Breaking News
Home / ਦੁਨੀਆ / ਨਰਿੰਦਰ ਮੋਦੀ ਨੇ ਰਵਾਂਡਾ ‘ਚ ਵਸੇ ਭਾਰਤੀਆਂ ਦੀ ਕੀਤੀ ਸ਼ਲਾਘਾ

ਨਰਿੰਦਰ ਮੋਦੀ ਨੇ ਰਵਾਂਡਾ ‘ਚ ਵਸੇ ਭਾਰਤੀਆਂ ਦੀ ਕੀਤੀ ਸ਼ਲਾਘਾ

ਕਿਹਾ, ਦੁਨੀਆ ਭਰ ‘ਚ ਭਾਰਤੀ ਭਾਈਚਾਰੇ ਨੇ ਵੱਖਰੀ ਪਹਿਚਾਣ ਬਣਾਈ
ਕਿਗਾਲੀ/ਬਿਊਰੋ ਨਿਊਜ਼ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਵਾਂਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਾਰਤ-ਰਵਾਂਡਾ ਮਿੱਤਰਤਾ ਉੱਤੇ ਸਾਕਾਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੇ ਆਪਣੀ ਵਿਲੱਖਣ ਪਛਾਣ ਬਣਾਈ ਹੈ ਅਤੇ ਦੇਸ਼ ਵਾਸੀ ਉਨ੍ਹਾਂ ਦੀਆਂ ਪ੍ਰਾਪਤੀਆਂ ਉੱਤੇ ਮਾਣ ਕਰਦੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਯੁਗਾਂਡਾ ਪੁੱਜ ਗਏ, ਜਿੱਥੇ ਭਾਰਤ ਨੇ ਯੁਗਾਂਡਾ ਨੂੰ ਊਰਜਾ, ਮੁੱਢਲੇ ਢਾਂਚੇ, ਖੇਤੀਬਾੜੀ ਅਤੇ ਡੇਅਰੀ ਖੇਤਰ ਦੇ ਵਿਕਾਸ ਲਈ 20 ਕਰੋੜ ਡਾਲਰ ਦੀ ਵਿਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੁਗਾਂਡਾ ਦੇ ਰਾਸ਼ਟਰਪਤੀ ਯੋਵੇਰੀ ਮੁਸੇਵਨੀ ਨਾਲ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਬਾਰ ਵਿਚਾਰਾਂ ਕੀਤੀਆਂ। ਪ੍ਰਧਾਨ ਮੰਤਰੀ ਦਾ ਜਹਾਜ਼ ਐਨਤੱਬੇ ਅੰਤਰਾਸ਼ਟਰੀ ਹਵਾਈ ਅੱਡੇ ਉੱਤੇ ਉੱਤਰਿਆ। 1997 ਤੋਂ ਬਾਅਦ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ, ਜੋ ਯੁਗਾਂਡਾ ਪੁੱਜੇ ਹਨ। ਉਹ ਯੁਗਾਂਡਾ ਦੇ ਪ੍ਰਧਾਨ ਮੰਤਰੀ ਯੋਵੇਰੀ ਮੁਸੇਵੇਨੀ ਨੂੰ ਮਿਲਣ ਤੋਂ ਇਲਾਵਾ ਭਾਰਤ-ਯੁਗਾਂਡਾ ਸਾਂਝੇ ਵਪਾਰਕ ਫੋਰਮ ਦੀ ਮੀਟਿੰਗ ਵਿੱਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਭਾਰਤੀ ਭਾਈਚਾਰੇ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਾਮੇ ਨੇ ਭਾਰਤੀ ਭਾਈਚਾਰੇ ਵੱਲੋਂ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ ਬਾਰੇ ਉਨ੍ਹਾਂ ਨਾਲ ਮੁਲਾਕਾਤ ਦੌਰਾਨ ਵਿਸ਼ੇਸ਼ ਚਰਚਾ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਕੀਤੇ ਟਵੀਟ ਅਨੁਸਾਰ ਰਵਾਂਡਾ ਦੇ ਭਾਰਤੀ ਭਾਈਚਾਰੇ ਦਾ ਰਵਾਂਡਾ-ਭਾਰਤ ਦੋਸਤੀ ਉੱਤੇ ਸਾਕਾਰਾਤਮਕ ਪ੍ਰਭਾਵ ਪਿਆ ਹੈ। ਉਨ੍ਹਾਂ ਨੇ ਭਾਰਤੀ ਸਫ਼ਾਰਤਖਾਨਾ ਖੋਲ੍ਹੇ ਜਾਣ ਦੀ ਮੰਗ ਜਲਦੀ ਪੂਰਾ ਕਰਨ ਲਈ ਸਹਿਮਤੀ ਪ੍ਰਗਟਾਈ। ਮੋਦੀ ਨੇ ਮਨੁੱਖੀ ਨਸਲਕੁਸ਼ੀ ਯਾਦਗਾਰ ਕੇਂਦਰ ਦਾ ਵੀ ਦੌਰਾ ਕੀਤਾ।
ਮੋਦੀ ਵੱਲੋਂ ਰਵਾਂਡਾ ਵਾਸੀਆਂ ਨੂੰ ਦੋ ਸੌ ਗਊਆਂ ਭੇਟ : ਰਵਾਂਡਾ ਦੇ ਗਰੀਬ ਦਿਹਾਤੀ ਲੋਕਾਂ ਨੂੰ ਉਨ੍ਹਾਂ ਦਾ ਗੁਜ਼ਾਰਾ ਚਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 200 ਗਊਆਂ ਭੇਟ ਕੀਤੀਆਂ ਹਨ। ਰਵਾਂਡਾ ਦੇ ਰਾਸ਼ਟਰਪਤੀ ਪਾਲ ਕਾਗਾਮੇ ਨੇ ਗਰੀਬ ਪਰਿਵਾਰਾਂ ਨੂੰ ਗਊਆਂ ਵੰਡਣ ਦਾ ਪ੍ਰੋਗਰਾਮ ਸਾਲ 2006 ਵਿੱਚ ਸ਼ੁਰੂ ਕੀਤਾ ਸੀ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …