
ਆਧੁਨਿਕ ਸੌਫਟਵੇਅਰ ਅਤੇ ਹਾਈਟੈਕ ਕੈਮਰਿਆਂ ਨਾਲ ਲੈਸ ਹੋਵੇਗੀ ਪੰਜਾਬ ਪੁਲਿਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਪੁਲਿਸ ਨੇ ਸੂਬੇ ਦੀ ਸੁਰੱਖਿਆ ਅਤੇ ਸਰਹੱਦ ਪਾਰੋਂ ਹੋਣ ਵਾਲੀ ਡਰੋਨ ਤਸਕਰੀ ਰੋਕਣ ਲਈ ਵੱਡੀ ਯੋਜਨਾ ਤਿਆਰ ਕੀਤੀ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਅਗਲੇ ਵਿੱਤੀ ਸਾਲ ਵਿਚ 17 ਨਵੇਂ ਐਂਟੀ-ਡਰੋਨ ਸਿਸਟਮ ਖਰੀਦਣ ਲਈ ਕੇਂਦਰ ਸਰਕਾਰ ਕੋਲੋਂ 175 ਕਰੋੜ ਰੁਪਏ ਦੇ ਫੰਡਾਂ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਤਿੰਨ ਸਿਸਟਮ ਸਰਹੱਦੀ ਖੇਤਰਾਂ ਵਿਚ ਕੰਮ ਕਰ ਰਹੇ ਹਨ ਅਤੇ ਹੋਰ 6 ਸਿਸਟਮ ਜਲਦੀ ਹੀ ਚਾਲੂ ਕਰ ਦਿੱਤੇ ਜਾਣਗੇ। ਡੀਜੀਪੀ ਨੇ ਖੁਲਾਸਾ ਕੀਤਾ ਕਿ ਅਪਰਾਧ ਨਾਲ ਵਿਗਿਆਨਕ ਤਰੀਕੇ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੋ ਨਵੇਂ ਸੌਫਟਵੇਅਰ ਲਾਂਚ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਪੁਲਿਸ ਹਾਈਟੈਕ ਕੈਮਰਿਆਂ ਨਾਲ ਵੀ ਲੈਸ ਹੋਵੇਗੀ।

