ਡੀ ਕੇ ਸ਼ਿਵਕੁਮਾਰ ਬਣਨਗੇ ਉਪ ਮੁੱਖ ਮੰਤਰੀ, ਸਹੁੰ ਚੁੱਕ ਸਮਾਗਮ 20 ਨੂੰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰਨਾਟਕ ’ਚ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਨ ਲਈ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਅੱਜ ਪਾਰਟੀ ਨੇ ਐਲਾਨ ਕੀਤਾ ਕਿ ਸਿੱਧਰਮਈਆ ਕਰਨਾਟਕ ਦੇ ਅਗਲੇ ਮੁੱਖ ਮੰਤਰੀ ਹੋਣਗੇ। ਜਦਕਿ ਡੀ ਕੇ ਸ਼ਿਵਕੁਮਾਰ ਉਪ ਮੁੱਖ ਮੰਤਰੀ ਦਾ ਅਹੁਦਾ ਸੰਭਾਲਣਗੇ। ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਸਾਲ ਲੋਕ ਸਭਾ ਚੋਣਾਂ ਤੱਕ ਡੀ ਕੇ ਸ਼ਿਵਕੁਮਾਰ ਕਰਨਾਟਕ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ। ਇਸ ਤੋਂ ਪਹਿਲਾਂ ਲੰਘੀ ਦੇਰ ਕਾਂਗਰਸੀ ਆਗੂ ਸੋਨੀਆ ਗਾਂਧੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਡੀ ਕੇ ਸ਼ਿਵਕੁਮਾਰ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਡੀ ਕੇ ਉਪ ਮੁੱਖ ਮੰਤਰੀ ਬਣਨ ਦੇ ਲਈ ਤਿਆਰ ਹੋ ਗਏ। ਸ਼ਿਵਕੁਮਾਰ ਨੇ ਅੱਜ ਕਿਹਾ ਕਿ ਮੈਂ ਪਾਰਟੀ ਦੇ ਫਾਰਮੂਲੇ ’ਤੇ ਰਾਜੀ ਹਾਂ ਅਤੇ ਲੋਕ ਸਭਾ ਚੋਣਾਂ ਤੱਕ ਮੈਂ ਹਰ ਜ਼ਿੰਮੇਵਾਰੀ ਲਈ ਤਿਆਰ ਹਾਂ। ਪਾਰਟੀ ਦੇ ਹਿਤ ਨੂੰ ਧਿਆਨ ਨੂੰ ਰੱਖਦੇ ਹੋਏ ਮੈਂ ਉਪ ਮੁੱਖ ਮੰਤਰੀ ਬਣਨ ਲਈ ਆਪਣੀ ਸਹਿਮਤੀ ਪ੍ਰਗਟਾਈ ਹੈ। ਕੇਸੀ ਵੇਣੂਗੋਪਾਲ ਨੇ ਕਿਹਾ ਕਿ ਪਿਛਲੇ 3-4 ਦਿਨ ਤੋਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਸਭ ਦਰਮਿਆਨ ਸਹਿਮਤੀ ਬਣ ਜਾਵੇ ਅਤੇ ਡੀ ਕੇ ਸ਼ਿਵਕੁਮਾਰ ਦੇ ਫੈਸਲੇ ਨੇ ਸੂਬੇ ਦੇ ਸਾਰੇ ਵਰਕਰਾਂ ਵਿਚ ਨਵੀਂ ਊਰਜਾ ਭਰ ਦਿੱਤੀ ਹੈ। ਹੁਣ ਸਹੁੰ ਚੁੱਕ ਸਮਾਗਮ 20 ਮਈ ਨੂੰ ਬਾਅਦ ਦੁਪਹਿਰ 12:30 ਵਜੇ ਹੋਵੇਗਾ, ਜਿਸ ਵਿਚ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਤੋਂ ਇਲਾਵਾ ਕੁੱਝ ਮੰਤਰੀ ਵੀ ਸਹੁੰ ਚੁੱਕ ਸਕਦੇ ਹਨ।