ਕਈ ਵਿਦਿਆਰਥੀ ਜ਼ਖ਼ਮੀ – ਜੇਐੱਨਯੂਐੱਸਯੂ ਅਤੇ ਏਬੀਵੀਪੀ ਨੇ ਇਕ-ਦੂਜੇ ਨੂੰ ਠਹਿਰਾਇਆ ਦੋਸ਼ੀ
ਨਵੀਂ ਦਿੱਲੀ : ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦਿੱਲੀ ‘ਚ ਐਤਵਾਰ ਰਾਤ ਨੂੰ ਲਾਠੀਆਂ ਨਾਲ ਲੈਸ ਕੁਝ ਨਕਾਬਪੋਸ਼ ਗੁੰਡਿਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਕੈਂਪਸ ‘ਚ ਸੰਪਤੀ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਿਸ ਕਾਰਨ ਪ੍ਰਸ਼ਾਸਨ ਨੂੰ ਪੁਲਿਸ ਸੱਦਣੀ ਪਈ। ਹਮਲੇ ‘ਚ ਜ਼ਖ਼ਮੀ ਹੋਏ 18 ਵਿਅਕਤੀਆਂ ਨੂੰ ਏਮਜ਼ ‘ਚ ਦਾਖ਼ਲ ਕਰਵਾਇਆ ਗਿਆ। ਜੇਐੱਨਯੂ ਸਟੂਡੈਂਟਸ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਸਿਰ ‘ਚ ਸੱਟ ਲੱਗਣ ਕਾਰਨ ਬੁਰੀ ਤਰ੍ਹਾਂ ਫੱਟੜ ਹੋਈ ਹੈ। ਪੁਲਿਸ ਨੇ ਕੈਂਪਸ ‘ਚ ਦਾਖ਼ਲ ਹੋ ਕੇ ਫਲੈਗ ਮਾਰਚ ਕੱਢਿਆ ਜਿਸ ਮਗਰੋਂ ਹਾਲਾਤ ਸ਼ਾਂਤ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ਦੌਰਾਨ ਮਨੁੱਖੀ ਵਸੀਲਾ ਵਿਕਾਸ ਮੰਤਰਾਲੇ ਨੇ ਰਜਿਸਟਰਾਰ ਤੋਂ ਘਟਨਾ ਦੀ ਰਿਪੋਰਟ ਮੰਗ ਲਈ ਹੈ। ਉਨ੍ਹਾਂ ਪੁਲਿਸ ਨੂੰ ਕੈਂਪਸ ‘ਚ ਸ਼ਾਂਤੀ ਕਾਇਮ ਕਰਨ ਲਈ ਕਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਪੁਲਿਸ ਕਮਿਸ਼ਨਰ ਨਾਲ ਇਸ ਸਬੰਧੀ ਗੱਲ ਕਰਕੇ ਪੂਰੀ ਰਿਪੋਰਟ ਮੰਗੀ ਹੈ।
ਇਸੇ ਦੌਰਾਨ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਏਮਜ਼ ਪਹੁੰਚ ਕੇ ਵਿਦਿਆਰਥੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਇਹ ਬੜੀ ਨਿਰਾਸ਼ਾ ਵਾਲੀ ਗੱਲ ਹੈ ਕਿ ਸਰਕਾਰ ਆਪਣੇ ਹੀ ਬੱਚਿਆਂ ‘ਤੇ ਹਿੰਸਾ ਦੀ ਇਜਾਜ਼ਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਏਮਜ਼ ‘ਚ ਦਾਖ਼ਲ ਕਈ ਵਿਦਿਆਰਥੀਆਂ ਦੀਆਂ ਹੱਡੀਆਂ ਟੁੱਟ ਗਈਆਂ ਹਨ ਅਤੇ ਕਈ ਦੇ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਹਾ ਹੈ ਕਿ ਕੈਂਪਸ ‘ਚ ਹਿੰਸਾ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਪੁਲਿਸ ਕੇਸ ਦਰਜ ਕੀਤਾ ਜਾ ਰਿਹਾ ਹੈ। ਕੈਂਪਸ ‘ਚ ਹੋਈ ਹਿੰਸਾ ਵਿਰੁੱਧ ਵਿਦਿਆਰਥੀਆਂ ਨੇ ਦੇਰ ਰਾਤ ਦਿੱਲੀ ਪੁਲਿਸ ਦੇ ਹੈੱਡਕੁਆਰਟਰ ਮੂਹਰੇ ਧਰਨਾ ਦਿੱਤਾ ਹੋਇਆ ਹੈ। ਜੇਐੱਨਯੂ ਕੈਂਪਸ ‘ਚ ਨਕਾਬਪੋਸ਼ ਗੁੰਡਿਆਂ ਵੱਲੋਂ ਕੀਤੀ ਹਿੰਸਾ ਮਗਰੋਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐੱਮਯੂ) ਵਿੱਚ ਵੀ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਜੇਐੱਨਯੂ ਪ੍ਰਸ਼ਾਸਨ ਨੇ ਕਿਹਾ ਕਿ ‘ਲਾਠੀਆਂ ਅਤੇ ਹੋਰ ਹਥਿਆਰਾਂ ਨਾਲ ਲੈਸ ਨਕਾਬਪੋਸ਼ ਸ਼ਰਾਰਤੀ ਅਨਸਰਾਂ ਨੇ ਕੈਂਪਸ ‘ਚ ਵਿਅਕਤੀਆਂ ‘ਤੇ ਹਮਲਾ ਕੀਤਾ ਅਤੇ ਸੰਪਤੀ ਨੂੰ ਨੁਕਸਾਨ ਪਹੁੰਚਾਇਆ।’ ਕਰੀਬ ਦੋ ਘੰਟਿਆਂ ਤੱਕ ਜਾਰੀ ਹਿੰਸਾ ਲਈ ਜੇਐੱਨਯੂਐੱਸਯੂ ਅਤੇ ਏਬੀਵੀਪੀ ਨੇ ਇਕ-ਦੂਜੇ ਨੂੰ ਦੋਸ਼ੀ ਠਹਿਰਾਇਆ। ਯੂਨੀਵਰਸਿਟੀ ਵਿਚ ਹੋਈ ਹਿੰਸਕ ਕਾਰਵਾਈ ਦੀ ਚਾਰੇ ਪਾਸਿਆਂ ਤੋਂ ਨਿਖੇਧੀ ਹੋ ਰਹੀ ਹੈ।
ਜੇ ਐੱਨ ਯੂ ਹਿੰਸਾ ਵਹਿਸ਼ੀ ਕਾਰਵਾਈ : ਕੈਪਟਨ ਅਮਰਿੰਦਰ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ‘ਚ ਹੋਈ ਹਿੰਸਾ ਨੂੰ ‘ਵਹਿਸ਼ੀ ਤੇ ਜ਼ਾਲਮ’ ਕਾਰਵਾਈ ਕਰਾਰ ਦਿੰਦਿਆਂ ਦਿੱਲੀ ਪੁਲਿਸ ਨੂੰ ਇਸ ਹਮਲੇ ‘ਚ ਸ਼ਾਮਲ ਲੋਕਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਉਨ੍ਹਾਂ ਇਕ ਟਵੀਟ ‘ਚ ਕਿਹਾ, ‘ਜੇਐੱਨਯੂ ‘ਚ ਹਾਲਾਤ ਹੱਥੋਂ ਨਿਕਲ ਗਏ ਹਨ। ਦਿੱਲੀ ਪੁਲਿਸ ਕੁਝ ਮੁੱਠੀਭਰ ਗੁੰਡਿਆਂ ਵੱਲੋਂ ਇਸ ਮਾਣਮੱਤੀ ਯੂਨੀਵਰਸਿਟੀ ‘ਚ ਕੀਤੀ ਬੁਰਛਾਗਰਦੀ ਖਿਲਾਫ ਚੁੱਪੀ ਨਹੀਂ ਸਾਧ ਸਕਦੀ। ਇਹ ਵਹਿਸ਼ੀ ਤੇ ਜ਼ਾਲਮਾਨਾ ਕਾਰਵਾਈ ਹੈ, ਜਿਸ ਨਾਲ ਕਰੜੇ ਹੱਥੀਂ ਸਿੱਝਣ ਦੀ ਲੋੜ ਹੈ।’
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …