ਕੈਪਟਨ ਅਮਰਿੰਦਰ ਨੇ ਕਿਹਾ – ਘਰਾਂ ‘ਚ ਇਕਾਂਤਵਾਸ ਕੀਤੇ ਕਰੋਨਾ ਮਰੀਜ਼ਾਂ ਦੇ ਘਰਾਂ ਦੇ ਬਾਹਰ ਹੁਣ ਨਹੀਂ ਲੱਗਣਗੇ ਪੋਸਟਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ 60 ਹਜ਼ਾਰ ਤੱਕ ਅੱਪੜ ਗਿਆ ਹੈ ਅਤੇ 42 ਹਜ਼ਾਰ ਤੋਂ ਜ਼ਿਆਦਾ ਕਰੋਨਾ ਪੀੜਤ ਸਿਹਤਯਾਬ ਵੀ ਹੋ ਚੁੱਕੇ ਹਨ। ਪੰਜਾਬ ਵਿਚ ਕਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 16 ਹਜ਼ਾਰ ਤੋਂ ਜ਼ਿਆਦਾ ਹੈ ਅਤੇ 1700 ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਵੀ ਜਾ ਚੁੱਕੀ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕਾਂਤਵਾਸ ਕੀਤੇ ਗਏ ਕਰੋਨਾ ਮਰੀਜ਼ਾਂ ਦੇ ਘਰਾਂ ਦੇ ਪ੍ਰਵੇਸ਼ ਦੁਆਰ ‘ਤੇ ਕਰੋਨਾ ਸਬੰਧੀ ਪੋਸਟਰ ਲਗਾਉਣ ਦੇ ਦਿੱਤੇ ਗਏ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ। ਜਿਨ੍ਹਾਂ ਮਰੀਜ਼ਾਂ ਦੇ ਘਰਾਂ ਦੇ ਪ੍ਰਵੇਸ਼ ਦੁਆਰ ‘ਤੇ ਪਹਿਲਾਂ ਹੀ ਇਹ ਪੋਸਟਰ ਲੱਗੇ ਹੋਏ ਹਨ, ਉਨ੍ਹਾਂ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਸਰਕਾਰ ਵਲੋਂ ਦਿੱਲੀ ਵਿਚ ਸਫਲਤਾਪੂਰਵਕ ਕੀਤੇ ਗਏ ਕੋਵਿਡ ਪ੍ਰਬੰਧਨ ਦੇ ਦਾਅਵਿਆਂ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਸਿਰਫ਼ ਆਪਣੇ ਸਿਆਸੀ ਏਜੰਡੇ ਵਿਚ ਦਿਲਚਸਪੀ ਹੈ।