
ਚੰਡੀਗੜ੍ਹ, 25 ਨਵੰਬਰ – ਆਮ ਆਦਮੀ ਪਾਰਟੀ ਦੀ ਕੱਲ੍ਹ ਮੋਗਾ ਰੈਲੀ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਨੂੰ ਪੰਜ ਸਿੱਧੇ ਸਵਾਲ ਪੁੱਛੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜ ਸਾਲਾਂ ਦੇ ਰਿਪੋਰਟ ਕਾਰਡ ਦਾ ਸਿਹਰਾ ਲੈਣ ਤੋਂ ਪਹਿਲਾਂ ਉਹ ਨਸ਼ਾ, ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਵਧਦੇ ਕਰਜ਼ੇ ਅਤੇ ਫਜ਼ੂਲ ਇਸ਼ਤਿਹਾਰਬਾਜ਼ੀ ਬਾਰੇ ਜਵਾਬਦੇਹੀ ਤੈਅ ਕਰਨ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ 2,960 ਸਰਕਾਰੀ ਬੱਸਾਂ ਨੂੰ ਨਿਯਮਤ ਰੂਟਾਂ ਤੋਂ ਹਟਾ ਕੇ ਅਤੇ ਜਨਤਾ ਦੇ ਪੈਸੇ ਨਾਲ ਖ਼ੁਸ਼ਹਾਲੀ ਨਹੀਂ ਬਣਾਈ ਜਾ ਸਕਦੀ, ਜਦਕਿ ਪੰਜਾਬ ਦਾ ਹਰ ਘਰ ‘ਆਪ’ ਦੇ ਭ੍ਰਿਸਟ ਰਾਜ ਦੀ ਕੀਮਤ ਚੁਕਾ ਰਿਹਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਨੇ ਕਿਹਾ ਕਿ ਕੱਲ੍ਹ ਮੋਗਾ ਵਿੱਚ ਖੋਖਲੀਆਂ ਸਕ੍ਰਿਪਟਾਂ ਪੜ੍ਹਨ ਦੀ ਬਜਾਏ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਪੰਜਾਬ ਦੇ ਲੋਕਾਂ ਸਾਹਮਣੇ ਇਨ੍ਹਾਂ ਪੰਜ ਸਵਾਲਾਂ ਦੇ ਜਵਾਬ ਦੇਣ।
1. ਨਸ਼ਾ: ‘ਆਪ’ ਨੇ ਸਰਕਾਰ ਬਣਨ ਦੇ ਕੁਝ ਮਹੀਨਿਆਂ ਅੰਦਰ ਨਸ਼ੇ ਦਾ ਖ਼ਾਤਮਾ ਕਰਨ ਦਾ ਵਾਅਦਾ ਕੀਤਾ ਸੀ। ਫਿਰ ਅੱਜ ਵੀ ਨੌਜਵਾਨ ਹਰ ਰੋਜ਼ ਓਵਰਡੋਜ਼ ਨਾਲ ਕਿਉਂ ਮਰ ਰਹੇ ਹਨ? ਕੇਜਰੀਵਾਲ ਨੇ ਤਿੰਨ ਮਹੀਨੇ ਵਿੱਚ ਨਸ਼ਾ ਖਤਮ ਕਰਨ ਦੀ ਗਰੰਟੀ ਦਿੱਤੀ ਸੀ। ਨਸ਼ਾ ਖਤਮ ਕਰਨ ਦੀ ਥਾਂ ਹੁਣ ਨਸ਼ੇ ਦੀ ਘਰ ਘਰ ਤੱਕ ਡਿਲੀਵਰੀ ਹੋ ਰਹੀ ਹੈ।ਹਰ ਰੋਜ਼ ਨਸ਼ੇ ਦੀ ਭੇਂਟ ਚੜ੍ਹ ਰਹੇ ਮਾਵਾਂ ਦੇ ਪੁੱਤਾਂ ਦਾ ਜਵਾਬ ਕੇਜਰੀਵਾਲ ਤੇ ਆਪ ਸਰਕਾਰ ਨੂੰ ਦੇਣਾ ਚਾਹੀਦਾ ਹੈ।
2. ਕਾਨੂੰਨ ਵਿਵਸਥਾ: ਪੰਜਾਬ ਵਰਗੇ ਸਰਹੱਦੀ ਸੂਬੇ ਨੂੰ ਗੈਂਗਸਟਰਾਂ, ਫਿਰੌਤੀ ਦੀਆਂ ਧਮਕੀਆਂ ਅਤੇ ਦਿਨ-ਦਿਹਾੜੇ ਗੋਲੀਬਾਰੀ ਦੀ ਗ੍ਰਿਫ਼ਤ ਵਿੱਚ ਕਿਉਂ ਧੱਕ ਦਿੱਤਾ ਗਿਆ, ਜਿੱਥੇ ਤਰਨ ਤਾਰਨ ਵਿੱਚ ਲੰਗਰ ਤਿਆਰ ਕਰ ਰਹੇ ਨੌਜਵਾਨਾਂ ਨੂੰ ਵੀ ਬੇਖ਼ੌਫ਼ ਹੋ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ? ਅਤੇ ਪਾਰਟੀ ਨੇ ਅਜਿਹਾ ਮਾਹੌਲ ਕਿਉਂ ਬਣਾ ਦਿੱਤਾ ਹੈ ਕਿ ਪੁਲਿਸ ਮੁਲਾਜ਼ਮਾਂ ਤੱਕ ਸੁਰੱਖਿਅਤ ਨਹੀਂ ਹਨ।
3. ਭ੍ਰਿਸ਼ਟਾਚਾਰ: ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੌਲਰੈਂਸ ਦਾ ਵਾਅਦਾ ਸਿਫ਼ਰ ਵਾਅਦਾ ਰਹਿ ਗਿਆ। ਸੂਬੇ ਦੇ ਪੰਜਾਬ ਦੇ ਉੱਚ ਅਧਿਕਾਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਦੇ ਸੰਮਨਾਂ ਦਾ ਸਾਹਮਣਾ ਕਿਉਂ ਕਰ ਰਹੇ ਹਨ? ਪੀਪੀਐੱਸਸੀ ਪੀਸੀਐੱਸ ਤੋਂ ਲੈ ਕੇ ਪੀਐੱਸਐੱਸਐੱਸਬੀ ਅਤੇ ਪੀਐੱਸਆਰਐੱਲਐੱਮ ਤੱਕ ਦੀਆਂ ਵੱਡੀਆਂ ਭਰਤੀ ਪ੍ਰੀਖਿਆਵਾਂ ਹਾਈ ਕੋਰਟ ਦੇ ਸਟੇਅ ਅਤੇ ਵਿਜੀਲੈਂਸ ਜਾਂਚ ਦੇ ਘੇਰੇ ਵਿੱਚ ਕਿਉਂ ਆ ਗਈਆਂ? ਹਰ ਛੋਟੇ ਕੰਮ ਤੋਂ ਲੈ ਕੇ ਅਧਿਕਾਰੀਆਂ ਦੀਆਂ ਬਦਲੀਆਂ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ।
4. ਕਰਜ਼ਾ ਅਤੇ ਆਰਥਿਕ ਮੰਦਹਾਲੀ: ਨਾਜਾਇਜ਼ ਮਾਈਨਿੰਗ ਖ਼ਤਮ ਕਰਨ ਅਤੇ ਇਮਾਨਦਾਰ ਸ਼ਾਸਨ ਰਾਹੀਂ ਵਾਅਦਾ ਕੀਤੇ ਗਏ ਹਜ਼ਾਰਾਂ ਕਰੋੜ ਰੁਪਏ ਕਿੱਥੇ ਗਏ? ਪੰਜਾਬ ਦਾ ਕਰਜ਼ਾ 4 ਲੱਖ ਕਰੋੜ ਤੋਂ ਪਾਰ ਕਿਉਂ ਪਹੁੰਚ ਗਿਆ। ਔਰਤਾਂ ਨੂੰ ਮਹੀਨਾਵਾਰ ਸਹਾਇਤਾ ਲਈ ਚਾਰ ਸਾਲ ਤੋਂ ਵੱਧ ਉਡੀਕ ਕਿਉਂ ਕਰਵਾਈ ਗਈ ਅਤੇ 1 ਜਨਵਰੀ 2026 ਤੋਂ ਬਕਾਇਆ 7ਵੇਂ ਪੰਜਾਬ ਤਨਖ਼ਾਹ ਕਮਿਸ਼ਨ ਤੋਂ 8 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵਾਂਝਾ ਕਿਉਂ ਰੱਖਿਆ ਗਿਆ ਹੈ ?
5. ਇਸ਼ਤਿਹਾਰਬਾਜ਼ੀ: ‘ਆਪ’ ਸਰਕਾਰ ਨੇ ਕਰੀਬ ਇਸ਼ਤਿਹਾਰਬਾਜ਼ੀ ਉਪਰ ਕਰੋੜਾਂ ਰੁਪਏ ਦੀ ਫਜ਼ੂਲ ਖਰਚੀ ਕਰਕੇ ਜਨਤਾ ਦੇ ਪੈਸੇ ਦੀ ਬਰਬਾਦੀ ਕਿਉਂ ਕੀਤੀ? ਕੀ ਇਹ ਪੈਸਾ ਸਿੱਖਿਆ, ਸਿਹਤ ਅਤੇ ਖੇਤੀ ‘ਤੇ ਨਹੀਂ ਲੱਗਣਾ ਚਾਹੀਦਾ ਸੀ? ਸੂਬੇ ਦੇ ਖ਼ਜ਼ਾਨੇ ਦੀ ਤੰਗੀ ਦੇ ਬਾਵਜੂਦ ਗੁਜਰਾਤ, ਦੱਖਣੀ ਭਾਰਤ ਦੇ ਦੂਜੇ ਸੂਬਿਆਂ ਵਿੱਚ ਇਸ਼ਤਿਹਾਰ ਦੇਣ ਨਾਲ ਪੰਜਾਬ ਦੇ ਲੋਕਾਂ ਨੂੰ ਕੀ ਫ਼ਾਇਦਾ ਹੋਇਆ? ਕੀ ਇਹ ਸਰਕਾਰੀ ਸਕੀਮਾਂ ਦੀ ਜਾਣਕਾਰੀ ਸੀ ਜਾਂ ਪਾਰਟੀ ਅਤੇ ਉਸ ਦੇ ਆਗੂਆਂ ਦਾ ਪ੍ਰਚਾਰ?
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸਕ ਪੁਨਰ-ਮਿਲਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 8 ਦਸੰਬਰ ਨੂੰ ਮੋਗਾ ਵਿੱਚ ਹੋਣ ਵਾਲੀ ਰੈਲੀ ਦੇ ਐਲਾਨ ਤੋਂ ਬਾਅਦ ‘ਆਪ’ ਖੇਮੇ ਵਿੱਚ ਘਬਰਾਹਟ ਸਾਫ਼ ਦਿਖਾਈ ਦੇ ਰਹੀ ਹੈ, ਜੋ ਸਰਕਾਰੀ ਮਸ਼ੀਨਰੀ ਦੀ ਬੇਤਹਾਸ਼ਾ ਦੁਰਵਰਤੋਂ ਤੋਂ ਜ਼ਾਹਰ ਹੁੰਦੀ ਹੈ। “ਜਿੱਥੇ ਭਾਜਪਾ ਕੱਲ੍ਹ ਸੰਗਰੂਰ ਵਿੱਚ ਸੰਵਿਧਾਨ ਦਿਵਸ ਮਨਾ ਕੇ ਡਾ. ਬੀ.ਆਰ. ਅੰਬੇਡਕਰ ਦੀ ਵਿਰਾਸਤ ਦਾ ਸਨਮਾਨ ਕਰੇਗੀ, ਉੱਥੇ ਮਾਨ ਸਰਕਾਰ ਜਨਤਕ ਪੈਸਾ ਆਪਣੇ ਪਾਰਟੀ ਪ੍ਰਚਾਰ ‘ਤੇ ਉਡਾ ਰਹੀ ਹੈ। ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਦਾ ਰਿਪੋਰਟ ਕਾਰਡ ਪਹਿਲਾਂ ਹੀ ਲਿਖ ਚੁੱਕੇ ਹਨ ਅਤੇ ਦਿੱਲੀ ਵਾਂਗ ਪੰਜਾਬ ਦੇ ਲੋਕ ਇਹਨਾਂ ਨੂੰ ਚੰਗਾ ਸਬਕ ਸਿਖਾਉਣਗੇ।

