Breaking News
Home / ਪੰਜਾਬ / ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਲਾਂਘੇ ਦਾ ਰੱਖਿਆ ਨੀਂਹ ਪੱਥਰ

ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਲਾਂਘੇ ਦਾ ਰੱਖਿਆ ਨੀਂਹ ਪੱਥਰ

ਪਾਕਿ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਲਈ ਆਪਣੀ ਫੌਜ ਦੀ ਹਮਾਇਤ ਹੋਣ ਦਾ ਕੀਤਾ ਦਾਅਵਾ
ਭਾਰਤ ਨਾਲ ‘ਪਾਕ ਸਾਫ਼’ ਰਿਸ਼ਤਿਆਂ ਦੀ ਖਾਹਿਸ਼ : ਇਮਰਾਨ ਖ਼ਾਨ
ਕਰਤਾਰਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ, ਭਾਰਤ ਨਾਲ ‘ਮਜ਼ਬੂਤ’ ਅਤੇ ‘ਚੰਗੇ ਗੁਆਂਢੀਆਂ’ ਵਰਗੇ ਰਿਸ਼ਤੇ ਚਾਹੁੰਦਾ ਹੈ ਅਤੇ ਦੋਵੇਂ ਮੁਲਕ ਕਸ਼ਮੀਰ ਸਮੇਤ ਸਾਰੇ ਮਸਲਿਆਂ ਦਾ ਹੱਲ ਪੱਕੇ ਇਰਾਦੇ ਨਾਲ ਹੱਲ ਕਰ ਸਕਦੇ ਹਨ। ਉਨ੍ਹਾਂ ਇਹ ਗੱਲ ਪਾਕਿਸਤਾਨ ਦੇ ਕਰਤਾਰਪੁਰ ਵਿਚ ਦਰਬਾਰ ਸਾਹਿਬ ਗੁਰਦੁਆਰੇ ਵਾਲੇ ਲਾਂਘੇ ਦਾ ਨੀਂਹ ਪੱਥਰ ਰੱਖਣ ਸਮੇਂ ਆਖੀ। ਭਾਰਤ ਵੱਲੋਂ ਡੇਰਾ ਬਾਬਾ ਨਾਨਕ ਵਿਚ ਲੰਘੇ ਸੋਮਵਾਰ ਨੂੰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਲੈਣਾ ਪਏਗਾ ਅਤੇ ਉਥੋਂ ਦੀ ਯਾਤਰਾ ਲਈ ਪਰਮਿਟ ਨਾਲ ਹੀ ਕੰਮ ਚੱਲ ਜਾਵੇਗਾ। ਸਮਾਗਮ ਵਿਚ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ, ਭਾਰਤ ਸਰਕਾਰ ਦੇ ਮੰਤਰੀ ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ ਅਤੇ ਵਿਦੇਸ਼ੀ ਕੂਟਨੀਤਕ ਵੀ ਹਾਜ਼ਰ ਸਨ। ਇਮਰਾਨ ਖ਼ਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ”ਕਈ ਜੰਗਾਂ ਲੜਨ ਵਾਲੇ ਫਰਾਂਸ ਅਤੇ ਜਰਮਨੀ ਜੇਕਰ ਸ਼ਾਂਤੀ ਨਾਲ ਰਹਿ ਸਕਦੇ ਹਨ ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਕਿਉਂ ਨਹੀਂ ਹੋ ਸਕਦੀ?” ਉਨ੍ਹਾਂ ਕਿਹਾ ਕਿ ਖੁਦਾ ਵੱਲੋਂ ਦਿੱਤੇ ਮੌਕਿਆਂ ਨੂੰ ਪਾਕਿਸਤਾਨ ਅਤੇ ਭਾਰਤ ਨਹੀਂ ਸਮਝ ਸਕੇ। ‘ਜਦੋਂ ਵੀ ਮੈਂ ਭਾਰਤ ਗਿਆ ਤਾਂ ਮੈਨੂੰ ਦੱਸਿਆ ਗਿਆ ਕਿ ਸਿਆਸਤਦਾਨ ਇਕਜੁੱਟ ਹਨ ਪਰ ਫ਼ੌਜ ਦੋਵੇਂ ਮੁਲਕਾਂ ਵਿਚ ਦੋਸਤੀ ਨਹੀਂ ਹੋਣ ਦੇਵੇਗੀ।’ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਪਾਕਿਸਤਾਨ ਦੇ ਸਿਆਸੀ ਆਗੂ, ਫ਼ੌਜ ਅਤੇ ਹੋਰ ਅਦਾਰਿਆਂ ਦੇ ਵਿਚਾਰ ਇਕੋ ਜਿਹੇ ਹਨ ਅਤੇ ਉਹ ਸਾਰੇ ਭਾਰਤ ਨਾਲ ਚੰਗੇ ਗੁਆਂਢੀਆਂ ਵਰਗੇ ਰਿਸ਼ਤੇ ਚਾਹੁੰਦੇ ਹਨ। ਬੱਸ ਇਕੋ ਕਸ਼ਮੀਰ ਦੀ ਸਮੱਸਿਆ ਹੈ। ਜੇਕਰ ਵਿਅਕਤੀ ਚੰਨ ‘ਤੇ ਜਾ ਸਕਦਾ ਹੈ ਤਾਂ ਇਹੋ ਜਿਹੀਆਂ ਕਿਹੜੀਆਂ ਮੁਸ਼ਕਲਾਂ ਹਨ, ਜਿਨ੍ਹਾਂ ਦਾ ਅਸੀਂ ਹੱਲ ਨਹੀਂ ਕੱਢ ਸਕਦੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸ਼ਕਲ ਦੇ ਹੱਲ ਲਈ ਪੱਕਾ ਇਰਾਦਾ ਅਤੇ ਵੱਡੇ ਸੁਫਨੇ ਲੋੜੀਂਦੇ ਹਨ। ਇਕ ਵਾਰ ਵਪਾਰ ਸ਼ੁਰੂ ਹੋ ਗਿਆ ਅਤੇ ਰਿਸ਼ਤੇ ਬਣ ਗਏ ਤਾਂ ਸੋਚੋ ਦੋਵੇਂ ਮੁਲਕਾਂ ਨੂੰ ਕਿੰਨਾ ਲਾਭ ਹੋਵੇਗਾ। ‘ਭਾਰਤ ਜੇਕਰ ਦੋਸਤੀ ਲਈ ਇਕ ਕਦਮ ਪੁੱਟੇਗਾ ਤਾਂ ਪਾਕਿਸਤਾਨ ਦੋ ਕਦਮ ਵਧਾਏਗਾ।’ ਉਨ੍ਹਾਂ ਮੰਨਿਆ ਕਿ ਦੋਵੇਂ ਪਾਸਿਆਂ ਤੋਂ ਗਲਤੀਆਂ ਹੋਈਆਂ ਹਨ ਅਤੇ ਦੋਵੇਂ ਮੁਲਕਾਂ ਨੂੰ ਬੀਤੇ ਵਿਚ ਨਹੀਂ ਰਹਿਣਾ ਚਾਹੀਦਾ। ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੋਚੋ ਜੇਕਰ ਮਦੀਨਾ ਚਾਰ ਕਿਲੋਮੀਟਰ ਦੀ ਦੂਰੀ ‘ਤੇ ਹੁੰਦਾ ਅਤੇ ਤੁਹਾਨੂੰ ਉਥੇ ਨਾ ਜਾਣ ਦਿੱਤਾ ਜਾਂਦਾ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ। ਇਹੋ ਜਿਹਾ ਸਿੱਖਾਂ ਨਾਲ 70 ਸਾਲਾਂ ਤੱਕ ਹੁੰਦਾ ਆਇਆ ਹੈ। ਸਿੱਖਾਂ ਨੂੰ ਉਨ੍ਹਾਂ ਭਰੋਸਾ ਦਿੱਤਾ ਕਿ ਕਰਤਾਰਪੁਰ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਸਾਲ ਸਹੂਲਤਾਂ ਹੁਣ ਨਾਲੋਂ ਕਿਤੇ ਵਧ ਬਿਹਤਰ ਹੋਣਗੀਆਂ।
ਦਰਸ਼ਨਾਂ ਲਈ ਵੀਜ਼ੇ ਦੀ ਲੋੜ ਨਹੀਂ
ਇਸਲਾਮਾਬਾਦ : ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਨੀਂਹ ਪੱਥਰ ਰੱਖਣ ਦੇ ਸਮਾਗਮ ਤੋਂ ਇਕ ਦਿਨ ਪਹਿਲਾਂ ਵੱਡਾ ਐਲਾਨ ਕੀਤਾ। ਪਾਕਿਸਤਾਨ ਨੇ ਦਰਿਆ ਦਿਲੀ ਦਿਖਾਉਂਦੇ ਹੋਏ ਸਾਫ ਕਿਹਾ ਕਿ ਭਾਰਤ ਵਾਲੇ ਪਾਸਿਓਂ ਨਵੇਂ ਬਣ ਰਹੇ ਕੋਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ ਹੋਵੇਗੀ। ਪਰ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਤੋਂ ਉਪਰੰਤ ਉਸੇ ਦਿਨ ਆਪਣੇ ਵਤਨ ਵਾਪਸ ਪਰਤਣਾ ਹੋਵੇਗਾ। ਧਿਆਨ ਰਹੇ ਕਿ ਲਾਂਘਾ ਖੁੱਲ੍ਹਣ ਦੇ ਐਲਾਨ ਤੋਂ ਬਾਅਦ ਆਮਦ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਸਨ, ਜਿਨ੍ਹਾਂ ਵਿਚੋਂ ਵੱਡੇ ਸ਼ੰਕੇ ਦਾ ਪਾਕਿਸਤਾਨ ਨੇ ਨਿਬੇੜਾ ਕਰ ਦਿੱਤਾ ਹੈ ਕਿ ਸ਼ਰਧਾਲੂਆਂ ਲਈ ਵੀਜ਼ੇ ਦੀ ਲੋੜ ਨਹੀਂ।
‘ਹਰਿ ਕੀ ਪੌੜੀ’ ਤੋਂ ਜਲ ਲੈ ਕੇ ਪਹੁੰਚੇ ਗੁਰਜੀਤ ਔਜਲਾ
ਅਟਾਰੀ : ਨੀਂਹ ਪੱਥਰ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਪਹੁੰਚੇ। ਔਜਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਹਰਿ ਕੀ ਪੌੜੀ’ ਤੋਂ ਕਰਤਾਰਪੁਰ ਸਾਹਿਬ ਲਈ ਜਲ ਲੈ ਕੇ ਗਏ। ਜਿਸ ਜਲ ਦਾ ਨੀਂਹ ਪੱਥਰ ਰੱਖਣ ਵਾਲੇ ਸਥਾਨ ‘ਤੇ ਛਿੜਕਿਆ ਗਿਆ। ਜ਼ਿਕਰਯੋਗ ਹੈ ਕਿ ਗੁਰਜੀਤ ਔਜਲਾ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦਾ ਜਲ ਚਾਂਦੀ ਦੇ ਗੜਵੇ ‘ਚ ਭਰ ਕੇ ਨੰਗੇ ਪੈਰੀਂ ਪੂਰੇ ਸਨਮਾਨ ਨਾਲ ਪਾਕਿਸਤਾਨ ਲੈ ਕੇ ਗਏ ਸਨ।
ਦੋਵਾਂ ਦੇਸ਼ਾਂ ਵਿਚਾਲੇ ਬੇਯਕੀਨੀ ਸ਼ਾਂਤੀ ਦੇ ਸੁਨੇਹੇ ਨਾਲ ਹੀ ਹਟਾਈ ਜਾ ਸਕਦੀ ਹੈ : ਹਰਸਿਮਰਤઠ
ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਅਰਦਾਸਾਂ ਦੇ ਬਾਅਦ ਲਾਂਘਾ ਖੁੱਲ੍ਹਣ ਦੀ ਮੁਰਾਦ ਪੂਰੀ ਹੋਈ ਹੈ। ਸੰਬੋਧਨ ਦੌਰਾਨ ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਾਕਿਸਤਾਨ ਵਿਚ ਕੋਈ ਰਿਸ਼ਤੇਦਾਰ ਨਹੀਂ ਹੈ ਅਤੇ ਉਸ ਨੂੰ ਗੁਰੂ ਨਾਨਕ ਦੇਵ ਜੀ ਦੇ ਸੱਦੇ ‘ਤੇ ਪਾਕਿਸਤਾਨ ਆਉਣਾ ਨਸੀਬ ਹੋਇਆ ਹੈ। ਹਰਸਿਮਰਤ ਨੇ ਕਿਹਾ ਕਿ ਜੇ ਬਰਲਿਨ ਦੀ ਕੰਧ ਢਾਹੀ ਜਾ ਸਕਦੀ ਹੈ ਤਾਂ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਬੇਯਕੀਨੀ ਨੂੰ ਵੀ ਗੁਰੂ ਨਾਨਕ ਦੇਵ ਜੀ ਵਲੋਂ ਫ਼ੈਲਾਏ ਗਏ ਸ਼ਾਂਤੀ ਤੇ ਪਿਆਰ ਦੇ ਸੰਦੇਸ਼ ਦੀ ਪੁਨਰ ਸਮਿਖ਼ਆ ਦੇ ਰਾਹੀਂ ਹੀ ਹਟਾਇਆ ਜਾ ਸਕਦਾ ਹੈ। ਕਰਤਾਰਪੁਰ ਸਾਹਿਬ ਲਾਂਘੇ ਨੂੰ ਭਾਰਤ-ਪਾਕਿਸਤਾਨ ਸਰਕਾਰਾਂ ਵਲੋਂ ਸਿੱਖ ਸੰਗਤ ਨੂੰ ਦਿੱਤਾ ਗੁਰਪੁਰਬ ਦਾ ਅਮੁੱਲ ਤੋਹਫ਼ਾ ਦੱਸਦਿਆਂ ਉਨ੍ਹਾਂ ਪਾਕਿ ਪ੍ਰਧਾਨ ਮੰਤਰੀ ਤੋਂ 550ਵੇਂ ਪ੍ਰਕਾਸ਼ ਪੁਰਬ ਮੌਕੇ ਪਹਿਲੀ ਪਾਤਸ਼ਾਹੀ ਦੇ ਨਾਂ ‘ਤੇ ਸਿੱਕਾ ਤੇ ਡਾਕ ਟਿਕਟ ਜਾਰੀ ਕਰਨ, ਕਰਤਾਰਪੁਰ ਸ਼ਹਿਰ ਨੂੰ ਵਧੇਰੇ ਖ਼ੂਬਸੂਰਤ ਬਣਾਉਣ ਤੇ ਯਾਤਰੂਆਂ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਵੀ ਮੰਗ ਕੀਤੀ।
ਸਿੱਧੂ ਪਾਕਿ ‘ਚ ਵੀ ਜਿੱਤ ਸਕਦੈ ਚੋਣ
ਕਰਤਾਰਪੁਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਜੇਕਰ ਲਹਿੰਦੇ ਪੰਜਾਬ ਵਿਚ ਵੀ ਚੋਣ ਲੜਨ ਤਾਂ ਉਹ ਆਸਾਨੀ ਨਾਲ ਜਿੱਤ ਜਾਣਗੇ।
ਇਮਰਾਨ ਨੇ ਇਹ ਗੱਲ ਭਾਵੇਂ ਮਜ਼ਾਹੀਆ ਲਹਿਜ਼ੇ ਵਿਚ ਆਖੀ ਪਰ ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਵਾਲੇ ਪੰਜਾਬ ‘ਚ ਸਿੱਧੂ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਉਨ੍ਹਾਂ ਹੈਰਾਨੀ ਜਤਾਈ ਕਿ ਦੋਵੇਂ ਮੁਲਕਾਂ ਵਿਚ ਭਾਈਚਾਰਕ ਸਾਂਝ ਅਤੇ ਸ਼ਾਂਤੀ ਦੇ ਯਤਨਾਂ ਵਿਚ ਲੱਗੇ ਸਾਬਕਾ ਕ੍ਰਿਕਟਰ ਦੇ ਪਿਛਲੇ ਦੌਰੇ ਨੂੰ ਲੈ ਕੇ ਭਾਰਤ ‘ਚ ਇੰਨਾ ਰੌਲਾ ਕਿਉਂ ਪਾਇਆ ਗਿਆ। ਇਮਰਾਨ ਨੇ ਕਿਹਾ, ”ਦੋ ਪਰਮਾਣੂ ਹਥਿਆਰਾਂ ਵਾਲੇ ਮੁਲਕਾਂ ਵਿਚਕਾਰ ਜੰਗ ਬਾਰੇ ਸੋਚਣਾ ਮੂਰਖਤਾ ਹੋਵੇਗਾ ਕਿਉਂਕਿ ਜੰਗ ਵਿਚ ਕੋਈ ਵੀ ਜਿੱਤਣ ਵਾਲਾ ਨਹੀਂ ਹੈ। ਇਸ ਲਈ ਜੇਕਰ ਜੰਗ ਨਹੀਂ ਹੋ ਸਕਦੀ ਤਾਂ ਫਿਰ ਦੋਸਤੀ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਦਾ ਹੈ।”
ਹਿੰਦੁਸਤਾਨ ਜੀਵੇ, ਪਾਕਿਸਤਾਨ ਜੀਵੇ, ਮੇਰਾ ਯਾਰ ਇਮਰਾਨ ਜੀਵੇ : ਸਿੱਧੂ
ਕਿਹਾ : ਖ਼ੂਨ-ਖਰਾਬਾ ਬੰਦ ਹੋਵੇ, ਅਮਨ ਦੇ ਰਾਹ ‘ਤੇ ਚੱਲੀਏ
ਨਵਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੁਰੂ ਨਾਨਕ ਦੇਵ ਜੀ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੇ ਸਾਂਝੇ ਹਨ, ਇਸ ਦੇ ਬਾਵਜੂਦ ਭਾਰਤੀ ਗੁਰੂ ਨਾਨਕ ਨਾਮ ਲੇਵਾ ਸੰਗਤ ਪੱਬਾਂ ਦੇ ਭਾਰ ਖੜ੍ਹੀ ਹੋ ਕੇ ਸਰਹੱਦ ਪਾਰ ਤੋਂ 71 ਵਰ੍ਹਿਆਂ ਤੱਕ ਦਰਸ਼ਨ ਕਰਦੀ ਰਹੀ। ਉਨ੍ਹਾਂ ਕਿਹਾ ਕਿ ਲੱਖਾਂ ਦੀ ਗਿਣਤੀ ਵਿਚ ਸੰਗਤ ਸਰਹੱਦ ਪਾਰ ਤੋਂ ਦਰਸ਼ਨ ਕਰਨ ਉਪਰੰਤ ਲਾਂਘਾ ਨਾ ਖੁੱਲ੍ਹਣ ‘ਤੇ ਅੱਥਰੂ ਅੱਖਾਂ ਵਿਚ ਭਰ ਕੇ ਪਰਤਦੀ ਰਹੀ ਹੈ। ਧਰਮ ਨੂੰ ਸਿਆਸਤ ਤੇ ਨਫ਼ਰਤ ਤੋਂ ਦੂਰ ਰੱਖਣ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਾ ਨਾਨਕ ਦੀ ਫ਼ਿਲਾਸਫ਼ੀ ਤੋੜਨ ਦੀ ਨਹੀਂ ਸਗੋਂ ਜੋੜਨ ਦੀ ਹੈ। ਇਸ ਲਈ ਦੋਵੇਂ ਪਾਸੇ ਖੂਨ ਖ਼ਰਾਬਾ ਬੰਦ ਕਰਕੇ ਅਮਨ ਦੇ ਰਾਹ ‘ਤੇ ਚਲਦਿਆਂ ਅਤੇ ਨਫ਼ਰਤ ਦੀ ਅੱਗ ‘ਤੇ ਪਾਣੀ ਪਾਉਣ ਬਾਰੇ ਸੋਚਣਾ ਚਾਹੀਦਾ ਹੈ। ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘਾ ਸ਼ੁਰੂ ਕਰਨ ਲਈ ਭਾਰਤ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਵੀ ਸ੍ਰੀ ਕਰਤਾਰਪੁਰ ਸਾਹਿਬ ਦਾ ਇਤਿਹਾਸ ਲਿਖਿਆ ਜਾਵੇਗਾ, ਉਸ ਦੇ ਪਹਿਲੇ ਅਧਿਆਇ ਦੀ ਪਹਿਲੀ ਪੰਕਤੀ ‘ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਨਾਂ ਲਿਖਿਆ ਜਾਵੇਗਾ। ਇਸ ਮੌਕੇ ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ‘ਹਿੰਦੋਸਤਾਨ ਜੀਵੇ, ਪਾਕਿਸਤਾਨ ਜੀਵੇ-ਮੇਰਾ ਯਾਰ ਇਮਰਾਨ ਜੀਵੇ’। ਉਨ੍ਹਾਂ ਕਿਹਾ ਕਿ ਤਾੜੀ ਹਮੇਸ਼ਾ ਦੋਵੇਂ ਹੱਥਾਂ ਨਾਲ ਵੱਜਦੀ ਹੈ ਅਤੇ ਇਹ ਲਾਂਘਾ ਭਾਰਤ-ਪਾਕਿਸਤਾਨ ਦੇ ਸਾਂਝੇ ਉਪਰਾਲੇ ਬਗੈਰ ਖੁੱਲ੍ਹਣਾ ਸੰਭਵ ਨਹੀਂ ਸੀ। ਸਿੱਧੂ ਨੇ ਕਿਹਾ ਕਿ ਵੱਡੇ ਦਿਲ ਵਾਲੇ ਮੇਰੇ ਯਾਰ ਨੇ ਆਪਣਾ ਵਾਅਦਾ ਨਿਭਾਉਂਦਿਆਂ ਹੋਇਆ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ 71 ਸਾਲਾਂ ਦੀ ਉਡੀਕ ਨੂੰ ਖ਼ਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਲਾਂਘਾ ਦੋਵਾਂ ਗੁਆਂਢੀ ਦੇਸ਼ਾਂ ਦੇ ਲੋਕਾਂ ਲਈ ਦਿਲਾਂ ਨੂੰ ਖੋਲ੍ਹਣ ਦਾ ਮੌਕਾ ਹੋਵੇਗਾ। ਉਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਪਿਆਰ ਤੇ ਸ਼ਾਂਤੀ ਰਹਿਣ ਦੀ ਉਮੀਦ ਜਤਾਉਂਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਭਾਈਚਾਰੇ ਦੇ ਮਾਰਗ ਦੀ ਤਲਾਸ਼ ਕਰਨੀ ਚਾਹੀਦੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਨਾਲ ਬਿਨਾਂ ਕਿਸੇ ਡਰ ਤੋਂ ਸਦਭਾਵਨਾ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਸਰਹੱਦਾਂ ਖੁੱਲ੍ਹ ਜਾਂਦੀਆਂ ਹਨ ਤਾਂ ਵਪਾਰਕ ਪੱਖੋਂ ਦੋਵਾਂ ਦੇਸ਼ਾਂ ਦੀ ਹਾਲਤ ਕਾਫ਼ੀ ਬਿਹਤਰ ਹੋ ਸਕਦੀ ਹੈ। ਸਿੱਧੂ ਨੇ ਕਿਹਾ ਕਿ ਮੇਰੇ ਪਿਤਾ ਮੈਨੂੰ ਦੱਸਦੇ ਹੁੰਦੇ ਸਨ ਕਿ ਪੰਜਾਬ ਮੇਲ ਲਾਹੌਰ ਤੱਕ ਜਾਂਦੀ ਸੀ ਪਰ ਮੇਰਾ ਮੰਨਣਾ ਹੈ ਕਿ ਇਹ ਹੋਰ ਅੱਗੇ ਪੇਸ਼ਾਵਰ, ਅਫ਼ਗਾਨਿਸਤਾਨ ਤੱਕ ਜਾ ਸਕਦੀ ਹੈ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …