
30 ਅਗਸਤ ਨੂੰ 7 ਭਾਸ਼ਾਵਾਂ ’ਚ ਹੋਵੇਗੀ ਰਿਲੀਜ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਆਸੀ ਸਫਰ ’ਤੇ ਡਾਕੂਮੈਂਟਰੀ ਫਿਲਮ ਬਣ ਚੁੱਕੀ ਹੈ। ‘ਡਿਸਕਵਰੀ’ ਚੈਨਲ ਵਲੋਂ ਸੀਐਮ ਮਾਨ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਤੌਜ ਵਿਚ ਬੀਤੇ ਬਚਪਨ ਤੋਂ ਲੈ ਕੇ ਸੰਸਦ ਅਤੇ ਉਸ ਤੋਂ ਬਾਅਦ ਮੁੱਖ ਮੰਤਰੀ ਦਫਤਰ ਤੱਕ ਦੇ ਸਫਰ ’ਤੇ ਅਧਾਰਿਤ ਇਹ ਫਿਲਮ ਜਲਦ ਰਿਲੀਜ਼ ਹੋ ਰਹੀ ਹੈ। ‘ਫਰੌਮ ਸਤੌਜ ਟੂ ਪਾਰਲੀਮੈਂਟ’ ਦੇ ਨਾਮ ਹੇਠ ਇਹ ਫਿਲਮ ਆਉਂਦੀ 30 ਅਗਸਤ ਨੂੰ 7 ਭਾਸ਼ਾਵਾਂ ਵਿਚ ਰਿਲੀਜ਼ ਕੀਤੀ ਜਾਵੇਗੀ। ਭਗਵੰਤ ਮਾਨ ਨੇ ਇਸ ਫਿਲਮ ਦਾ ਟਰੇਲਰ ਸਾਂਝਾ ਕਰਦਿਆਂ ਆਪਣੇ ਇਸ ਸਫਰ ਨੂੰ ‘‘ਮਿੱਟੀ ਨਾਲ ਜੁੜੇ ਇਕ ਇਨਸਾਨ, ਲੋਕਾਂ ਨੂੰ ਹਸਾਉਣ ਵਾਲੇ ਇਕ ਵਿਅੰਗਕਾਰ ਅਤੇ ਸ਼ਾਸਨ ਦਾ ਨਵਾਂ ਮਾਪਦੰਡ ਕਾਇਮ ਕਰਨ ਵਾਲੇ ਮੁੱਖ ਮੰਤਰੀ’’ ਦੀ ਕਹਾਣੀ ਦੱਸਿਆ ਹੈ। ਇਹ ਫਿਲਮ ਭਗਵੰਤ ਮਾਨ ਦੇ ਪਿੰਡ ਸਤੌਜ ਵਿਚ ਬੀਤੇ ਸ਼ੁਰੂਆਤੀ ਜੀਵਨ ਤੋਂ ਲੈ ਕੇ 2022 ਵਿਚ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੱਕ ਦੇ ਪੂਰੇ ਸਫਰ ਨੂੰ ਦਰਸਾਉਂਦੀ ਹੈ। ਇਸ ਡਾਕੂਮੈਂਟਰੀ ਫਿਲਮ ਵਿਚ ਸੀਐਮ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ, ਮਾਤਾ ਹਰਪਾਲ ਕੌਰ ਅਤੇ ਮਨੋਰੰਜਨ ਜਗਤ ਦੇ ਦੋਸਤਾਂ ਦੀਆਂ ਯਾਦਾਂ ਅਤੇ ਗੱਲਾਂ ਸ਼ਾਮਲ ਹਨ, ਜੋ ਇਕ ਪੇਂਡੂ ਪਿਛੋਕੜ ਤੋਂ ਉਠ ਕੇ ਸੂਬੇ ਦੇ ਸਭ ਤੋਂ ਉਚੇ ਸਿਆਸੀ ਅਹੁਦੇ ਤੱਕ ਪਹੁੰਚਣ ਦੀ ਕਹਾਣੀ ਬਿਆਨ ਕਰਦੇ ਹਨ।

