ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਸੁਪਰੀਮੋ ਵੱਲੋਂ ਸਰਕਾਰੀ ਪੈਸੇ ਨਾਲ ਮੋਗਾ ਵਿਚ ਕੀਤੀ ਸਿਆਸੀ ਰੈਲੀ ਤੇ ਤੰਜ ਕਰਦਿਆਂ ਕਿਹਾ ਹੈ ਕਿ ਕੀ ਆਪਣੇ ਇਸ ਮੋਗੇ ਦੌਰੇ ਦੌਰਾਨ ਵੀ ਉਹ 2017 ਵਾਂਗ ਵੱਖਵਾਦੀ ਤਾਕਤਾਂ ਨੂੰ ਮਿਲਣ ਆਏ ਹਨ। ਉਨ੍ਹਾਂ ਨੇ ਆਖਿਆ ਕਿ ਆਪ ਪਾਰਟੀ ਜਦੋਂ ਤੋਂ ਸੱਤਾ ਵਿਚ ਆਈ ਹੈ ਰਾਜ ਦਾ ਮਾਹੌਲ ਲਗਾਤਾਰ ਖਰਾਬ ਹੀ ਹੁੰਦਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਸ ਪਾਰਟੀ ਦੀ ਨੀਤੀ ਦਾ ਹਿੱਸਾ ਹੀ ਹੈ ਤਾਂਕਿ ਲੋਕਾਂ ਵਿਚ ਡਰ ਦਾ ਮਹੌਲ ਪੈਦਾ ਕੀਤਾ ਜਾਵੇ। ਇਸੇ ਤਰਾਂ ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਮੋਗਾ ਰੈਲੀ ਨੂੰ ਸਿਆਸੀ ਰੂਪ ਦਿੱਤਾ ਗਿਆ ਹੈ ਇਸਨੂੰ ਕਿਸੇ ਵੀ ਤਰ੍ਹਾਂ ਨਾਲ ਸਰਕਾਰੀ ਰਾਜ ਪੱਧਰੀ ਸਮਾਗਮ ਨਹੀਂ ਕਿਹਾ ਜਾ ਸਕਦਾ।

