ਛੇ ਮਹੀਨਿਆਂ ‘ਚ ਹੀ ਭਰੋਸੇ ਦਾ ਵੋਟ ਲਿਆਉਣਾ ਪੰਜਾਬੀਆਂ ਨਾਲ ਧੋਖਾ ਕਰਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ‘ਆਪ’ ਸਰਕਾਰ ਨੂੰ ਪ੍ਰਸ਼ਾਸਕੀ ਕੰਮਾਂ ਦੀ ਸਮਝ ਤੋਂ ਕੋਰੇ ਕਰਾਰ ਦਿੰਦਿਆਂ ਕਿਹਾ ਕਿ 92 ਵਿਧਾਇਕਾਂ ਵਾਲੀ ਸਰਕਾਰ ਵੱਲੋਂ 6 ਮਹੀਨਿਆਂ ‘ਚ ਹੀ ਭਰੋਸੇ ਦਾ ਵੋਟ ਲਿਆਉਣਾ ਮਜ਼ਾਕ ਤੇ ਪੰਜਾਬੀਆਂ ਨਾਲ ਧੋਖਾ ਹੈ। ਭਾਜਪਾ ਦੇ ਚੰਡੀਗੜ੍ਹ ਸਥਿਤ ਸੂਬਾਈ ਦਫਤਰ ਵਿੱਚ ਮੀਟਿੰਗ ਲਈ ਪਹੁੰਚੇ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਦੁਨੀਆ ਪੱਧਰ ‘ਤੇ ਨਾਮ ਕਮਾਇਆ ਹੈ ਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਪੰਜਾਬੀਆਂ ਦਾ ਨਾਮ ਮਿੱਟੀ ‘ਚ ਰੋਲਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਹਰਕਤਾਂ ਇਸ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹਨ ਉਸ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਲੋਕ ਪਤਾ ਨਹੀਂ ਕਿੰਨਾ ਕੁ ਚਿਰ ਬਰਦਾਸ਼ਤ ਕਰਨਗੇ। ਪੰਜਾਬ ‘ਚ ਕਾਂਗਰਸ ਦੀ ਸਰਕਾਰ ਸਮੇਂ ਰੇਤ ਅਤੇ ਹੋਰਨਾਂ ਮਾਫੀਆ ਵਿੱਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸਬੰਧੀ ਕੋਈ ਖੁਲਾਸਾ ਕਰਨ ਤੋਂ ਇਨਕਾਰ ਕਰਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਜੇ ਵਿਜੀਲੈਂਸ ਕਿਸੇ ਜਾਂਚ ਦੌਰਾਨ ਪੁੱਛੇਗੀ ਤਾਂ ਸੋਚਾਂਗੇ। ਇਸ ਮੌਕੇ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ।
ਕੈਪਟਨ ਨੇ ਰਾਜਸਥਾਨ ਦੇ ਕਾਂਗਰਸ ਸੰਕਟ ‘ਤੇ ਤਾਂ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਪਰ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦੇ ਮਾਮਲੇ ‘ਤੇ ਸੋਨੀਆ ਗਾਂਧੀ ਦੀ ਕਾਰਜਸ਼ੈਲੀ ਪ੍ਰਤੀ ਤਿੱਖੀਆਂ ਟਿੱਪਣੀਆਂ ਕੀਤੀਆਂ। ਇਸ ਮੌਕੇ ਸੂਬਾ ਪ੍ਰਧਾਨ ਅਸ਼ਵਨੀ ਸਰਮਾ, ਸੁਨੀਲ ਜਾਖੜ, ਮਨੋਰੰਜਨ ਕਾਲੀਆ, ਡਾ. ਰਾਜ ਕੁਮਾਰ ਵੇਰਕਾ ਤੇ ਹਰਜੀਤ ਸਿੰਘ ਗਰੇਵਾਲ ਵੀ ਮੌਜੂਦ ਸਨ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …