
ਮੌਜੂਦਾ ਪੀਐਮ ਤਾਰਿਕ ਰਹਿਮਾਨ ਨੂੰ ਦਿੱਲੀ ਤੋਂ ਢਾਕਾ ਲਈ ਸਰਕਾਰੀ ਜਹਾਜ਼ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਰਹਿ ਰਹੀ ਬੰਗਲਾਦੇਸ਼ ਦੀ ਬਰਖਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਉਂਦੀ 16 ਦਸੰਬਰ ਨੂੰ ਆਪਣੇ ਵਤਨ ਵਾਪਸ ਪਰਤਣ ਦੀ ਯੋਜਨਾ ਬਣਾਈ ਹੈ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਹਰ ਸਾਲ 16 ਦਸੰਬਰ ਨੂੰ ਪਾਕਿਸਤਾਨ ਨਾਲ ਹੋਈ ਜੰਗ ਤੋਂ ਬਾਅਦ ਹਾਸਲ ਹੋਈ ਆਜ਼ਾਦੀ ਦੀ ਖੁਸ਼ੀ ਵਿਚ ‘ਵਿਜੇ ਦਿਵਸ’ ਵਜੋਂ ਮਨਾਉਂਦਾ ਹੈ। ਵਿਦਿਆਰਥੀਆਂ ਦੀ ਅਗਵਾਈ ਹੇਠ ਹੋਏ ਵਿਆਪਕ ਪ੍ਰਦਰਸ਼ਨਾਂ ਕਾਰਨ ਸ਼ੇਖ ਹਸੀਨਾ ਦੇ 15 ਸਾਲਾ ਸ਼ਾਸਨ ਦਾ ਅੰਤ ਹੋ ਗਿਆ ਸੀ, ਜਿਸ ਤੋਂ ਬਾਅਦ ਉਹ 5 ਅਗਸਤ 2024 ਨੂੰ ਦੇਸ਼ ਛੱਡ ਕੇ ਭਾਰਤ ਪਹੁੰਚ ਗਈ ਸੀ। ਉਸ ਜਨ-ਵਿਦਰੋਹ ਦੌਰਾਨ ਸੈਂਕੜੇ ਪ੍ਰਦਰਸ਼ਨਕਾਰੀਆਂ ਦੀ ਜਾਨ ਚਲੇ ਗਈ ਸੀ, ਜਿਸ ਨਾਲ ਜੁੜੇ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਮਾਮਲੇ ਵਿਚ ਅਦਾਲਤ ਵਲੋਂ ਹਸੀਨਾ ਨੂੰ ਉਨ੍ਹਾਂ ਦੀ ਗੈਰ-ਮੌਜੂਦਗੀ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ, ਹਸੀਨਾ ਨੇ ਇਸ ਫੈਸਲੇ ਨੂੰ ਸਿਰੇ ਤੋਂ ਰੱਦ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਵਤਨ ਪਰਤਣ ਤੋਂ ਬਾਅਦ ਕਾਨੂੰਨੀ ਮੁਕੱਦਮੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਇਸਦੇ ਚੱਲਦਿਆਂ ਸ਼ੇਖ ਹਸੀਨਾ ਨੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਰਾਸ਼ਟਰੀ ਏਅਰਲਾਈਨ ਦੇ ਜਹਾਜ਼ ਰਾਹੀਂ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਕਰਨ।

