੀ 18 ਤੋਂ 45 ਸਾਲ ਦੇ ਵਿਅਕਤੀਆਂ ਦੀ ਅਚਾਨਕ ਮੌਤ ’ਤੇ ਅਧਾਰਿਤ ਹੈ। ਭਾਰਤੀ ਸਿਹਤ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਸਟੱਡੀ ’ਚ ਪੁਸ਼ਟੀ ਕੀਤੀ ਗਈ ਹੈ ਕਿ ਭਾਰਤ ਦੀ ਕੋਵਿਡ ਵੈਕਸੀਨ ਸੁਰੱਖਿਅਤ ਅਤੇ ਇਫੈਕਟਿਵ ਹੈ। ਇਸ ਨਾਲ ਹੋਣ ਵਾਲੇ ਸਾਈਡ ਇਫੈਕਟ ਦੇ ਮਾਮਲੇ ਮਾਮੂਲੀ ਹਨ। ਦਰਅਸਲ, ਕਰਨਾਟਕ ਦੇ ਹਸਨ ਜ਼ਿਲ੍ਹੇ ਵਿਚ ਦਿਲ ਦੇ ਦੌਰੇ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਆਪਣੇ ਇਕ ਬਿਆਨ ਵਿਚ ਦਿਲ ਦੇ ਦੌਰੇ ਲਈ ਕਰੋਨਾ ਟੀਕੇ ਨੂੰ ਜ਼ਿੰਮੇਵਾਰ ਠਹਿਰਾਇਆ ਸੀ, ਪਰ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ।