
ਪੰਜਾਬ ’ਚ ਵੀ ਦਰਿਆਵਾਂ ਨੇੜਲੇ ਪਿੰਡਾਂ ’ਚ ਹਜ਼ਾਰਾਂ ਏਕੜ ਫਸਲ ਹੋਈ ਖਰਾਬ
ਨਵੀਂ ਦਿੱਲੀ ਬਿਊਰੋ ਨਿਊਜ਼
ਮੁੰਬਈ ਵਿਚ ਲਗਾਤਾਰ ਮੀਂਹ ਕਾਰਨ ਹਾਲਾਤ ਵਿਗੜਨ ਲੱਗੇ ਹਨ। ਅੱਜ ਮੰਗਲਵਾਰ ਨੂੰ ਵੀ ਮੁੰਬਈ ਵਿਚ ਭਾਰੀ ਮੀਂਹ ਪਿਆ ਹੈ। ਮੀਂਹ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ ਅਤੇ ਇਸ ਕਰਕੇ ਸਕੂੁਲਾਂ ਅਤੇ ਕਾਲਜਾਂ ਵਿਚ ਅੱਜ ਵੀ ਛੁੱਟੀ ਰਹੀ। ਇਸਦੇ ਨਾਲ ਹੀ ਸਰਕਾਰੀ ਅਤੇ ਅਰਧ-ਸਰਕਾਰੀ ਦਫਤਰ ਵੀ ਬੰਦ ਰੱਖੇ ਗਏ। ਮੁੰਬਈ ਵਿਚ ਭਾਰੀ ਮੀਂਹ ਦੇ ਚੱਲਦਿਆਂ ਫਲਾਈਟਾਂ ਵੀ ਦੇਰੀ ਨਾਲ ਹੀ ਉਡ ਰਹੀਆਂ ਹਨ। ਇੰਡੀਗੋ ਏਅਰਲਾਈਨ ਨੇ ਮੁੰਬਈ ਤੋਂ ਜਹਾਜ਼ ਰਾਹੀਂ ਸਫਰ ਕਰਨ ਵਾਲਿਆਂ ਲਈ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਏਅਰਲਾਈਨ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਉਡਾਣਾਂ ਵਿਚ ਦੇਰੀ ਦੀ ਸੰਭਾਵਨਾ ਕਾਰਨ ਸਾਵਧਾਨ ਰਹਿਣ। ਉਧਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿਚ ਅੱਧੀ ਰਾਤ ਤੋਂ ਬਾਅਦ ਬੱਦਲ ਫਟਿਆ ਅਤੇ ਪਾਣੀ ਦੇ ਤੇਜ਼ ਵਹਾਅ ਵਿਚ ਤਿੰਨ ਦੁਕਾਨਾਂ ਰੁੜ ਗਈਆਂ। ਇਸੇ ਦੌਰਾਨ ਪੰਜਾਬ ’ਚ ਬਿਆਸ ਤੇ ਸਤਲੁਜ ਦਰਿਆ ਦੇ ਨੇੜਲੇ ਪਿੰਡਾਂ ਦਾ ਜਨ ਜੀਵਨ ਵੀ ਹੜ੍ਹਾਂ ਦੇ ਪਾਣੀ ਨੇ ਪ੍ਰਭਾਵਿਤ ਕੀਤਾ ਹੈ ਅਤੇ ਹਜ਼ਾਰਾਂ ਏਕੜ ਫਸਲ ਵੀ ਖਰਾਬ ਹੋ ਚੁੱਕੀ ਹੈ।

