
ਐਨ.ਡੀ.ਏ. ਦੇ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਹੋਵੇਗਾ ਚੋਣ ਮੁਕਾਬਲਾ
ਨਵੀਂ ਦਿੱਲੀ/ਬਿਊਰੋ ਨਿਊੁਜ਼
‘ਇੰਡੀਆ’ ਗਠਜੋੜ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਸੁਦਰਸ਼ਨ ਰੈਡੀ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਬਣਾਇਆ ਹੈ। ਧਿਆਨ ਰਹੇ ਕਿ ਉਪ ਰਾਸ਼ਟਰਪਤੀ ਦੇ ਅਹੁਦੇ ਲਈ 9 ਸਤੰਬਰ ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਹੀ ਗਿਣਤੀ ਵੀ ਹੋ ਜਾਵੇਗੀ। ਇਸ ਅਹੁਦੇ ਲਈ ਨਾਮਜਦਗੀ ਪੱਤਰ ਭਰਨ ਦੀ ਆਖਰੀ ਮਿਤੀ 21 ਅਗਸਤ ਹੈ। ਉਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਸੀ.ਪੀ. ਰਾਧਾਕ੍ਰਿਸ਼ਨਨ ਦੇ ਨਾਮ ’ਤੇ ਸਰਬਸੰਮਤੀ ਬਣਾਉਣ ਦੀ ਕੀਤੀ ਅਪੀਲ ਕੀਤੀ ਹੈ। ਸੰਸਦ ਭਵਨ ਕੰਪਲੈਕਸ ਵਿਚ ਐਨ.ਡੀ.ਏ. ਸੰਸਦੀ ਦਲ ਦੀ ਬੈਠਕ ਦੌਰਾਨ ਰਾਧਾਕ੍ਰਿਸ਼ਨਨ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਰਾਧਾਕ੍ਰਿਸ਼ਨਨ ਦੀ ਸੰਸਦ ਮੈਂਬਰਾਂ ਨਾਲ ਜਾਣ-ਪਛਾਣ ਵੀ ਕਰਵਾਈ ਗਈ। ਇਸਦੇ ਚੱਲਦਿਆਂ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਬੀ. ਸੁਦਰਸ਼ਨ ਰੈਡੀ ਦਾ ਚੋਣ ਮੁਕਾਬਲਾ ਐਨ.ਡੀ.ਏ. ਦੇ ਉਮੀਦਵਾਰ ਸੀ.ਪੀ. ਰਾਧਾਕ੍ਰਿਸ਼ਨਨ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਪਿਛਲੇ ਦਿਨੀਂ ਅਚਾਨਕ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਦੋਂ ਕਿ ਉਨ੍ਹਾਂ ਦਾ ਕਾਰਜਕਾਲ 10 ਅਗਸਤ 2027 ਤੱਕ ਸੀ।

