ਕਿਹਾ : ਸਪੀਕਰ ਸਾਬ ਕੋਟਕਪੂਰਾ ਦੀ ਬਜਾਏ ਪੂਰੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਕਰੋ ਚਿੰਤਾ
ਜਲੰਧਰ/ਬਿਊਰੋ ਨਿਊਜ਼ : ਜਲੰਧਰ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਘੇਰਦੇ ਹੋਏ ਕਿਹਾ ਕਿ ਹਾਲਾਤ ਅਜਿਹੇ ਬਣ ਗਏ ਹਨ ਕਿ ਉਨ੍ਹਾਂ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵਪਾਰੀਆਂ ਵੱਲੋਂ ਸ਼ਹਿਰ ਨੂੰ ਬੰਦ ਕਰਕੇ ਵਿਰੋਧ ਕਰਨਾ ਪਿਆ। ਪਰਗਟ ਸਿੰਘ ਨੇ ਕਿਹਾ ਕਿ ਸਪੀਕਰ ਸਾਬ ਕੋਟਕਪੂਰਾ ਦੇ ਵਪਾਰੀਆਂ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਖਰਾਬ ਹੋਣ ਕਾਰਨ ਹੀ ਸ਼ਹਿਰ ਨੂੰ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਪਰਗਟ ਸਿੰਘ ਨੇ ਕਿਹਾ ਕਿ ਸਪੀਕਰ ਸਾਬ ਸਿਰਫ਼ ਆਪਣੇ ਹਲਕੇ ਸਬੰਧੀ ਡੀਜੀਪੀ ਨੂੰ ਲਿਖਣ ਦੀ ਬਜਾਏ ਪੂਰੇ ਪੰਜਾਬ ਸਬੰਧੀ ਲਿਖੋ। ਉਨ੍ਹਾਂ ਕਿਹਾ ਕਿ ਤੁਸੀਂ ਆਪਣੀ ਕੁਰਸੀ ਦੀ ਤਾਕਤ ਵਰਤ ਕੇ ਵਿਧਾਨ ਸਭਾ ਸੈਸ਼ਨ ਬੁਲਾਓ ਤਾਂ ਜੋ ਸਾਰੇ ਵਿਧਾਇਕ ਆਪਣੇ-ਆਪਣੇ ਹਲਕਿਆਂ ਦੀ ਕਾਨੂੰਨ ਵਿਵਸਥਾ ’ਤੇ ਸਰਕਾਰ ਦਾ ਧਿਆਨ ਕੇਂਦਰਿਤ ਕਰਵਾ ਸਕਣ। ਧਿਆਨ ਰਹੇ ਕਿ ਲੰਘੇ ਦਿਨੀਂ ਕੋਪਕਪੂਰਾ ਦੇ ਵਪਾਰੀਆਂ ਨੇ ਸਾਰੇ ਸ਼ਹਿਰ ਦੇ ਬਜ਼ਾਰ ਬੰਦ ਕਰਕੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਸੀ।