7.8 C
Toronto
Wednesday, October 29, 2025
spot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੈਲ ਗੱਡੀ ਦੀਆਂ ਦੌੜਾਂ ਮੁੜ ਸ਼ੁਰੂ ਕਰਨ...

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੈਲ ਗੱਡੀ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਦਾ ਐਲਾਨ

ਦਹਾਕੇ ਤੋਂ ਬੰਦ ਪਈਆਂ ਖੇਡਾਂ ਲਈ ਹੁਣ ਰਾਸ਼ਟਰਪਤੀ ਤੋਂ ਮਨਜ਼ੂਰੀ ਦੀ ਉਡੀਕ
ਮੰਡੀ ਅਹਿਮਦਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਿੰਘ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣ ਦਾ ਰਸਮੀ ਐਲਾਨ ਕੀਤਾ ਹੈ। ਪੇਂਡੂ ਖੇਡਾਂ ਦੀ ਪਛਾਣ ਸਮਝੀਆਂ ਜਾਂਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਦਹਾਕੇ ਤੋਂ ਵੱਧ ਸਮੇਂ ਤੋਂ ਬੰਦ ਹਨ। ਐਲਾਨ ਅਨੁਸਾਰ ਇਹ ਖੇਡਾਂ ਪੰਜਾਬ ਐਨੀਮਲ ਐਂਡ ਕਰੂਐਲਿਟੀ ਪ੍ਰੀਵੈਨਸ਼ਨ (ਪੰਜਾਬ ਸੋਧ) ਐਕਟ ਨੂੰ ਰਾਸ਼ਟਰਪਤੀ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਮੁੜ ਸ਼ੁਰੂ ਹੋਣਗੀਆਂ। ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਦੱਸਿਆ ਕਿ ਪੰਜਾਬ ਦੇ ਰਾਜਪਾਲ ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਇਸ ਐਕਟ ਨੂੰ ਰਾਸ਼ਟਰਪਤੀ ਕੋਲ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਰਾਸ਼ਟਰਪਤੀ ਕੋਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਜਾਨਵਰਾਂ ਦੀਆਂ ਸਾਰੀਆਂ ਖੇਡਾਂ ਨੂੰ ਬਹਾਲ ਕੀਤਾ ਜਾਵੇਗਾ।
ਜਿਸ ਸਟੇਡੀਅਮ ਵਿੱਚ ਇਹ ਐਲਾਨ ਕੀਤਾ ਗਿਆ, ਉਹ ਪੇਂਡੂ ਖੇਡਾਂ ਲਈ ਮਸ਼ਹੂਰ ਉਸ ਕਿਲਾ ਰਾਏਪੁਰ ਸਪੋਰਟਸ ਸਟੇਡੀਅਮ ਤੋਂ ਥੋੜ੍ਹੀ ਜਿਹੀ ਦੂਰੀ ‘ਤੇ ਹੈ, ਜਿੱਥੇ 92 ਸਾਲ ਪਹਿਲਾਂ 1933 ਵਿੱਚ ਬਖਸ਼ੀਸ ਸਿੰਘ ਗਰੇਵਾਲ ਬਾਬਾ ਬਖਸ਼ੀ ਨੇ ਇਹ ਖੇਡਾਂ ਸ਼ੁਰੂ ਕੀਤੀਆਂ ਸਨ। ਸੀਐਮ ਮਾਨ ਨੇ ਦਾਅਵਾ ਕੀਤਾ ਕਿ ਪੇਂਡੂ ਸਮਾਜ ਦਾ ਬਲਦਾਂ, ਘੋੜਿਆਂ, ਕੁੱਤਿਆਂ ਅਤੇ ਪੰਛੀਆਂ (ਕਬੂਤਰਾਂ) ਨਾਲ ਬਹੁਤ ਨਜ਼ਦੀਕੀ ਰਿਸ਼ਤਾ ਰਿਹਾ ਹੈ।
ਪੰਜਾਬ ਦੇ ਵਸਨੀਕ ਆਪਣੇ ਘਰੇਲੂ ਜਾਨਵਰਾਂ ਤੋਂ ਕੰਮ ਲੈਣ ਤੋਂ ਬਾਅਦ ਕਦੇ ਵੀ ਕੁਦਰਤ ਦੇ ਰਹਿਮ ‘ਤੇ ਛੱਡਣ ਬਾਰੇ ਨਹੀਂ ਸੋਚ ਸਕਦੇ। ਮਾਨ ਨੇ ਕਿਹਾ ਕਿ ਖੇਤੀਬਾੜੀ ਹੁਣ ਬਲਦਾਂ ‘ਤੇ ਨਿਰਭਰ ਨਹੀਂ ਹੈ ਅਤੇ ਪਹਿਲਾਂ ਵਾਂਗ ਹੁਣ ਘੋੜਿਆਂ ਦੀ ਵਰਤੋਂ ਵੀ ਯੁੱਧਾਂ ਵਿੱਚ ਨਹੀਂ ਹੁੰਦੀ ਤਾਂ ਜਾਨਵਰਾਂ ਦੀਆਂ ਖੇਡਾਂ ਹੀ ਇੱਕੋ-ਇੱਕ ਵਸੀਲਾ ਹਨ, ਜਿਸ ਰਾਹੀਂ ਮਨੁੱਖ ਅਤੇ ਪਸ਼ੂਆਂ ਦਾ ਪਹਿਲਾਂ ਵਰਗਾ ਰਿਸ਼ਤਾ ਬਣਿਆ ਰਹਿ ਸਕਦਾ ਹੈ।
ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਹਰਭਜਨ ਸਿੰਘ ਮਾਨ, ਹਰਦੀਪ ਸਿੰਘ ਮੁੰਡੀਆਂ ਤੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਜਗਜੀਵਨ ਸਿੰਘ ਸੰਗੋਵਾਲ ਅਤੇ ਮੁਹੰਮਦ ਜਮੀਲ ਉਰ ਰਹਿਮਾਨ ਨੇ ਵੀ ਸੰਬੋਧਨ ਕੀਤਾ।
ਇਸ ਦੌਰਾਨ ਸੰਗਠਨਾਂ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਨੇ ਮੁੱਖ ਮੰਤਰੀ ਨੂੰ ਸਨਮਾਨਿਤ ਵੀ ਕੀਤਾ।

RELATED ARTICLES
POPULAR POSTS