ਸੁਨੀਲ ਜਾਖੜ ਬੋਲੇ : ਝੂਠਿਆਂ ਨੂੰ ਸਭ ਝੂਠੇ ਹੀ ਨਜ਼ਰ ਆਉਂਦੇ ਹਨ
ਚੰਡੀਗੜ੍ਹ/ਬਿਊਰੋ ਨਿਊਜ਼ : ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ਨੂੰ ਰਿਜੈਕਟ ਕੀਤੇ ਜਾਣ ਤੋਂ ਬਾਅਦ ਪੰਜਾਬ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਇਕ-ਦੂਜੇ ’ਤੋ ਆਰੋਪ ਲਗਾਏ ਜਾ ਰਹੇ ਹਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਝੂਠਾ ਦੱਸਦੇ ਹੋਏ ਕਿਹਾ ਕਿ ਜੇਕਰ ਝਾਕੀ ’ਚ ਉਨ੍ਹਾਂ ਦੀ ਅਤੇ ਕੇਜਰੀਵਾਲ ਦੀ ਫੋਟੋ ਲੱਗੀ ਉਹ ਸਾਬਤ ਕਰ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਚੈਲੇਂਜ ਤੋਂ ਬਾਅਦ ਸੁਨੀਲ ਜਾਖੜ ਨੇ ਪਲਟਵਾਰ ਕਰਦੇ ਹੋਏ ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ’ਚ ਕਿਹਾ ਕਿ ਝੂਠਿਆਂ ਨੂੰ ਸਭ ਝੂਠੇ ਹੀ ਨਜ਼ਰ ਆਉਂਦੇ ਹਨ। ਉਨ੍ਹਾਂ ਫੇਸਬੁੱਕ ’ਤੇ ਲਿਖਿਆ ਕਿ ‘ਮੈਂ ਜੋ ਕੱਲ੍ਹ ਕਿਹਾ ਸੀ ਉਸ ’ਤੇ ਅੱਜ ਵੀ ਕਾਇਮ ਹਾਂ। ਸੁਨੀਲ ਜਾਖੜ ਦੇ ਇਸ ਪਲਟਵਾਰ ਤੋਂ ਬਾਅਦ ਝਾਕੀ ਨੂੰ ਰਿਜੈਕਟ ਕਰਨ ਦਾ ਮੁੱਦਾ ਇਕ ਵਾਰ ਫਿਰ ਤੋਂ ਗਰਮਾ ਗਿਆ ਹੈ। ਧਿਆਨ ਰਹੇ ਕਿ ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ’ਚ ਕਿਹਾ ਸੀ ਕਿ ਜਾਖੜ ਨਵੇਂ-ਨਵੇਂ ਭਾਜਪਾ ’ਚ ਗਏ ਹਨ ਫਿਲਹਾਲ ਉਨ੍ਹਾਂ ਨੂੰ ਪੂਰੀ ਤਰ੍ਹਾਂ ਝੂਠ ਬੋਲਣਾ ਨਹੀਂ ਆਉਂਦਾ। ਲੰਘੇ ਦਿਨੀਂ ਜਦੋਂ ਜਾਖੜ ਝੂਠ ਬੋਲ ਰਹੇ ਸਨ ਤਾਂ ਉਨ੍ਹਾਂ ਦੇ ਬੁੱਲ੍ਹ ਕੰਬ ਰਹੇ ਸਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਸਕਿ੍ਰਪਟ ਦਿੱਤੀ ਜਾਂਦੀ ਅਤੇ ਉਸੇ ਨੂੰ ਪੜ੍ਹ ਕੇ ਉਹ ਭਾਸ਼ਣ ਦਿੰਦੇ ਹਨ।