Breaking News
Home / ਭਾਰਤ / ਦਿੱਲੀ ਨਗਰ ਨਿਗਮ ਵਿੱਚ ‘ਆਪ’ ਦੀ ਵੱਡੀ ਜਿੱਤ

ਦਿੱਲੀ ਨਗਰ ਨਿਗਮ ਵਿੱਚ ‘ਆਪ’ ਦੀ ਵੱਡੀ ਜਿੱਤ

250 ਵਾਰਡਾਂ ‘ਚੋਂ ‘ਆਪ’ ਨੇ 134 ‘ਚ ਜਿੱਤ ਕੀਤੀ ਹਾਸਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਦੀ 15 ਸਾਲ ਦੀ ਸੱਤਾ ਨੂੰ ਖਤਮ ਕਰਦੇ ਹੋਏ ਕੁੱਲ 250 ਵਾਰਡਾਂ ਵਿੱਚੋਂ 134 ਵਿੱਚ ਜਿੱਤ ਦੇ ਝੰਡੇ ਗੱਡੇ ਹਨ। ਭਾਜਪਾ ਨੂੰ 104 ਵਾਰਡਾਂ ਵਿੱਚ ਜਿੱਤ ਮਿਲੀ ਹੈ ਤੇ ਕਾਂਗਰਸ ਸਿਰਫ਼ 9 ਵਾਰਡਾਂ ‘ਚ ਸਿਮਟ ਕੇ ਰਹਿ ਗਈ ਹੈ ਜਦੋਂ ਕਿ 3 ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ, ਜਿਨ੍ਹਾਂ ਵਿੱਚ ਉੱਤਰ-ਪੂਰਬੀ ਦਿੱਲੀ ਦੇ ਸੀਲਮਪੁਰ ਤੋਂ ਸ਼ਕੀਲਾ ਬੇਗ਼ਮ ਵੀ ਸ਼ਾਮਲ ਹੈ। ਨਿਗਮ ਚੋਣਾਂ ਲਈ 42 ਕੇਂਦਰਾਂ ਵਿੱਚ ਹੋਈ ਗਿਣਤੀ ਦੌਰਾਨ ‘ਆਪ’ ਨੇ ਬਹੁਮਤ ਲਈ ਲੋੜੀਂਦਾ 126 ਦਾ ਅੰਕੜਾ ਪਾਰ ਕਰ ਲਿਆ ਹੈ। ਚੋਣ ਸਰਵੇਖਣਾਂ ਵਿੱਚ ਦਿੱਲੀ ਐੱਮਸੀਡੀ ਚੋਣਾਂ ‘ਚ ਭਾਜਪਾ ਨੂੰ ਵੱਡੀ ਹਾਰ ਮਿਲਣ ਦੀ ਸੰਭਾਵਨਾ ਜਤਾਈ ਗਈ ਸੀ, ਪਰ ਭਗਵਾਂ ਪਾਰਟੀ 104 ਵਾਰਡਾਂ ‘ਤੇ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ। ਐੱਮਸੀਡੀ ਚੋਣਾਂ ਵਿੱਚ 50.48 ਫੀਸਦੀ ਵੋਟਿੰਗ ਹੋਈ ਸੀ। ਇਸ ਸਾਲ ਦੇ ਸ਼ੁਰੂ ਵਿੱਚ ਦਿੱਲੀ ਨਗਰ ਨਿਗਮ ਦੇ ਮੁੜ ਏਕੀਕਰਨ ਤੋਂ ਬਾਅਦ ਇਹ ਪਹਿਲੀ ਚੋਣ ਸੀ। ਪੰਜ ਸਾਲ ਪਹਿਲਾਂ ਭਾਜਪਾ ਨੇ 270 ਮਿਉਂਸਿਪਲ ਵਾਰਡਾਂ ਵਿੱਚੋਂ 181 ਜਿੱਤੇ ਸਨ, ਜਦੋਂ ਕਿ ‘ਆਪ’ ਦੇ ਹਿੱਸੇ 48 ਵਾਰਡ ਆਏ ਸਨ। ਕਾਂਗਰਸ ਉਦੋਂ 30 ਵਾਰਡਾਂ ਨਾਲ ਤੀਜੇ ਸਥਾਨ ‘ਤੇ ਰਹੀ ਸੀ।
ਸਰਕਾਰ ਮਗਰੋਂ ਹੁਣ ਨਗਰ ਨਿਗਮ ਦੀ ਕਮਾਨ ਸੰਭਾਲਣ ਜਾ ਰਹੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਨਤੀਜਿਆਂ ਮਗਰੋਂ ਪਾਰਟੀ ਹੈੱਡਕੁਆਟਰ ਦੀ ਛੱਤ ਤੋਂ ‘ਆਪ’ ਕਾਰਕੁਨਾਂ ਤੇ ਆਗੂਆਂ ਨੂੰ ਸੰਬੋਧਨ ਕੀਤਾ। ਕੇਜਰੀਵਾਲ ਨੇ ਭਾਜਪਾ ਤੇ ਕੇਂਦਰ ਸਰਕਾਰ ਖ਼ਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਠੀਕ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ”ਮੈਂ ਨਿਗਮ ਚੋਣਾਂ ਵਿੱਚ ਮਿਲੀ ਜਿੱਤ ਲਈ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਤੇ ਬਦਲਾਅ ਲਿਆਉਣ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਮੈਂ ਹੁਣ ਦਿੱਲੀ ਲਈ ਕੰਮ ਕਰਨ ਲਈ ਭਾਜਪਾ ਤੇ ਕਾਂਗਰਸ ਦਾ ਸਹਿਯੋਗ ਚਾਹੁੰਦਾ ਹਾਂ। ਮੈਂ ਕੇਂਦਰ ਨੂੰ ਅਪੀਲ ਕਰਦਾ ਹਾਂ ਅਤੇ ਦਿੱਲੀ ਨੂੰ ਬਿਹਤਰ ਬਣਾਉਣ ਲਈ ਪ੍ਰਧਾਨ ਮੰਤਰੀ ਦਾ ਆਸ਼ੀਰਵਾਦ ਮੰਗਦਾ ਹਾਂ। ਕੇਜਰੀਵਾਲ ਨੇ ਕਿਹਾ ਕਿ ਅਸੀਂ ਐੱਮਸੀਡੀ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ।

 

Check Also

ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …