11 C
Toronto
Friday, October 24, 2025
spot_img
Homeਭਾਰਤਬਿਪਿਨ ਰਾਵਤ ਦਾ ਹੈਲੀਕਾਪਟਰ ਹਾਦਸੇ 'ਚ ਦਿਹਾਂਤ

ਬਿਪਿਨ ਰਾਵਤ ਦਾ ਹੈਲੀਕਾਪਟਰ ਹਾਦਸੇ ‘ਚ ਦਿਹਾਂਤ

ਤਾਮਿਲਨਾਡੂ ‘ਚ ਵਾਪਰਿਆ ਹਾਦਸਾ -ਰਾਵਤ ਦੀ ਪਤਨੀ ਸਣੇ 13 ਮੌਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਫ ਆਫ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਸਮੇਤ 13 ਹੋਰ ਫੌਜੀ ਅਧਿਕਾਰੀਆਂ ਦੀ ਤਾਮਿਲਨਾਡੂ ਦੇ ਕੁੰਨੂਰ ਨੇੜੇ ਵਾਪਰੇ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ। ਸ਼ੁਰੂਆਤੀ ਜਾਂਚ ਵਿੱਚ ਮੌਸਮ ਦੀ ਖਰਾਬੀ ਨੂੰ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਐੱਮਆਈ-17 ਵੀਅੇੈੱਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਮੌਕੇ ਇਸ ਵਿੱਚ ਸੀਡੀਐੱਸ ਰਾਵਤ ਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਦੇ ਹੋਰ ਅਧਿਕਾਰੀ ਤੇ ਸਟਾਫ਼ ਵੀ ਸਵਾਰ ਸੀ। ਹਾਦਸੇ ਦਾ ਇਕੋ ਇਕ ਜ਼ਖ਼ਮੀ ਗਰੁੱਪ ਕੈਪਟਨ ਵਰੁਣ ਸਿੰਘ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।
ਭਾਰਤੀ ਹਵਾਈ ਫੌਜ ਨੇ ਹਾਦਸੇ ਦੀ ਜਾਂਚ ਲਈ ‘ਕੋਰਟ ਆਫ ਇਨਕੁਆਇਰੀ’ ਦੇ ਹੁਕਮ ਦਿੱਤੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਤਿੰਨਾਂ ਸੈਨਾਵਾਂ ਦੇ ਮੁਖੀਆਂ ਸਣੇ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਹਾਦਸੇ ‘ਤੇ ਦੁੱਖ਼ ਦਾ ਇਜ਼ਹਾਰ ਕਰਦਿਆਂ ਆਪਣੇ ਸ਼ੋਕ ਸੁਨੇਹਿਆਂ ਵਿੱਚ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ। ਜਾਣਕਾਰੀ ਮਿਲੀ ਹੈ ਕਿ ਕੋਇੰਬਟੂਰ ਨਜ਼ਦੀਕ ਭਾਰਤੀ ਹਵਾਈ ਸੈਨਾ ਦੇ ਸੁਲੂਰ ਬੇਸ ਤੋਂ ਕੂਨਰ/ਵੈਲਿੰਗਟਨ ਲਈ ਉਡਾਣ ਭਰਨ ਵਾਲਾ ਹੈਲੀਕਾਪਟਰ ਕਾਫੀ ਹੇਠਾਂ ਉੱਡ ਰਿਹਾ ਸੀ ਤੇ ਇਸ ਮੌਕੇ ਨੀਲਗਿਰੀ ਦੀਆਂ ਵਾਦੀਆਂ ਵਿੱਚ ਧੁੰਦ ਛਾਈ ਹੋਈ ਸੀ। ਚਸ਼ਮਦੀਦਾਂ ਨੇ ਕਿਹਾ ਕਿ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਮਗਰੋਂ ਰੁੱਖਾਂ ਵਿਚ ਦੀ ਹੁੰਦਾ ਹੋਇਆ ਜ਼ਮੀਨ ‘ਤੇ ਆ ਡਿੱਗਾ। ਡਿੱਗਦੇ ਸਾਰ ਹੈਲੀਕਾਪਟਰ ਨੂੰ ਅੱਗ ਲੱਗ ਗਈ ਸੀ।
ਸੀਡੀਐੱਸ ਰਾਵਤ ਤੇ ਹੋਰਨਾਂ ਨੂੰ ਲੈ ਕੇ ਹੈਲੀਕਾਪਟਰ ਬੁੱਧਵਾਰ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਕੁੰਨੂਰ ਲਈ ਰਵਾਨਾ ਹੋਇਆ ਸੀ ਤੇ ਇਸ ਨੇ ਇਕ ਘੰਟੇ ਮਗਰੋਂ ਵੈਲਿੰਗਟਨ ਦੇ ਡਿਫੈਂਸ ਸਟਾਫ਼ ਕਾਲਜ ਵਿੱਚ ਉਤਰਨਾ ਸੀ। ਰਸਤੇ ਵਿੱਚ ਇਹ ਜੰਗਲੀ ਇਲਾਕੇ ਉਪਰੋਂ ਲੰਘਦਿਆਂ ਪਹਾੜੀ ਨੀਲਗਿਰੀ ਜ਼ਿਲ੍ਹੇ ਦੇ ਕਾਟੇਰੀ-ਨਨਚੰਪਨਛਤਰਮ ਇਲਾਕੇ ‘ਚ ਹਾਦਸਾਗ੍ਰਸਤ ਹੋ ਗਿਆ। ਜ਼ਮੀਨ ‘ਤੇ ਡਿੱਗਦੇ ਹੀ ਹੈਲੀਕਾਪਟਰ ‘ਚ ਜ਼ੋਰਦਾਰ ਧਮਾਕਾ ਹੋਇਆ ਤੇ ਇਸ ਦੇ ਕਈ ਟੁਕੜੇ ਹੋ ਗਏ। ਸਥਾਨਕ ਲੋਕਾਂ ਨੇ ਮੌਕੇ ‘ਤੇ ਪੁੱਜ ਕੇ ਜ਼ਖ਼ਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀਆਂ ਉੱਚੀਆਂ ਲਪਟਾਂ ਕਰਕੇ ਉਹ ਕਿਸੇ ਤਰ੍ਹਾਂ ਦੀ ਸਹਾਇਤਾ ਕਰਨ ਵਿਚ ਨਾਕਾਮ ਰਹੇ। ਸੂਤਰਾਂ ਨੇ ਕਿਹਾ ਕਿ ਹੈਲੀਕਾਪਟਰ ਡਿਫੈਂਸ ਸਰਵਸਿਜ਼ ਸਟਾਫ਼ ਕਾਲਜ ਜਾ ਰਿਹਾ ਸੀ, ਜਿਥੇ ਸੀਡੀਐੱਸ ਬਿਪਿਨ ਰਾਵਤ ਤੇ ਥਲ ਸੈਨਾ ਮੁਖੀ ਐੱਮ.ਐੱਮ.ਨਰਵਾਣੇ ਨੇ ਸਟਾਫ਼ ਕੋਰਸ ਨਾਲ ਸਬੰਧਤ ਫੈਕਲਟੀ ਤੇ ਵਿਦਿਆਰਥੀ ਅਫ਼ਸਰਾਂ ਨੂੰ ਸੰਬੋਧਨ ਕਰਨਾ ਸੀ। ਹੈਲੀਕਾਪਟਰ ਵਿੱਚ ਕੁੱਲ 14 ਜਣੇ ਸਵਾਰ ਸਨ, ਜਿਨ੍ਹਾਂ ਵਿੱਚ ਸੀਡੀਐੱਸ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਤੋਂ ਇਲਾਵਾ ਬ੍ਰਿਗੇਡੀਅਰ ਐੱਲ.ਐੱਸ.ਲਿੱਦੜ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਨਾਇਕ ਜਿਤੇਂਦਰ ਕੁਮਾਰ, ਨਾਇਕ ਵਿਵੇਕ ਕੁਮਾਰ, ਨਾਇਕ ਬੀ.ਸਾਈ.ਤੇਜਾ ਤੇ ਹਵਲਦਾਰ ਸਤਪਾਲ, ਦੋ ਪਾਇਲਟ, ਇਕ ਗਰੁੱਪ ਕੈਪਟਨ ਤੇ ਗੰਨਰ ਸ਼ਾਮਲ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਡੀਐੱਸ ਜਨਰਲ ਬਿਪਿਨ ਰਾਵਤ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਉਹ ਸਿਰਮੌਰ ਸਿਪਾਹੀ ਤੇ ਸੱਚੇ ਦੇਸ਼ ਭਗਤ ਸਨ, ਜਿਨ੍ਹਾਂ ਭਾਰਤ ਦੇ ਹਥਿਆਰਬੰਦ ਬਲਾਂ ਤੇ ਸੁਰੱਖਿਆ ਚੌਖਟੇ/ਸੰਦ ਨੂੰ ਅਜੋਕੇ ਯੁੱਗ ਦੇ ਹਾਣ ਦਾ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਮੋਦੀ ਨੇ ਕਿਹਾ ਕਿ ਜਨਰਲ ਰਾਵਤ ਦੇ ਅਕਾਲ ਚਲਾਣੇ ਦਾ ਉਨ੍ਹਾਂ ਨੂੰ ਵੱਡਾ ਦੁਖ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸ਼ੋਕ ਸੁਨੇਹੇ ਵਿੱਚ ਕਿਹਾ ਕਿ ਉਹ ਹੈਲੀਕਾਪਟਰ ਹਾਦਸੇ, ਜਿਸ ਵਿੱਚ ਰਾਵਤ, ਉਨ੍ਹਾਂ ਦੀ ਪਤਨੀ ਤੇ ਹਥਿਆਰਬੰਦ ਬਲਾਂ ਦੇ ਹੋਰ ਅਮਲੇ ਦੀ ਜਾਨ ਜਾਂਦੀ ਰਹੀ ਹੈ, ਕਰਕੇ ਡੂੰਘੀ ਪੀੜ ਵਿੱਚ ਹਨ। ਮੋਦੀ ਨੇ ਕਿਹਾ ਕਿ ਉਨ੍ਹਾਂ ਪੂਰੀ ਮੁਸ਼ੱਕਤ ਨਾਲ ਦੇਸ਼ ਦੀ ਸੇਵਾ ਕੀਤੀ ਤੇ ਉਹ ਪੀੜਤ ਪਰਿਵਾਰਾਂ ਦੇ ਦੁਖ ਵਿੱਚ ਸ਼ਾਮਲ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਦੀ ਮੌਤ ‘ਤੇ ਡੂੰਘਾ ਦੁਖ਼ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਬੇਵਕਤੀ ਮੌਤ ਹਥਿਆਰਬੰਦ ਬਲਾਂ ਤੇ ਦੇਸ਼ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਉਹ ਹਾਦਸੇ ਵਿੱਚ ਆਪਣੇ ਜੀਅ ਗੁਆਉਣ ਵਾਲੇ ਪੀੜਤ ਪਰਿਵਾਰਾਂ ਦੇ ਇਸ ਦੁਖ ਵਿੱਚ ਸ਼ਾਮਲ ਹਨ।
ਤਰਨਤਾਰਨ ਦਾ ਜਵਾਨ ਗੁਰਸੇਵਕ ਸਿੰਘ ਵੀ ਸ਼ਹੀਦ
ਤਰਨਤਾਰਨ : ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀਡੀਐਸ) ਬਿਪਿਨ ਰਾਵਤ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਦੌਰਾਨ ਰਾਵਤ ਦੇ ਨਾਲ ਹੀ ਤਰਨਤਾਰਨ ਦਾ ਇਕ ਫੌਜੀ ਜਵਾਨ ਗੁਰਸੇਵਕ ਸਿੰਘ ਵੀ ਸ਼ਹੀਦ ਹੋ ਗਿਆ। ਇਸ ਹਾਦਸੇ ਵਿਚ ਜਾਨ ਗੁਆਉਣ ਵਾਲਾ ਨਾਇਕ ਗੁਰਸੇਵਕ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਸੋਢੀਆਂ ਦਾ ਰਹਿਣ ਵਾਲਾ ਸੀ ਅਤੇ ਉਹ ਬਿਪਿਨ ਰਾਵਤ ਦੇ ਸੁਰੱਖਿਆ ਦਸਤੇ ਦਾ ਮੈਂਬਰ ਸੀ। ਗੁਰਸੇਵਕ ਸਿੰਘ ਲੰਘੀ 14 ਨਵੰਬਰ ਨੂੰ ਹੀ ਛੁੱਟੀ ਕੱਟ ਕੇ ਵਾਪਸ ਡਿਊਟੀ ‘ਤੇ ਗਿਆ ਸੀ। ਗੁਰਸੇਵਕ ਸਿੰਘ ਆਪਣੇ ਪਿੱਛੇ ਪਤਨੀ, ਦੋ ਬੇਟੀਆਂ, ਇਕ ਬੇਟਾ ਅਤੇ ਬਜ਼ੁਰਗ ਪਿਤਾ ਨੂੰ ਛੱਡ ਗਿਆ ਹੈ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਤਾਮਿਲਨਾਡੂ ਵਿਚ ਹਾਦਸੇ ਦਾ ਸ਼ਿਕਾਰ ਹੋਏ ਹੈਲੀਕਾਪਟਰ ਵਿਚ ਸੀਡੀਐਸ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੂਲਿਕਾ ਸਣੇ 14 ਫੌਜੀ ਅਧਿਕਾਰੀ ਸਵਾਰ ਸਨ। ਇਨ੍ਹਾਂ ਵਿਚੋਂ 13 ਦੀ ਮੌਤ ਹੋ ਗਈ ਅਤੇ ਇਕ ਦੀ ਹਾਲਤ ਗੰਭੀਰ ਹੈ।

 

RELATED ARTICLES
POPULAR POSTS