Breaking News
Home / ਪੰਜਾਬ / ਕਰਤਾਰਪੁਰ ਕੌਰੀਡੋਰ ਦਾ ਨੀਂਹ ਪੱਥਰ : ਉਪ ਰਾਸ਼ਟਰਪਤੀ ਦੀ ਪਾਕਿ ਨੂੰ ਨਸੀਹਤ, ਕੈਪਟਨ ਨੇ ਫਿਰ ਪ੍ਰਗਟਾਈ ਨਰਾਜ਼ਗੀ

ਕਰਤਾਰਪੁਰ ਕੌਰੀਡੋਰ ਦਾ ਨੀਂਹ ਪੱਥਰ : ਉਪ ਰਾਸ਼ਟਰਪਤੀ ਦੀ ਪਾਕਿ ਨੂੰ ਨਸੀਹਤ, ਕੈਪਟਨ ਨੇ ਫਿਰ ਪ੍ਰਗਟਾਈ ਨਰਾਜ਼ਗੀ

ਸਾਡੇ ਜਵਾਨ ਮਰਵਾ ਰਿਹੈ ਪਾਕਿ ਫੌਜ ਮੁਖੀ, ਸ਼ਰਮ ਆਉਣੀ ਚਾਹੀਦੀ ਹੈ, ਨਹੀਂ ਮੰਨੇ ਤਾਂ ਖਤਰਨਾਕ ਹੋਣਗੇ ਨਤੀਜੇ : ਕੈਪਟਨ ਅਮਰਿੰਦਰ
ਨਾਇਡੂ ਨੇ ਵੀ ਦਿੱਤੀ ਚਿਤਾਵਨੀ : ਗੁਆਂਢੀ ਮੁਲਕ ਬਦਲੇ ਆਪਣੀ ਮਾਨਿਸਕਤਾ, ਆਪਣੇ ਦੇਸ਼ ਦੇ ਲੋਕਾਂ ਦਾ ਕਤਲ ਬਰਦਾਸ਼ਤ ਨਹੀਂ ਕਰਾਂਗੇ
ਬਟਾਲਾ : ਸ੍ਰੀ ਕਰਤਾਰਪੁਰ ਸਾਹਿਬ ਲਈ ਕੌਰੀਡੋਰ ਦੇ ਨੀਂਹ ਪੱਥਰ ਰੱਖਣ ਮੌਕੇ ਪਿੰਡ ਮਾਨ ਵਿਚ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਫਿਰ ਸਖਤ ਚਿਤਾਵਨੀ ਦਿੱਤੀ। ਉਨ੍ਹਾਂ ਨੇ ਜਵਾਨਾਂ ਦੀ ਸ਼ਹੀਦੀ ਲਈ ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਜ਼ਿੰਮੇਵਾਰ ਠਹਿਰਾਇਆ। ਨਾਲ ਹੀ ਕਿਹਾ ਕਿ ਜੇਕਰ ਪਾਕਿ ਨੇ ਭਾਰਤ ਦੇ ਖਿਲਾਫ ਸਾਜਿਸ਼ਾਂ ਨਾ ਰੋਕੀਆਂ ਤਾਂ ਨਤੀਜੇ ਖਤਰਨਾਕ ਹੋਣਗੇ। ਕੈਪਟਨ ਨੇ ਕਿਹਾ, ‘ਬਾਜਵਾ ਨਾ ਭੁੱਲਣ ਅਸੀਂ ਪੰਜਾਬੀ ਹਾਂ। ਮੈਂ ਫੌਜੀ ਵੀ ਹਾਂ। ਉਹ ਸਰਵਿਸ ਵਿਚ ਮੇਰੇ ਤੋਂ ਜੂਨੀਅਰ ਹਨ। ਮੈਂ ਮੁਸ਼ਰਫ ਦਾ ਵੀ ਸੀਨੀਅਰ ਰਿਹਾ। ਇਹ ਗੱਲ ਸਿਰਫ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਹਰ ਫੌਜੀ ਜਾਣਦਾ ਹੈ ਕਿ ਦੂਜਾ ਫੌਜੀ ਕੀ ਸੋਚ ਰਿਹਾ ਹੈ। ਸਾਡੀ ਫੌਜ ਵੱਡੀ ਹੈ।’ ਕੈਪਟਨ ਨੇ ਕਿਹਾ ਕਿ ਮੈਂ ਕਰਤਾਰਪੁਰ ਜਾਣਾ ਚਾਹੁੰਦਾ ਹਾਂ, ਪਰ ਮੁੱਖ ਮੰਤਰੀ ਹੋਣ ਦੇ ਨਾਤੇ ਸੂਬੇ ਦੀ ਜ਼ਿੰਮੇਵਾਰੀ ਹੈ। ਪਾਕਿ ਰੋਜ਼ ਸਾਡੇ ਲੋਕਾਂ ਦਾ ਖੂਨ ਵਹਾ ਰਿਹਾ ਹੈ, ਉਸਦਾ ਸੱਦਾ ਕਿਸ ਤਰ੍ਹਾਂ ਸਵੀਕਾਰ ਕੀਤਾ ਜਾ ਸਕਦਾ ਹੈ। ਪਰ ਰਸਤਾ ਬਣਨ ਤੋਂ ਬਾਅਦ ਵੀ ਪਹਿਲੇ ਜਥੇ ਦੇ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਊਂਗਾ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਇਹ ਕੌਰੀਡੋਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ‘ਤੇ ਵੱਡਾ ਤੋਹਫਾ ਹੈ। ਨਾਇਡੂ ਨੇ ਅੱਤਵਾਦ ਨੂੰ ਪਾਗਲਪਨ ਦੱਸਿਆ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਆਪਣੀ ਮਾਨਿਸਕਤਾ ਬਦਲੇ। ਅਸੀਂ ਭਾਰਤ ਦੇ ਲੋਕਾਂ ਦਾ ਕਤਲ ਬਰਦਾਸ਼ਤ ਨਹੀਂ ਕਰਾਂਗੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਕੌਰੀਡੋਰ ਸਾਢੇ ਚਾਰ ਮਹੀਨੇ ਵਿਚ ਤਿਆਰ ਕਰ ਲਿਆ ਜਾਵੇਗਾ।
ਪੌਲੀਟੀਕਲ ਡਰਾਮਾ : ਹਰਸਿਮਰਤ ਅਤੇ ਜਾਖੜ ਦੇ ਮਗਰਮੱਛ
ਹਰਸਿਮਰਤ ਬੋਲੀ ਤਾਂ ਭੜਕੇ ਰੰਧਾਵਾ …
ਸਟੇਜ ‘ਤੇ ਹੀ ਕੀਤੀ ਉਪ ਰਾਸ਼ਟਰਪਤੀ ਨੂੰ ਸ਼ਿਕਾਇਤ
ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਜਦ ਬੋਲੀ ਤਾਂ ਪੰਡਾਲ ਵਿਚ ਰੌਲਾ ਪੈ ਗਿਆ। ਉਨ੍ਹਾਂ ਕਿਹਾ ਕਿ ਅਦਾਲਤ ਨੇ ’84 ਵਿਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਈ ਹੈ। ਵਿਸ਼ਵਾਸ ਹੈ ਕਿ ਵੱਡੇ ਮਗਰਮੱਣ ਵੀ ਜਲਦ ਫਾਂਸੀ ‘ਤੇ ਲਟਕਣਗੇ। ਇਸ ‘ਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਭੜਕ ਗਏ। ਉਨ੍ਹਾਂ ਨੇ ਤੁਰੰਤ ਸਟੇਜ ‘ਤੇ ਹੀ ਇਸਦੀ ਸ਼ਿਕਾਇਤ ਉਪ ਰਾਸ਼ਟਰਪਤੀ ਨੂੰ ਕੀਤੀ। ਕੈਪਟਨ ਅਤੇ ਜਾਖੜ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ।
ਨੀਂਹ ਪੱਥਰ ‘ਤੇ ਬਾਦਲਾਂ ਦੇ ਨਾਮ ਦਾ ਵਿਰੋਧ, ਰੰਧਾਵਾ ਨੇ ਕੈਪਟਨ ਅਤੇ ਆਪਣੇ ਨਾਮ ‘ਤੇ ਚਿਪਕਾਈ ਕਾਲੀ ਟੇਪ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨੀਂਹ ਪੱਥਰ ‘ਤੇ ਲਿਖੇ ਆਪਣੇ ਅਤੇ ਮੁੱਖ ਮੰਤਰੀ ਦੇ ਨਾਮ ‘ਤੇ ਕਾਲੀ ਟੇਪ ਚਿਪਕਾ ਦਿੱਤੀ। ਉਨ੍ਹਾਂ ਨੇ ਬਾਦਲ ਅਤੇ ਸੁਖਬੀਰ ਦੇ ਨਾਮ ਲਿਖਣ ‘ਤੇ ਇਤਰਾਜ਼ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਦੋਵੇਂ ਸਾਬਕਾ ਹਨ। ਉਨ੍ਹਾਂ ਦੀ ਸਰਕਾਰ ਵੀ ਨਹੀਂ ਹੈ। ਇਹ ਨੀਂਹ ਪੱਥਰ ਕਿੱਥੇ ਰੱਖਿਆ ਗਿਆ ਸੀ। ਇਹ ਵੀ ਪੂਰੇ ਸਮਾਗਮ ਵਿਚ ਸਸਪੈਂਸ ਹੀ ਰਿਹਾ। ਇਨ੍ਹਾਂ ਕਾਰਨਾਂ ਦੇ ਚੱਲਦਿਆਂ ਨਾਇਡੂ ਅਤੇ ਕੈਪਟਨ ਨੇ ਸਟੇਜ ਤੋਂ ਹੀ ਬਟਨ ਦਬਾ ਕੇ ਕੌਰੀਡੋਰ ਦਾ ਨੀਂਹ ਪੱਥਰ ਰੱਖਿਆ। ਬਾਅਦ ਵਿਚ ਇਹ ਪੱਥਰ ਵੀ ਗਾਇਬ ਹੋ ਗਿਆ।
ਕੈਪਟਨ ਵੱਲੋਂ 965 ਕਰੋੜ ਦੇ ਪ੍ਰਾਜੈਕਟਾਂ ਦਾ ਐਲਾਨ
ਡੇਰਾ ਬਾਬਾ ਨਾਨਕ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਅਤੇ ਨਾਲ ਲਗਦੇ ਇਲਾਕਿਆਂ ਦੇ ਵਿਕਾਸ ਲਈ 965 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਕੀਤਾ। ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਸਮੇਂ ਕੈਪਟਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਟਲੀ ਨੰਗਲ ਵਿਚ 400 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਮੈਡੀਕਲ ਕਾਲਜ ਅਤੇ ਸੁਪਰ ਸਪੈਸ਼ਲਿਟੀ ਹਸਪਤਾਲ ਸਥਾਪਤ ਕੀਤਾ ਜਾਵੇਗਾ। ਕਲਾਨੌਰ ਵਿਚ 10 ਕਰੋੜ ਰੁਪਏ ਦੀ ਲਾਗਤ ਨਾਲ ਡਿਗਰੀ ਕਾਲਜ ਖੋਲ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਲਈ 56.6 ਕਰੋੜ ਰੁਪਏ ਖ਼ਰਚੇ ਜਾਣਗੇ ਜਦਕਿ ਪੁਲਾਂ ਨੂੰ ਅਪਗ੍ਰੇਡ ਕਰਨ ਲਈ 9 ਕਰੋੜ ਰੁਪਏ ਰੱਖੇ ਗਏ ਹਨ। ਇਸ ਦੇ ਨਾਲ ਡੇਰਾ ਬਾਬਾ ਨਾਨਕ ਦੀਆਂ ਮੰਡੀਆਂ ਦੇ ਨਵੀਨੀਕਰਨ ਲਈ 10.7 ਕਰੋੜ ਰੁਪਏ ਖ਼ਰਚੇ ਜਾਣਗੇ। ਅੱਪਰ ਬਾਰੀ ਦੁਆਬ ਨਹਿਰ ਰਾਹੀਂ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ਬਲਾਕਾਂ ਦੇ 40 ਪਿੰਡਾਂ ਵਿਚ 61 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲਾ ਪਾਣੀ ਦਿੱਤਾ ਜਾਵੇਗਾ। ਸ੍ਰੀ ਹਰਗੋਬਿੰਦਪੁਰ ਬਲਾਕ ਦੇ ਪਿੰਡ ਘੁੰਮਣ ਲਈ ਜਲ ਸਪਲਾਈ ਅਤੇ ਸੀਵਰੇਜ ਪ੍ਰਾਜਕੈਟ ਲਈ 17 ਕਰੋੜ ਅਤੇ 58 ਪ੍ਰਭਾਵਿਤ ਪਿੰਡਾਂ ਦੇ ਜਲ ਪ੍ਰਾਜੈਕਟ ਲਈ 98 ਕਰੋੜ ਰੁਪਏ ਰੱਖੇ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਚਾਹਲ ਕਲਾਂ (ਅਚਲ ਸਾਹਿਬ), ਪੱਖੋਕੇ ਡੇਰਾ ਬਾਬਾ ਨਾਨਕ ਤੇ ਵਡਾਲਾ ਗ੍ਰੰਥੀਆਂ ਪਿੰਡਾਂ ਦੇ ਚਹੁਤਰਫ਼ਾ ਵਿਕਾਸ ਦਾ ਕੰਮ ਸੌਂਪਿਆ ਗਿਆ ਤੇ ਇਹ ਪਿੰਡ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੇ ਹੋਏ ਹਨ।
‘ਗ਼ੈਰਹਾਜ਼ਰ’ ਹੋ ਕੇ ਵੀ ਹਾਜ਼ਰ ਰਹੇ ਨਵਜੋਤ ਸਿੰਘ ਸਿੱਧੂ
ਬਟਾਲਾ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਚੇਚੇ ਤੌਰ ‘ਤੇ ਡੇਰਾ ਬਾਬਾ ਨਾਨਕ ਪਹੁੰਚ ਕੇ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਉਹ ਵਿਸ਼ੇਸ਼ ਜਹਾਜ਼ ਰਾਹੀਂ ਮੱਧ ਪ੍ਰਦੇਸ਼ ਤੋਂ ਸਵੇਰੇ ਅੰਮ੍ਰਿਤਸਰ ਪੁੱਜੇ ਸਨ ਜਿੱਥੋਂ ਉਹ ਸੜਕ ਮਾਰਗ ਰਾਹੀਂ ਇਥੇ ਪੁੱਜੇ ਸਨ। ਬਾਅਦ ਵਿਚ ਚੋਣ ਪ੍ਰਚਾਰ ਲਈ ਉਹ ਮੁੜ ਮੱਧ ਪ੍ਰਦੇਸ਼ ਰਵਾਨਾ ਹੋ ਗਏ। ਭਾਵੇਂ ਸਿੱਧੂ ਉਦਘਾਟਨੀ ਸਮਾਗਮ ਵਿਚ ਹਾਜ਼ਰ ਨਹੀਂ?ਸਨ ਪਰ ਉਨ੍ਹਾਂ ਦੇ ਤੜਕੇ ਆ ਕੇ ਚਲੇ ਜਾਣ ਦੇ ਚਰਚੇ ਦਿਨ ਭਰ ਹੁੰਦੇ ਰਹੇ।
ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਸਬੰਧੀ ਹੋਏ ਮੁੱਖ ਸਮਾਗਮ ਵਿੱਚ ਸਿੱਧੂ ਦੇ ‘ਦੂਰ’ ਰਹਿਣ ਦੀ ਵਜ੍ਹਾ ਪੁੱਛਣ ‘ਤੇ ਉਨ੍ਹਾਂ ਸੁਰਜੀਤ ਪਾਤਰ ਦੀਆਂ ਇਨ੍ਹਾਂ ਸਤਰਾਂ ਨਾਲ ਜਵਾਬ ਦਿੱਤਾ, ”ਏਨ੍ਹਾ ਹੀ ਬਹੁਤ ਕਿ ਮੇਰੇ ਖੂਨ ਨੇ ਰੁੱਖ ਸਿੰਜਿਆ, ਕੀ ਹੋਇਆ ਜੇ ਪੱਤਿਆਂ ‘ਤੇ ਮੇਰਾ ਨਾਮ ਨਹੀਂ।” ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਗਿੱਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਵਿਰਾਸਤੀ ਬੁੱਕਲ ਵੱਡੀ ਹੈ ਪਰ ਅੱਜ ਇੱਕ ਬੁੱਕਲ ਵਿੱਚ ਬੈਠੇ ਸਿਆਸਤਦਾਨ ਇੱਕ-ਦੂਸਰੇ ਨੂੰ ਚੂੰਢੀਆਂ ਵੱਢਦੇ ਦੇਖੇ ਗਏ ਜੋ ਭਾਵਨਾਵਾਂ ਦੇ ਅਨੁਕੂਲ ਨਹੀਂ ਹੈ। ਮੁੱਖ ਸਮਾਗਮ ਦੌਰਾਨ ਕਿਸੇ ਵੀ ਆਗੂ ਨੇ ਆਪਣੇ ਭਾਸ਼ਣ ਵਿਚ ਸਿੱਧੂ ਦਾ ਨਾਮ ਨਹੀਂ ਲਿਆ।
ਆਮ ਲੋਕਾਂ ਵਿਚ ਚਰਚਾ ਸੀ ਕਿ ਆਪਣੇ ਕਰੀਬੀ ਦੋਸਤ ਤੇ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਗਮ ‘ਤੇ ਸੱਦੇ ਦੌਰਾਨ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸ਼ੁਰੂਆਤ ਕਰਨ ਦਾ ਮੁੱਢ ਬੰਨ੍ਹਣ ਵਾਲੇ ਸਿੱਧੂ ਦੀ ਆਪਣੇ ਹੀ ਆਗੂਆਂ ਨੂੰ ਯਾਦ ਕਿਉਂ ਨਹੀਂ ਆਈ? ਉਂਜ ਸਥਾਨਕ ਸੰਗਤ ਨੇ ਕਰਤਾਰਪੁਰ ਸਾਹਿਬ ਨੂੰ ਜਾਂਦੇ ਰਸਤੇ ‘ਤੇ ਉਸ ਦੇ ਬੋਰਡ ਲਗਾਏ ਹੋਏ ਸਨ।
ਕਰਤਾਰਪੁਰ ਕੌਰੀਡੋਰ ਨੀਂਹ ਪੱਥਰ ਸਮਾਗਮ
ਧਾਰਮਿਕ ਨਾ ਹੋ ਕੇ, ਰਾਜਨੀਤਕ ਅਖਾੜਾ ਬਣ ਕੇ ਰਹਿ ਗਿਆ
ਮੰਚ ‘ਤੇ ਹੀ ਅਕਾਲੀ ਅਤੇ ਕਾਂਗਰਸੀ ਨੇਤਾਵਾਂ ਨੇ ਆਪਣੇ ਸੰਬੋਧਨ ਵਿਚ ਇਕ ਦੂਜੇ ਦੇ ਖਿਲਾਫ ਚਲਾਏ ਸਿਆਸੀ ਤੀਰ, ਮੰਚ ਤੋਂ ਹੇਠਾਂ ਵੀ ਹੁੰਦੀ ਰਹੀ ਨਾਅਰੇਬਾਜ਼ੀ
ਸਮਾਗਮ ਵਿਚ ਇਕੱਠੇ ਹੋਏ ਲੋਕ ਵੀ ਸਿਆਸੀ ਪਾਰਟੀਆਂ ਦੇ ਝੰਡੇ ਲੱਗੇ ਵਾਹਨਾਂ ਵਿਚ ਪਹੁੰਚੇ
ਬਟਾਲਾ : ਸਿੱਖ ਸੰਗਤ ਦੀ ਕਈ ਸਾਲਾਂ ਤੋਂ ਚੱਲੀ ਆ ਰਹੀ ਮੰਗ ਸੋਮਵਾਰ ਨੂੰ ਪੂਰੀ ਤਾਂ ਹੋਈ ਪਰ ਇਸਦੇ ਲਈ ਰੱਖਿਆ ਗਿਆ ਸਮਾਗਮ ਧਾਰਮਿਕ ਨਾ ਹੋ ਕੇ ਰਾਜਨੀਤਕ ਜ਼ਿਆਦਾ ਨਜ਼ਰ ਆਇਆ। ਅਕਾਲੀ ਦਲ ਅਤੇ ਕਾਂਗਰਸੀ ਆਗੂ ਮੰਚ ਤੋਂ ਹੀ ਇਕ ਦੂਜੇ ਨੂੰ ਗੱਲਾਂ-ਗੱਲਾਂ ਵਿਚ ਨਿਸ਼ਾਨਾ ਬਣਾਉਂਦੇ ਰਹੇ ਅਤੇ ਮੰਚ ਦੇ ਨੇੜੇ ਹੀ ਖੜ੍ਹੇ ਦੂਜੇ ਆਗੂ ਵੀ ਇਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਸਮਾਗਮ ‘ਤੇ ਸਿਆਸਤ ਤਾਂ ਐਤਵਾਰ ਨੂੰ ਹੀ ਸ਼ੁਰੂ ਹੋ ਗਈ ਸੀ ਜਦੋਂ ਸਿਆਸੀ ਲਾਹਾ ਲੈਣ ਲਈ ਸਮਾਗਮ ਸਥਾਨ ਤੋਂ ਕੁਝ ਦੂਰੀ ‘ਤੇ ਭਾਜਪਾ-ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖਰਾ ਪ੍ਰੋਗਰਾਮ ਕਰਨ ਦਾ ਐਲਾਨ ਕਰਦੇ ਹੋਏ ਇਸਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸਤੋਂ ਬਾਅਦ ਮਾਮਲੇ ਨੇ ਤੂਲ ਫੜਿਆ ਤਾਂ ਐਲਾਨ ਕੀਤਾ ਗਿਆ ਕਿ ਸਮਾਗਮ ਇਕ ਹੀ ਜਗ੍ਹਾ ‘ਤੇ ਹੋਵੇਗਾ ਅਤੇ ਸਾਰੇ ਦਲਾਂ ਦੇ ਆਗੂ ਇਸ ਵਿਚ ਸ਼ਾਮਲ ਹੋਣਗੇ।
ਮਾਨ ਪਿੰਡ ਵਿਚ ਰੱਖੇ ਮੁੱਖ ਸਮਾਗਮ ਵਿਚ ਕਰੀਬ 50 ਹਜ਼ਾਰ ਵਿਅਕਤੀਆਂ ਦਾ ਪ੍ਰਬੰਧ ਸੀ, ਪਰ ਇੰਨੇ ਵਿਅਕਤੀ ਸਮਾਗਮ ਵਿਚ ਨਹੀਂ ਪਹੁੰਚੇ। ਉਥੇ ਦੂਜੇ ਪਾਸੇ ਨੇੜੇ-ਤੇੜੇ ਦੇ ਪਿੰਡਾਂ ਤੋਂ ਲੋਕ ਟਰੈਕਟਰ-ਟਰਾਲੀਆਂ ਵਿਚ ‘ਤੇ ਪਹੁੰਚੇ ਸਨ। ਉਨ੍ਹਾਂ ਟਰੈਕਟਰਾਂ ਦੇ ਅੱਗੇ ਵੱਖ-ਵੱਖ ਪਾਰਟੀਆਂ ਦੇ ਝੰਡੇ ਲੱਗੇ ਹੋਏ ਸਨ। ਇਸ ਤੋਂ ਅਜਿਹਾ ਲੱਗ ਰਿਹਾ ਸੀ ਕਿ ਲੋਕ ਕਿਸੇ ਧਾਰਮਿਕ ਸਮਾਗਮ ਵਿਚ ਨਹੀਂ ਬਲਕਿ ਕਿਸੇ ਰੈਲੀ ਵਿਚ ਜਾ ਰਹੇ ਹਨ।
ਸੁਖਬੀਰ ਬਾਦਲ ਪੈਦਲ ਦੀ ਬਜਾਏ ਗੱਡੀ ਵਿਚ ਪਹੁੰਚੇ ਸਮਾਗਮ ਸਥਾਨ ਉਤੇ
ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਐਲਾਨ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸਵੇਰੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਤੋਂ ਬਾਅਦ ਪੈਦਲ ਹੀ ਸਮਾਗਮ ਸਥਾਨ ‘ਤੇ ਪਹੁੰਚੇਗੀ। ਸੋਮਵਾਰ ਨੂੰ ਸੁਖਬੀਰ ਸਿੰਘ ਬਾਦਲ ਸਵੇਰੇ ਆਪਣੇ ਸਮਰਥਕਾਂ ਦੇ ਨਾਲ ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਮੱਥਾ ਟੇਕਣ ਪਹੁੰਚੇ। ਇਸ ਤੋਂ ਬਾਅਦ ਸਮਾਗਮ ਵਿਚ ਬਦਲਾਅ ਕਰਕੇ ਸੁਖਬੀਰ ਸਾਥੀਆਂ ਨਾਲ ਗੱਡੀਆਂ ਦੇ ਕਾਫਲੇ ਵਿਚ ਸਵਾਰ ਹੋ ਕੇ ਸਮਾਗਮ ਸਥਾਨ ‘ਤੇ ਪਹੁੰਚੇ।
ਸਮਾਗਮ ਤੋਂ ਬਾਅਦ ਵੀ ਬਿਆਨਬਾਜ਼ੀ ਤੋਂ ਬਾਜ਼ ਨਹੀਂ ਆਏ ਆਗੂ
ਸ਼੍ਰੋਮਣੀ ਅਕਾਲੀ ਦਲ ਖਾਸ ਭਾਈਚਾਰੇ ਦੀ ਕਰਦਾ ਹੈ ਅਗਵਾਈ, ਇਸ ਲਈ ਨੀਂਹ ਪੱਥਰ ‘ਤੇ ਨਾਮ ਲਿਖਿਆ : ਸੁਖਬੀਰ
ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇੱਥੇ ਗੁਰੂ ਦੀਆਂ ਗੱਲਾਂ ਹੀ ਹੋਣੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸੀ ਬੁਖਲਾਏ ਹੋਏ ਬੈਠੇ ਹਨ ਕਿਉਂਕਿ ਕੇਂਦਰ ਸਰਕਾਰ ਨੇ ਇਹ ਇਤਿਹਾਸਕ ਫੈਸਲੇ ਸਿੱਖਾਂ ਲਈ ਕੀਤੇ ਹਨ, ਜੋ ਪਿਛਲੇ 70 ਸਾਲਾਂ ਵਿਚ ਨਹੀਂ ਹੋਏ ਸਨ। ਡਾ. ਮਨਮੋਹਨ ਸਿੰਘ 10 ਸਾਲ ਪ੍ਰਧਾਨ ਮੰਤਰੀ ਰਹੇ, ਪਰ ਉਨ੍ਹਾਂ ਕੋਲੋਂ ਵੀ ਇਹ ਕੰਮ ਨਹੀਂ ਹੋਇਆ ਜੋ ਕੇਂਦਰ ਦੀ ਮੋਦੀ ਸਰਕਾਰ ਨੇ ਕਰਕੇ ਦਿਖਾ ਦਿੱਤਾ ਹੈ। ਨੀਂਹ ਪੱਥਰ ‘ਤੇ ਬਾਦਲਾਂ ਦੇ ਨਾਮ ਲਿਖੇ ਜਾਣ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਇਸ ਲਈ ਕੇਂਦਰ ਸਰਕਾਰ ਨੇ ਜੋ ਕੀਤਾ ਹੈ, ਉਹ ਸਹੀ ਕੀਤਾ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਈਚਾਰੇ ਦੀ ਅਗਵਾਈ ਕਰਦੀ ਹੈ। ਇਕ ਸਵਾਲ ਦੇ ਜਵਾਬ ਵਿਚ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਗੁਰੂ ਦੇ ਹੁਕਮ ਨਾਲ ਹੀ ਸਟੇਜ ਸ਼ੇਅਰ ਕੀਤੀ ਹੈ।
ਮੁੱਖ ਮੰਤਰੀ ਅਤੇ ਜਾਖੜ ਦੇ ਭਾਸ਼ਣ ਤੋਂ ਨਹੀਂ ਲੱਗਿਆ ਇਹ ਧਾਰਮਿਕ ਸਮਾਗਮ : ਹਰਸਿਮਰਤ
ਸਮਾਗਮ ਤੋਂ ਬਾਅਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਭਾਸ਼ਣ ਦੇ ਰਹੇ ਸਨ, ਉਸ ਤੋਂ ਕਿਤੇ ਵੀ ਨਹੀਂ ਲੱਗਾ ਕਿ ਇਹ ਧਾਰਮਿਕ ਮੰਚ ਹੈ। ਜਦਕਿ ਸਭ ਤੋਂ ਜ਼ਿਆਦਾ ਧਾਰਮਿਕ ਗੱਲ ਤਾਂ ਮੈਂ ਖੁਦ ਹੀ ਕੀਤੀ ਸੀ। 70 ਸਾਲਾਂ ਤੋਂ ਸਿੱਖ ਸੰਗਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਮੰਗ ਕਰ ਰਹੀ ਸੀ। ਅੱਜ ਉਸ ਮੰਗ ਨੂੰ ਹਕੀਕਤ ਵਿਚ ਬਦਲਦਾ ਦੇਖ ਕੁਝ ਪਾਰਟੀਆਂ ਨੂੰ ਚੰਗਾ ਨਹੀਂ ਲੱਗ ਰਿਹਾ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਪਾਕਿਸਤਾਨ ਵਿਚ ਜਾ ਕੇ ਆਪਣੇ ਦੇਸ਼ ਨੂੰ ਰੀਪ੍ਰੀਜੈਂਟ ਕਰਨ ਜਾ ਰਹੀ ਹੈ।
ਗੁਰੂ ਸਾਹਿਬ ਦੇ ਸਮਾਗਮ ‘ਚ ਰਾਜਨੀਤੀ ਘਟੀਆ ਸੋਚ : ਭਗਵੰਤ ਮਾਨ
ਸੰਗਰੂਰ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੇ ਸਬੰਧ ਵਿਚ ਰੱਖੇ ਗਏ ਸਮਾਗਮ ਦੇ ਦੌਰਾਨ ਕਾਂਗਰਸੀ ਅਤੇ ਅਕਾਲੀ ਨੇਤਾਵਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਦੱਸੇ ਰਸਤੇ ਤੋਂ ਭਟਕਦੇ ਹੋਏ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਨੂੰ ਮਾੜਾ ਦੱਸਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ, ਕੇਂਦਰੀ ਮੰਤਰੀ ਹਰਸਿਮਰਤ ਬਾਦਲ ਅਤੇ ਬਿਕਰਮ ਮਜੀਠੀਆ ਦਾ ਵਿਵਹਾਰ ਅਤਿ ਨਿੰਦਣਯੋਗ ਹੈ। ਮਾਨ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦੁਆਰਾ ਧਾਰਮਿਕ ਸਮਾਗਮ ਦੌਰਾਨ ਸਟੇਜ ਤੋਂ ਘਟੀਆ ਰਾਜਨੀਤਕ ਭਾਸ਼ਣ ਦੇਣਾ ਅਤੇ ਕਾਂਗਰਸੀਆਂ ਵਲੋਂ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਕਰਨਾ ਬੇਹੱਦ ਅਫਸੋਸਜਨਕ ਹੈ। ਸੁਨੀਲ ਜਾਖੜ ਜੇ ਸੱਚਮੁੱਚ ਹੀ ਨਸ਼ਾ ਤਸਕਰਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਕਾਲੀਆਂ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦਾ ਬਚਾਅ ਕਰਨ ਤੋਂ ਮਨਾਂ ਕਰਨ।
ਝਲਕੀਆਂ : ਹਰਸਿਮਰਤ ਦੇ ਭਾਸ਼ਣ ਦੌਰਾਨ ਮੰਚ ਤੋਂ ਉਠਣ ਲੱਗੇ ਸੰਤ
ਮੰਚ ਦੇ ਹੇਠਾਂ ਵੀ ਮਾਹੌਲ ਗਰਮ ਹੀ ਰਿਹਾ, ਜਦ ਹਰਸਿਮਰਤ ਕੌਰ ਬਾਦਲ ਨੇ ਬੋਲਣਾ ਸ਼ੁਰੂ ਕੀਤਾ ਤਾਂ ਸਟੇਜ ਦੇ ਇਕ ਪਾਸੇ ਬੈਠਾ ਸੰਤ ਸਮਾਜ ਉਠ ਗਿਆ। ਇਸ ਤੋਂ ਇਲਾਵਾ ਪੰਡਾਲ ਵਿਚ ਵੀ ਰੌਲਾ ਪੈਣ ਲੱਗਾ। ਪਰ ਪੁਲਿਸ ਨੇ ਮਾਹੌਲ ਨੂੰ ਠੀਕ ਕਰ ਦਿੱਤਾ।
ੲ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਨੇ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਵਿਚ ਬਿਤਾਏ 18 ਸਾਲ ਸਾਲ ਦੀ ਜਗ੍ਹਾ 18 ਦਿਨ ਬੋਲ ਦਿੱਤਾ।
ੲ ਉਪ ਰਾਸ਼ਟਰਪਤੀ ਨੇ ਕੈਬਨਿਟ ਮੰਤਰੀ ਰੰਧਾਵਾ ਦੇ ਨਾਮ ਨੂੰ ਗਲਤ ਲੈ ਲਿਆ।
ੲ ਮੰਚ ‘ਤੇ ਗਰਮ ਰਿਹਾ ਮਾਹੌਲ, ਕਈ ਵਾਰ ਮੰਤਰੀ ਰੰਧਾਵਾ ਮੰਚ ਨੂੰ ਛੱਡ ਕੇ ਗਏ ਅਤੇ ਬਾਅਦ ਵਿਚ ਮੰਚ ਤੋਂ ਵੱਖਰੀ ਕੁਰਸੀ ‘ਤੇ ਬੈਠੇ ਰਹੇ।
ੲ ਭਾਜਪਾ ਦੇ ਕਈ ਆਗੂ ਸਟੇਜ ‘ਤੇ ਨਹੀਂ ਆਏ। ਸੂਬਾ ਪ੍ਰਧਾਨ ਸ਼ਵੇਤ ਮਲਿਕ ਨਹੀਂ ਆਏ। ਇਸ ਤੋਂ ਇਲਾਵਾ ਸੰਸਦੀ ਚੋਣ ਲੜ ਚੁਕੇ ਸਵਰਨ ਸਲਾਰੀਆ ਨੂੰ ਵੀ ਮੰਚ ‘ਤੇ ਨਹੀਂ ਚੜ੍ਹਨ ਦਿੱਤਾ ਗਿਆ। ਉਹ ਇਕ ਪਾਸੇ ਹੀ ਖੜ੍ਹੇ ਰਹੇ।
ੲ ਸਮਾਗਮ ਦੌਰਾਨ ਕਾਂਗਰਸ ਦੇ ਕਿਸੇ ਨੇਤਾ ਨੇ ਵੀ ਸਾਬਕਾ ਮੁੱਖ ਮੰਤਰੀ ਜਾਂ ਸਾਬਕਾ ਉਪ ਮੁੱਖ ਮੰਤਰੀ ਦਾ ਨਾਮ ਤੱਕ ਨਹੀਂ ਲਿਆ। ਜਦਕਿ ਨਾਇਡੂ ਨੇ ਸਾਰਿਆਂ ਦੇ ਨਾਵਾਂ ਦਾ ਜ਼ਿਕਰ ਕੀਤਾ।

ਨਾਇਡੂ ਨੇ ਕੋਠੇ ਖੁਸ਼ਹਾਲਪੁਰ ‘ਚ ਪੌਦੇ ਲਾਏ
ਬਟਾਲਾ/ਬਿਊਰੋ ਨਿਊਜ਼ : ਭਾਰਤ ਦੇ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਕੋਠੇ ਖੁਸ਼ਹਾਲਪੁਰ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੂਟੇ ਲਾਏ। ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੇ ਹਰੇਕ ਪਿੰਡ ਵਿਚ 550 ਪੌਦੇ ਲਾਏ ਜਾ ਰਹੇ ਹਨ। ਇਸ ਮੌਕੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੀ ਮੌਜੂਦ ਸਨ। ਉਪ ਰਾਸ਼ਟਰਪਤੀ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਸੂਬਾਈ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਿੱਖਿਆ ਮੰਤਰੀ ਓਪੀ ਸੋਨੀ, ਖੇਡ ਮੰਤਰੀ ਗੁਰਮੀਤ ਸਿੰਘ ਸੋਢੀ, ਸੰਸਦ ਮੈਂਬਰ ਸੁਨੀਲ ਜਾਖੜ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਕੁਦਰਤ ਦੀ ਉਸਤਤ ਕੀਤੀ ਹੈ ਤੇ ਸਿੱਖੀ ਸਿਧਾਂਤ ਵਾਤਾਵਰਨ ਸੰਭਾਲ ਦੀ ਬਾਤ ਪਾਉਂਦੇ ਹਨ। ਉਨ੍ਹਾਂ ਕਿਹਾ ਕਿ 2019 ਤੱਕ ਸੂਬੇ ਦੀ ਹਰ ਗ੍ਰਾਮ ਪੰਚਾਇਤ ਵਿਚ ਬੂਟੇ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੀ ਵੱਖਰੇ ਤੌਰ ‘ਤੇ ਮੁਹਿੰਮ ਚਲਾ ਰਿਹਾ ਹੈ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਵੀ ਇਸ ਮੁਹਿੰਮ ‘ਚ ਹਿੱਸਾ ਲੈਣ ਦੀ ਅਪੀਲ ਕੀਤੀ।

ਕਰਤਾਰਪੁਰ ਸਾਹਿਬ ਕੌਰੀਡੋਰ ਦੇ ਨੀਂਹ ਪੱਥਰ ਸਮਾਗਮ ਲਈ ਕੇਂਦਰ ਦੇ ਪ੍ਰਬੰਧਾਂ ਤੋਂ ਤ੍ਰਿਪਤ ਬਾਜਵਾ ਨਾਖੁਸ਼
ਚੰਡੀਗੜ੍ਹ : ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਕੌਰੀਡੋਰ ਦੇ ਨੀਂਹ ਪੱਥਰ ਲਈ ਕੀਤੇ ਗਏ ਸਮਾਗਮ ਲਈ ਕੇਂਦਰ ਸਰਕਾਰ ਵਲੋਂ ਕੀਤੇ ਗਏ ਪ੍ਰਬੰਧਾਂ ‘ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਬਾਜਵਾ ਨੇ ਕਿਹਾ ਕਿ ਸਮਾਗਮ ਵਿਚ ਬੋਲਣ ਵਾਲੇ ਆਗੂਆਂ ਦੇ ਨਾਵਾਂ ਦਾ ਫੈਸਲਾ ਦਿੱਲੀ ਵਿਚ ਬੈਠ ਕੇ ਕੀਤਾ ਗਿਆ। ਸਥਾਨਕ ਧਾਰਮਿਕ ਆਗੂਆਂ ਨੇ ਹਰਸਿਮਰਤ ਕੌਰ ਬਾਦਲ ਨੂੰ ਸਮਾਗਮ ਵਿਚ ਧੰਨਵਾਦ ਕਰਨ ਦੀ ਦਿੱਤੀ ਗਈ ਜ਼ਿੰਮੇਵਾਰੀ ‘ਤੇ ਸਖਤ ਇਤਰਾਜ਼ ਕੀਤਾ ਹੈ। ਬਾਜਵਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਕੌਰੀਡੋਰ ਬਣਾਉਣ ਦਾ ਲਾਹਾ ਲੈਣ ਦੀ ਦੌੜ ਵਿਚ ਨੀਂਹ ਪੱਥਰ ਸਮਾਗਮ ਬਿਨਾ ਕਿਸੇ ਤਿਆਰੀ ਤੋਂ ਪਾਕਿਸਤਾਨ ਸਰਕਾਰ ਦੇ ਨੀਂਹ ਪੱਥਰ ਸਮਾਗਮ ਤੋਂ ਦੋ ਦਿਨ ਪਹਿਲਾਂ ਰੱਖਣ ਦਾ ਫੈਸਲਾ ਲਿਆ।

ਸੁਬਰਾਮਨੀਅਮ ਸਵਾਮੀ ਨੇ ਕਰਤਾਰਪੁਰ ਲਾਂਘੇ ਨੂੰ ਦੱਸਿਆ ਖ਼ਤਰਨਾਕ
ਕਿਹਾ – ਸਹੀ ਤਰੀਕੇ ਨਾਲ ਚੈਕਿੰਗ ਨਾ ਹੋਈ ਤਾਂ ਹੋਵੇਗੀ ਗਲਤ ਵਰਤੋਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਇੱਕ ਖ਼ਤਰਨਾਕ ਕਦਮ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਹੀ ਤਰੀਕੇ ਨਾਲ ਚੈਕਿੰਗ ਨਾ ਕੀਤੇ ਜਾਣ ‘ਤੇ ਇਸ ਦਾ ਗ਼ਲਤ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਪਾਸਪੋਰਟ ਦਿਖਾਉਣਾ ਹੀ ਕਾਫ਼ੀ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇੱਥੇ ਆਉਣ ਵਾਲੇ ਲੋਕਾਂ ਦੀ ਛੇ ਮਹੀਨੇ ਪਹਿਲਾਂ ਰਜਿਸਟਰੇਸ਼ਨ ਹੋਣੀ ਚਾਹੀਦੀ ਹੈ। ਸਵਾਮੀ ਨੇ ਇਹ ਵੀ ਕਿਹਾ ਕਿ ਸਾਨੂੰ ਪਾਕਿਸਤਾਨੀਆਂ ਨੂੰ ਭਾਰਤ ਆਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।

ਕਰਤਾਰਪੁਰ ‘ਚ ਸਿੱਖ ਸ਼ਰਧਾਲੂਆਂ ਲਈ ਬਣੇਗਾ ਰੇਲਵੇ ਸਟੇਸ਼ਨ
ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਵਿੱਚ ਰੇਲਵੇ ਸਟੇਸ਼ਨ ਲਈ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ ਤੇ ਮੁਲਕ ਵਿੱਚ ਸਿੱਖ ਸ਼ਰਧਾਲੂਆਂ ਦੀ ਫੇਰੀ ਨਾਲ ਸਬੰਧਤ ਥਾਵਾਂ ‘ਤੇ ਰਿਹਾਇਸ਼ ਤੇ ਬੋਰਡਿੰਗ ਦੀ ਸਹੂਲਤ ਦੇਣ ਲਈ ਹੋਟਲਾਂ ਦੀ ਉਸਾਰੀ ਕੀਤੀ ਜਾਵੇਗੀ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਇਥੇ ਰੁਕਣ ਜਾਂ ਰਹਿਣ ਵਿਚ ਕੋਈ ਪ੍ਰੇਸ਼ਾਨੀ ਨਾ ਹੋਵੇ। ਰੋਜ਼ਨਾਮਚਾ ਡਾਅਨ ਨੇ ਆਪਣੀ ਇਕ ਰਿਪੋਰਟ ਵਿਚ ਰੇਲ ਮੰਤਰੀ ਸ਼ੇਖ ਰਾਸ਼ਿਦ ਅਹਿਮਦ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਕਰਤਾਰਪੁਰ, ਨਨਕਾਣਾ ਸਾਹਿਬ ਤੇ ਨਾਰੋਵਾਲ ਵਿੱਚ ਹੋਟਲਾਂ ਦੀ ਉਸਾਰੀ ਲਈ ਸਿੱਖ ਸੰਸਥਾਵਾਂ ਨੂੰ ਜ਼ਮੀਨ ਮੁਹੱਈਆ ਕਰਵਾਏਗੀ।

ਕਰਤਾਰਪੁਰ ਲਾਂਘਾ ਖੋਲ੍ਹਣਾ ਚੰਗਾ ਆਗਾਜ਼ : ਅਰੂਸਾ ਆਲਮ
ਬਠਿੰਡਾ/ਬਿਊਰੋ ਨਿਊਜ਼ : ਪਾਕਿਸਤਾਨੀ ਸਮਾਰੋਹਾਂ ਤੋਂ ਐਨ ਇੱਕ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਮਹਿਮਾਨ ਅਰੂਸਾ ਆਲਮ ਵੀ ਨਜ਼ਰ ਆਈ। ਸੋਸ਼ਲ ਮੀਡੀਆ ਉੱਤੇ ਜਿਉਂ ਹੀ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਰਵਾਨਾ ਹੋ ਰਹੀ ਅਰੂਸਾ ਆਲਮ ਦੀ ਵੀਡੀਓ ਵਾਇਰਲ ਹੋਈ ਤਾਂ ਹਰ ਕਿਸੇ ਕੋਲ ਹੱਥੋਂ ਹੱਥ ਇਹ ਕਲਿੱਪ ਪੁੱਜ ਗਈ। ਅਰੂਸਾ ਆਲਮ ਨੇ ਬਤੌਰ ਪੱਤਰਕਾਰ ਇਹ ਟਿੱਪਣੀ ਕੀਤੀ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਇੱਕ ਚੰਗਾ ਉਪਰਾਲਾ ਹੈ ਤੇ ਇੱਕ ਚੰਗਾ ਆਗਾਜ਼ ਵੀ ਹੈ। ਉਨ੍ਹਾਂ ਆਖਿਆ ਕਿ ਇਹ ਦੋਵੇਂ ਮੁਲਕਾਂ ਲਈ ਖ਼ਾਸ ਮੌਕਾ ਵੀ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ।

Check Also

ਕੇਂਦਰ ਸਰਕਾਰ ਦੇ ਤਸ਼ੱਦਦ ਅੱਗੇ ਨਹੀਂ ਝੁਕਾਂਗੇ : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ

ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਹਰਿਆਣਾ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। …