Breaking News
Home / ਪੰਜਾਬ / ਵੀ.ਕੇ. ਭਾਵੜਾ ਹੋ ਸਕਦੇ ਹਨ ਹੁਣ ਪੰਜਾਬ ਦੇ ਡੀਜੀਪੀ

ਵੀ.ਕੇ. ਭਾਵੜਾ ਹੋ ਸਕਦੇ ਹਨ ਹੁਣ ਪੰਜਾਬ ਦੇ ਡੀਜੀਪੀ

ਯੂਪੀਐਸਸੀ ਨੇ ਚਰਨਜੀਤ ਸਿੰਘ ਚੰਨੀ ਸਰਕਾਰ ਨੂੰ ਭੇਜਿਆ ਪੈਨਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਨਵੇਂ ਪਰਮਾਨੈਂਟ ਡੀਜੀਪੀ ਦੀ ਨਿਯੁਕਤੀ ’ਤੇ ਛੇਤੀ ਫੈਸਲਾ ਹੋ ਸਕਦਾ ਹੈ। ਇਸ ਸਬੰਧ ਵਿਚ ਯੂਪੀ ਐਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਨੇ ਪੰਜਾਬ ਸਰਕਾਰ ਨੂੰ ਪੈਨਲ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਯੂਪੀਐਸਸੀ ਵਲੋਂ ਦਿਨਕਰ ਗੁਪਤਾ ਨੂੰ ਹਟਾਉਣ ਤੋਂ ਬਾਅਦ ਹੀ ਅਫਸਰਾਂ ਦਾ ਪੈਨਲ ਬਣਾਇਆ ਗਿਆ ਸੀ। ਜਿਸ ਵਿਚ ਮੌਜੂਦਾ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਾਧਿਆ ਦਾ ਨਾਮ ਨਹੀਂ ਹੈ। ਜੇਕਰ ਚਟੋਪਾਧਿਆ ਹਟੇ ਤਾਂ ਵੀ.ਕੇ. ਭਾਵੜਾ ਪੰਜਾਬ ਦੇ ਨਵੇਂ ਡੀਜੀਪੀ ਬਣ ਸਕਦੇ ਹਨ। ਉਹ 2019 ਵਿਚ ਵੀ ਬਤੌਰ ਏਡੀਜੀਪੀ ਪੰਜਾਬ ਵਿਚ ਚੋਣਾਂ ਕਰਵਾ ਚੁੱਕੇ ਹਨ। ਇਸ ਵਾਰ ਪੰਜਾਬ ਚੋਣਾਂ ਦੇ ਲਿਹਾਜ਼ ਨਾਲ ਪੰਜਾਬ ਪੁਲਿਸ ਦੇ ਅਫਸਰ ਰਾਜਨੀਤਕ ਦਲਾਂ ਅਤੇ ਖਾਸ ਕਰ ਮੌਜੂਦਾ ਸਰਕਾਰ ਨਾਲ ਨੇੜਤਾ ਨੂੰ ਲੈ ਕੇ ਚਰਚਾ ਵਿਚ ਹਨ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ। ਹਾਲਾਂਕਿ ਉਨ੍ਹਾਂ ਨੇ ਤੁਰੰਤ ਡੀਜੀਪੀ ਦਿਨਕਰ ਗੁਪਤਾ ਨੂੰ ਨਹੀਂ ਹਟਾਇਆ। ਇਸ ਤੋਂ ਬਗੈਰ ਹੀ 30 ਸਤੰਬਰ ਨੂੰ ਪੰਜਾਬ ਦੀ ਚੰਨੀ ਸਰਕਾਰ ਨੇ ਯੂਪੀਐਸਸੀ ਨੂੰ 10 ਅਫਸਰਾਂ ਦੀ ਲਿਸਟ ਭੇਜ ਦਿੱਤੀ ਸੀ। ਹਾਲਾਂਕਿ ਉਸ ਸਮੇਂ ਦਿਨਕਰ ਗੁਪਤਾ ਛੁੱਟੀ ’ਤੇ ਸਨ ਅਤੇ ਉਨ੍ਹਾਂ ਨੂੰ ਸਰਕਾਰ ਨੇ 5 ਅਕਤੂਬਰ ਨੂੰ ਹਟਾਇਆ। ਜੇਕਰ ਯੂਪੀਐਸਸੀ 5 ਅਕਤੂਬਰ ਤੋਂ ਪੈਨਲ ਤਿਆਰ ਕਰੇਗੀ ਤਾਂ ਤਿੰਨ ਸੀਨੀਅਰ ਅਫਸਰਾਂ ਵਿਚ ਵੀ.ਕੇ. ਭਾਵੜਾ, ਦਿਨਕਰ ਗੁਪਤਾ ਅਤੇ ਪ੍ਰਬੋਧ ਕੁਮਾਰ ਦੇ ਨਾਮ ਹਨ। ਹਾਲਾਂਕਿ ਦਿਨਕਰ ਗੁਪਤਾ ਅਤੇ ਪ੍ਰਬੋਧ ਕੁਮਾਰ ਕੇਂਦਰ ਦੇ ਡੈਪੂਟੇਸ਼ਨ ’ਤੇ ਜਾ ਚੁੱਕੇ ਹਨ। ਅਜਿਹੇ ਵਿਚ ਭਾਵੜਾ ਇਕੱਲੇ ਦਾਅਵੇਦਾਰ ਹੋਣਗੇ ਅਤੇ ਸੰਭਵ ਹੈ ਕਿ ਉਨ੍ਹਾਂ ਦੀ ਅਗਵਾਈ ਵਿਚ ਹੀ ਪੰਜਾਬ ਪੁਲਿਸ ਵਿਧਾਨ ਸਭਾ ਚੋਣਾਂ ਵਿਚ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੇਗੀ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …