Breaking News
Home / ਭਾਰਤ / ਰਾਮ ਰਹੀਮ ਵਿਰੁੱਧ ਦੋ ਕੇਸਾਂ ਦੀ ਰੋਜ਼ਾਨਾ ਹੋ ਰਹੀ ਸੁਣਵਾਈ

ਰਾਮ ਰਹੀਮ ਵਿਰੁੱਧ ਦੋ ਕੇਸਾਂ ਦੀ ਰੋਜ਼ਾਨਾ ਹੋ ਰਹੀ ਸੁਣਵਾਈ

ਖੱਟਾ ਸਿੰਘ ਵੱਲੋਂ ਮੁੜ ਗਵਾਹੀ ਦੇਣ ਲਈ ਅਰਜ਼ੀ, 22 ਸਤੰਬਰ ਨੂੰ ਅਰਜ਼ੀ ਉੱਤੇ ਹੋਵੇਗੀ ਬਹਿਸ
ਪੰਚਕੂਲਾ/ਬਿਊਰੋ ਨਿਊਜ਼ : ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਵਿਰੁੱਧ ਇੱਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਦੋ ਕੇਸਾਂ ਵਿੱਚ ਰੋਜ਼ਾਨਾ ਸੁਣਵਾਈ ਸ਼ੁਰੂ ਹੋ ਗਈ ਹੈ। ਡੇਰਾ ਮੁਖੀ ਜੋ ਬਲਾਤਕਾਰ ਦੇ ਮਾਮਲੇ ਵਿੱਚ ਸੁਨਾਰੀਆ ਜ਼ੇਲ੍ਹ ਵਿੱਚ ਸਜ਼ਾ ਭੁਗਤ ਰਿਹਾ ਹੈ, ਨੇ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ। ਪੰਚਕੂਲਾ ਸਥਿਤ ਸੀਬੀਆਈ ਅਦਾਲਤ ਵਿੱਚ ਡੇਰਾ ਮੁਖੀ ਰਾਮ ਰਹੀਮ ਵਿਰੁੱਧ ਚੱਲ ਰਹੇ ਅਖ਼ਬਾਰ ‘ਪੂਰਾ ਸੱਚ’ ਦੇ ਮਾਲਕ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਡੇਰਾ ਸਿਰਸਾ ਦੇ ਮੈਨੇਜਰ ਰਣਜੀਤ ਦੇ ਕਤਲ ਕੇਸ ਦੀ ਸੁਣਵਾਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ। ਛਤਰਪਤੀ ਨੇ ਡੇਰਾ ਮੁਖੀ ਵੱਲੋਂ ਬਲਾਤਕਾਰ ਦਾ ਸ਼ਿਕਾਰ ਬਣਾਈ ਲੜਕੀ ਦਾ ਪੱਤਰ ਆਪਣੇ ਅਖ਼ਬਾਰ ਵਿੱਚ ਸਭ ਤੋਂ ਪਹਿਲਾਂ ਛਾਪਿਆ ਸੀ। ਦੋਵਾਂ ਕੇਸਾਂ ਵਿੱਚ ਹੀ ਡੇਰਾ ਮੁਖੀ ਮੁੱਖ ਮੁਲਜ਼ਮ ਹੈ। ਪੀੜਤ ਲੜਕੀ ਡੇਰੇ ਦੇ ਮੈਨੇਜਰ ਰਣਜੀਤ ਦੀ ਭੈਣ ਸੀ। ਰਣਜੀਤ ਆਪਣੀ ਭੈਣ ਨਾਲ ਵਾਪਰੇ ਇਸ ਗੈਰਮਨੁੱਖੀ ਕਾਰੇ ਤੋਂ ਕਥਿਤ ਤੌਰ ਉੱਤੇ ਖਫ਼ਾ ਸੀ। ਰਣਜੀਤ ਦਾ ਜੁਲਾਈ 2002 ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਰਕਾਰੀ ਪੱਖ ਦੇ ਅਨੁਸਾਰ ਰਣਜੀਤ ਦਾ ਹੱਤਿਆ ਡੇਰਾ ਮੁਖੀ ਵਿਰੁੱਧ ਬਲਾਤਕਾਰ ਦੇ ਮਾਮਲੇ ਨੂੰ ਲੈ ਕੇ ਸਾਹਮਣੇ ਆਏ ਪੱਤਰ ਨੂੰ ਲੈ ਕੇ ਕੀਤੀ ਗਈ ਸੀ। ਉਦੋਂ ਖੱਟਾ ਸਿੰਘ ਨੇ ਗਵਾਹੀ ਦਿੱਤੀ ਸੀ ਕਿ ਡੇਰਾ ਮੁਖੀ ਨੇ ਰਣਜੀਤ ਦੇ ਕਤਲ ਲਈ ਕਿਸੇ ਨੂੰ ਕੋਈ ਹੁਕਮ ਨਹੀ ਦਿੱਤਾ ਸੀ ਅਤੇ ਉਸਦਾ ਰਣਜੀਤ ਦੀ ਹੱਤਿਆ ਵਿੱਚ ਵੀ ਕੋਈ ਹੱਥ ਨਹੀ ਸੀ। ਇਸ ਦੌਰਾਨ ਡੇਰਾ ਮੁਖੀ ਦੇ ਡਰਾਈਵਰ ਖੱਟਾ ਸਿੰਘ ਜੋ ਕਿ ਕੇਸ ਵਿੱਚ ਇੱਕ ਅਹਿਮ ਗਵਾਹ ਹੈ, ਵੱਲੋਂ ਅਦਾਲਤ ਵਿੱਚ ਦੁਬਾਰਾ ਗਵਾਹੀ ਦੇਣ ਲਈ ਅਰਜ਼ੀ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਖੱਟਾ ਸਿੰਘ ਦੇ ਵਕੀਲ ਨੇ ਦੱਸਿਆ ਕਿ ਖੱਟਾ ਸਿੰਘ ਨੇ ਸਾਲ 2007 ਵਿੱਚ ਸੀਬੀਆਈ ਅਦਾਲਤ ਵਿੱਚ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਸਹਿਤ ਡੇਰਾ ਮੈਨੇਜਰ ਰਣਜੀਤ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ ਵਿੱਚ ਗਵਾਹੀ ਦਿੱਤੀ ਸੀ, ਪਰ 2012 ਵਿੱਚ ਡੇਰਾ ਮੁਖੀ ਅਤੇ ਉਸਦੇ ਗੁੰਡਿਆਂ ਕਰਕੇ ਉਹ ਆਪਣੀ ਗਵਾਹੀ ਤੋਂ ਮੁੱਕਰ ਗਿਆ ਸੀ। ਹੁਣ ਰਾਮ ਰਹੀਮ ਨੂੰ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ ਵਿੱਚ ਸਜ਼ਾ ਹੋਣ ਤੋਂ ਬਾਅਦ ਉਨ੍ਹਾਂ ਨੇ ਖੱਟਾ ਸਿੰਘ ਵੱਲੋਂ ਦੁਬਾਰਾ ਗਵਾਹੀ ਕਰਵਾਏ ਜਾਣ ਦੀ ਅਰਜ਼ੀ ਲਗਾਈ ਹੈ, ਜਿਸਦੇ ਸਬੰਧ ਵਿੱਚ 22 ਸਤੰਬਰ ਨੂੰ ਸੁਣਵਾਈ ਹੋਵੇਗੀ। 22 ਸਤੰਬਰ ਨੂੰ ਹੋਣ ਵਾਲੀ ਸੁਣਵਾਈ ਵਿੱਚ ਦੋਵਾਂ ਪੱਖਾਂ ਵਿਚਕਾਰ ਇਸ ਬਾਰੇ ਬਹਿਸ ਹੋਵੇਗੀ ਕਿ ਖੱਟਾ ਸਿੰਘ ਦੀ ਦੁਬਾਰਾ ਗਵਾਹੀ ਕਰਵਾਈ ਜਾਵੇ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਅਦਾਲਤ ਕੋਲ ਅਧਿਕਾਰ ਹੁੰਦਾ ਹੈ ਕਿ ਉਹ ਕਿਸੇ ਵੀ ਗਵਾਹ ਜਾਂ ਮੁਜਰਮ ਨੂੰ ਦੁਬਾਰਾ ਗਵਾਹੀ ਲਈ ਅਦਾਲਤ ਬੁਲਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪੱਤਰਕਾਰ ਰਾਮਚੰਦਰ ਛਤਰਪਤੀ ਅਤੇ ਡੇਰਾ ਪ੍ਰਬੰਧਕ ਰਣਜੀਤ ਹੱਤਿਆ ਮਾਮਲੇ ਵਿੱਚ ਅੰਤਿਮ ਬਹਿਸ ਸ਼ੁਰੂ ਹੋ ਗਈ ਹੈ। ਇਸ ਮਾਮਲੇ ਵਿੱਚ ਖੱਟਾ ਸਿੰਘ ਨੇ ਦੱਸਿਆ ਕਿ ਉਸਨੇ ਅਦਾਲਤ ਵਿੱਚ ਆਪਣੀ ਗਵਾਹੀ ਦੁਬਾਰਾ ਦੇਣ ਲਈ ਅਰਜ਼ੀ ਲਾਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਡੇਰਾ ਮੁਖੀ ਰਾਮ ਰਹੀਮ ਆਜ਼ਾਦ ਸੀ ਤਾਂ ਉਸ ਨੂੰ ਅਤੇ ਉਸਦੇ ਪੁੱਤਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਵੀ ਉੱਥੇ ਹੈ। ਇਸ ਲਈ ਆਪਣੀ ਜਾਨ ਦੇ ਡਰ ਤੋਂ ਉਹ ਬਿਆਨਾਂ ਤੋਂ ਮੁੱਕਰ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਰਾਮ ਰਹੀਮ ਜੇਲ੍ਹ ਵਿੱਚ ਹੈ ਅਤੇ ਉਹ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ। ਖੱਟਾ ਸਿੰਘ ਨੇ ਅਰਜ਼ੀ ਆਪਣੇ ਵਕੀਲ ਨਵਕਿਰਨ ਸਿੰਘ ਰਾਹੀਂ ਦਾਇਰ ਕੀਤੀ। ਇਸ ਦੌਰਾਨ ਸੀਬੀਆਈ ਦੇ ਵਕੀਲ ਐਚਪੀਐੱਸ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਅਦਾਲਤ ਨੂੰ ਦੋਵਾਂ ਕੇਸਾਂ ਦੀ ਸੁਣਵਾਈ ਵੱਖਰੇ ਵੱਖਰੇ ਤੌਰ ਉੱਤੇ ਕਰਨ ਦੀ ਅਪੀਲ ਕੀਤੀ ਹੈ।
ਰੋਜ਼ਾਨਾ ਬਦਲੀ ਜਾਵੇਗੀ ਡੇਰਾ ਮੁਖੀ ਦੀ ਬੈਰਕ
ਸੁਨਾਰੀਆ ਜੇਲ੍ਹ ‘ਚ ਕੀਤੇ ਸਖਤ ਪ੍ਰਬੰਧ
ਚੰਡੀਗੜ੍ਹ : ਹਰਿਆਣਾ ਸਰਕਾਰ ਜੇਲ੍ਹ ਦੇ ਬਾਹਰ ਹੀ ਨਹੀਂ, ਬਲਕਿ ਜੇਲ੍ਹ ਦੇ ਅੰਦਰ ਵੀ ਡੇਰਾ ਮੁਖੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ, ਇਸ ਦੇ ਕਾਰਨ ਹੀ ਇਹ ਫੈਸਲਾ ਲਿਆ ਗਿਆ ਹੈ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਰੋਜ਼ਾਨਾ ਡੇਰਾ ਮੁਖੀ 24 ਘੰਟੇ ਦੋ ਨੰਬਰਦਾਰਾਂ ਦੀ ਨਿਗਰਾਨੀ ‘ਚ ਰਹੇਗਾ ਅਤੇ ਦੋਵੇਂ ਨੰਬਰਦਾਰ ਵੀ ਡੇਰਾਮੁਖੀ ਦੀ ਬੈਰਕ ਦੇ ਬਿਲਕੁਲ ਸਾਹਮਣੇ ਵਾਲੀ ਬੈਰਕ ‘ਚ ਰਹਿਣਗੇ। ਡੇਰਾ ਮੁਖੀ ਦੇ ਨਾਲ-ਨਾਲ ਨੰਬਰਦਾਰਾਂ ਦੀਆਂ ਬੈਰਕਾਂ ਵੀ ਉਸੇ ਤਰ੍ਹਾਂ ਨਾਲ ਬਦਲਦੀਆਂ ਰਹਿਣਗੀਆਂ। ਸੂਤਰਾਂ ਅਨੁਸਾਰ ਜੇਲ੍ਹ ‘ਚ ਡੇਰਾਮੁਖੀ ਦੇ ਲਈ ਅਲੱਗ ਬਲਾਕ ਦੀ ਵਿਵਸਥਾ ਕਰ ਦਿੱਤੀ ਗਈ ਹੈ। ਉਸ ਬਲਾਕ ਦੀ ਬੈਰਕਾਂ ‘ਚ ਸਿਰਫ਼ ਡੇਰਾਮੁਖੀ ਅਤੇ ਨੰਬਰਦਾਰ ਹੀ ਰਹਿਣਗੇ। ਡੇਰਾਮੁਖੀ ਦੀ ਬੈਰਕ ‘ਚ ਸਿਰਫ਼ ਦੋ ਕੰਬਲ ਅਤੇ ਇਕ ਵਿਛੌਣਾ ਰਹੇਗਾ। ਜੇਕਰ ਡੇਰਾਮੁਖੀ ਨੂੰ ਕੁੱਝ ਚਾਹੀਦਾ ਹੋਵੇਗਾ ਤਾਂ ਡੇਰਾਮੁਖੀ ਨੰਬਰਦਾਰਾਂ ਨੂੰ ਅਵਾਜ਼ ਲਗਾਏਗਾ ਅਤੇ ਨੰਬਰਦਾਰ ਉਨ੍ਹਾਂ ਦੀ ਮੰਗ ਦੇ ਲਈ ਅਥਾਰਿਟੀ ਨੂੰ ਜਾਣੂ ਕਰਵਾਉਣਗੇ। ਡੇਰਾਮੁਖੀ ਨੂੰ ਦਿੱਤੇ ਜਾਣ ਵਾਲੇ ਖਾਣੇ ‘ਤੇ ਵੀ ਖਾਸ ਨਜ਼ਰ ਰੱਖੀ ਜਾਵੇਗੀ ਅਤੇ ਪਰੋਸ ਕੇ ਉਨ੍ਹਾਂ ਤੱਕ ਪਹੁੰਚਾਇਆ ਜਾਵੇਗਾ। ਫਿਲਹਾਲ ਡੇਰਾਮੁਖੀ ਨੂੰ ਦੂਜੇ ਕੈਦੀਆਂ ਨਾਲੋਂ ਅਲੱਗ ਰੱਖਿਆ ਜਾਵੇਗਾ। ਉਨ੍ਹਾਂ ਦੇ ਲਈ ਬਾਗਬਾਨੀ ਦੀ ਵਿਵਸਥਾ ਵੀ ਉਸੇ ਬਲਾਕ ‘ਚ ਅਲਗ ਤੋਂ ਕਰ ਦਿੱਤੀ ਗਈ ਹੈ, ਜਿੱਥੇ ਡੇਰਾਮੁਖੀ ਨੇ ਮਾਲੀ ਦਾ ਕੰਮ ਕਰਨਾ ਹੈ। ਹਰਿਆਣਾ ਸਰਕਾਰ ਨੇ ਸੋਨਾਰੀਆ ਜੇਲ੍ਹ ਵਿਚ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ।
ਰਾਮ ਰਹੀਮ ਕਹਿੰਦਾ, ਮੇਰੀ ਤਾਂ ਪਿੱਠ ਦੁੱਖਦੀ ਹੈ
ਵੀਡੀਓ ਕਾਨਫਰੰਸਿੰਗ ਦੌਰਾਨ ਡੇਰਾ ਮੁਖੀ ਨੇ ਕਿਹਾ ਕਿ ਉਸਦੀ ਪਿੱਠ ਦੁਖਦੀ ਹੈ ਤਾਂ ਜੱਜ ਨੇ ਉਸ ਨੂੰ 15 ਮਿੰਟ ਅਰਾਮ ਕਰਨ ਲਈ ਸਮਾਂ ਦੇ ਦਿੱਤਾ। ਮੁਲਜ਼ਮ ਨੇ ਚਿੱਟਾ ਕੁੜਤਾ ਪਜ਼ਾਮਾ ਪਾਇਆ ਸੀ। ਸੀਬੀਆਈ ਦੇ ਵਕੀਲ ਐਚਪੀਐਸ ਵਰਮਾ ਨੇ ਦੱਸਿਆ ਕਿ ਕੇਸ ਦੀ ਸੁਣਵਾਈ 9.45 ਉੱਤੇ ਸ਼ੁਰੂ ਹੋਈ ਅਤੇ 12.45 ਤੱਕ ਚੱਲੀ। ਬਾਅਦ ਦੁਪਹਿਰ 1.30 ਤੋਂ ਸ਼ੁਰੂ ਹੋ ਕੇ ਮੁੜ ਕਾਰਵਾਈ 4.45 ਤੱਕ ਚੱਲੀ। ਵਰਮਾ ਅਨੁਸਾਰ ਅਦਾਲਤ ਵਿੱਚ 33 ਗਵਾਹੀਆਂ ਪੜ੍ਹੀਆਂ ਗਈਆਂ।
ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਪੇਸ਼ੀ
ਪੰਚਕੂਲਾ: ਪੰਚਕੂਲਾ ਦੇ ਡੀਸੀਪੀ ਮਨਬੀਰ ਸਿੰਘ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਦਾਇਰ ਕੀਤੀ ਅਰਜ਼ੀ ਤੋਂ ਬਾਅਦ ਵਿਸ਼ੇਸ਼ ਸੀਬੀਆਈ ਅਦਾਲਤ ਨੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਿੰਘ ਵਿਰੁੱਧ ਦੋ ਕੇਸਾਂ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ। ਡੇਰਾ ਮੁਖੀ ਦੀ ਪੇਸ਼ੀ ਦੇ ਮੱਦੇਨਜ਼ਰ ਪੰਚਕੂਲਾ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।
ਜੱਜ ਜਗਦੀਪ ਸਿੰਘ ਨੂੰ ਮਨੋਹਰ ਲਾਲ ਖੱਟਰ ਨੇ ਆਪਣੀ ਬੁਲੇਟ ਪਰੂਫ ਗੱਡੀ ਦਿੱਤੀ
ਪੰਚਕੂਲਾ : ਪੰਚਕੂਲਾ ਸਥਿਤ ਹਰਿਆਣਾ ਦੀ ਸੀ. ਬੀ. ਆਈ. ਅਦਾਲਤ ਦੇ ਜੱਜ ਜਗਦੀਪ ਸਿੰਘ ਨੂੰ ਜ਼ੈੱਡ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਪੰਚਕੂਲਾ ਦੇ ਡੀ.ਸੀ.ਪੀ. ਮਨਵੀਰ ਸਿੰਘ ਨੇ ਦੱਸਿਆ ਕਿ ਸੀ.ਬੀ.ਆਈ. ਅਦਾਲਤ ਦੇ ਜੱਜ ਜਗਦੀਪ ਸਿੰਘ ਦੀ ਜਾਨ ਨੂੰ ਖਤਰਾ ਹੋਣ ਕਰਕੇ ਉਨ੍ਹਾਂ ਨੂੰ ਜੈੱਡ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੀ ਬੁਲੇਟ ਪਰੂਫ ਗੱਡੀ ਵੀ ਜੱਜ ਜਗਦੀਪ ਸਿੰਘ ਨੂੰ ਦੇ ਦਿੱਤੀ ਹੈ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਜ਼ਾ ਸੁਣਾਉਣ ਤੋਂ ਇਲਾਵਾ ਉਸ ‘ਤੇ ਚੱਲ ਰਹੇ ਦੋ ਕਤਲ ਦੇ ਮਾਮਲਿਆਂ ਦੀ ਸੁਣਵਾਈ ਵੀ ਜੱਜ ਜਗਦੀਪ ਸਿੰਘ ਦੀ ਅਦਾਲਤ ਵਿਚ ਹੀ ਚੱਲ ਰਹੀ ਹੈ।
ਰਾਮ ਰਹੀਮ ਜੇਲ੍ਹ ‘ਚ 20 ਰੁਪਏ ਦਿਹਾੜੀ ‘ਤੇ ਉਗਾਏਗਾ ਸਬਜ਼ੀਆਂ
ਚੰਡੀਗੜ੍ਹ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਹੁਣ ਜੇਲ੍ਹ ਵਿੱਚ ਸਬਜ਼ੀਆਂ ਉਗਾਉਣ ਬਦਲੇ ਉਸ ਨੂੰ ਇਕ ਦਿਨ ਦਾ ਮਹਿਜ਼ 20 ਰੁਪਏ ਮਿਹਨਤਾਨਾ ਮਿਲੇਗਾ। ਹਰਿਆਣਾ ਦੇ ਡਾਇਰੈਕਟਰ ਜਨਰਲ ਜੇਲ੍ਹਾਂ ਕੇਪੀ ਸਿੰਘ ਨੇ ਪੁਸ਼ਟੀ ਕੀਤੀ ਕਿ ਗੁਰਮੀਤ ਰਾਮ ਰਹੀਮ ਨੂੰ ਸੋਨਾਰੀਆ ਜੇਲ੍ਹ ਵਿਚ ਉਸ ਦੀ ਬੈਰਕ ਨੇੜੇ 600 ਗਜ਼ ਜਗ੍ਹਾ ਉਤੇ ਸਬਜ਼ੀਆਂ ਉਗਾਉਣ ਦਾ ਕੰਮ ਦਿੱਤਾ ਗਿਆ ਹੈ। ਇਸ ਬਦਲੇ ਉਸ ਨੂੰ ਪ੍ਰਤੀ ਦਿਨ 20 ਰੁਪਏ ਮਿਲਣਗੇ, ਜੋ ਗੈਰਹੁਨਰਮੰਦ ਵਰਕਰਾਂ ਨੂੰ ਮਿਹਨਤਾਨਾ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਉਗਾਈਆਂ ਸਬਜ਼ੀਆਂ ਜੇਲ੍ਹ ਵਿੱਚ ਹੀ ਪਕਾ ਕੇ ਕੈਦੀਆਂ ਨੂੰ ਖੁਆਈਆਂ ਜਾਣਗੀਆਂ। ਵਿਸ਼ੇਸ਼ ਸੀਬੀਆਈ ਅਦਾਲਤ ਨੇ ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ ਵਿਚ ਡੇਰਾ ਮੁਖੀ ਨੂੰ 20 ਸਾਲ ਕੈਦ ਕੀਤੀ ਹੈ। ਸੂਤਰਾਂ ਮੁਤਾਬਕ ਗੁਰਮੀਤ ਰਾਮ ਰਹੀਮ ਨਾ ਤਾਂ ਜ਼ਿਆਦਾ ਪੜ੍ਹਿਆ-ਲਿਖਿਆ ਹੈ ਅਤੇ ਨਾ ਹੀ ਉਸ ਕੋਲ ਕੋਈ ਖਾਸ ਹੁਨਰ ਹੈ, ਜਿਸ ਕਾਰਨ ਉਸ ਨੂੰ ਕੋਈ ਖਾਸ ਮੁਹਾਰਤ ਵਾਲਾ ਕੰਮ ਨਹੀਂ ਦਿੱਤਾ ਜਾ ਸਕਦਾ। ਜਾਣਕਾਰੀ ਮੁਤਾਬਕ ਡੇਰਾ ਮੁਖੀ ਨੇ ਜੇਲ੍ਹ ਅਧਿਕਾਰੀਆਂ ਨੂੰ ਮਹਿਜ਼ ਦੋ ਮੋਬਾਈਲ ਨੰਬਰ ਦਿੱਤੇ ਹਨ, ਜਿਨ੍ਹਾਂ ਨਾਲ ਉਹ ਗੱਲ ਕਰਨਾ ਚਾਹੁੰਦਾ ਹੈ। ਇਨ੍ਹਾਂ ਵਿੱਚੋਂ ਇਕ ਨੰਬਰ ਉਸ ਦਾ ਆਪਣਾ ਹੀ ਹੈ ਅਤੇ ਦੂਜਾ ਨੰਬਰ ਹਨੀਪ੍ਰੀਤ ਦਾ ਹੈ। ਉਸ ਨੇ ਦਸ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਸੌਂਪੀ ਹੈ, ਜਿਨ੍ਹਾਂ ਨੂੰ ਉਹ ਮਿਲਣਾ ਚਾਹੁੰਦਾ ਹੈ। ਇਨ੍ਹਾਂ ਵਿਚੋਂ ਕੇਵਲ ਉਸ ਦੀ ਮਾਤਾ ਨਸੀਬ ਕੌਰ ਦੇ ਵੇਰਵਿਆਂ ਦੀ ਹੀ ਪੁਸ਼ਟੀ ਹੋ ਸਕੀ ਹੈ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …