ਚਾਰ ਸਾਲਾਂ ਵਿਚ ਲੱਖਾਂ ਇਮੀਗਰੈਂਟਸ ਅਮਰੀਕਾ ’ਚ ਦਾਖਲ ਹੋਏ : ਟਰੰਪ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਰਸਨ ਆਫ ਦਾ ਈਅਰ ਚੁਣੇ ਜਾਣ ਤੋਂ ਬਾਅਦ ਟਾਈਮ ਮੈਗਜ਼ੀਨ ਨੂੰ ਇੰਟਰਵਿਊ ਦਿੱਤਾ ਹੈ। ਇਸ ਦੌਰਾਨ ਟਰੰਪ ਨੇ ਇਕੌਨਮੀ, ਮਿਡਲ ਈਸਟ, ਗੈਰ ਕਾਨੂੰਨੀ ਪਰਵਾਸੀ ਅਤੇ ਰੂਸ-ਯੂਕਰੇਨ ਜੰਗ ਜਿਹੇ ਮੁੱਦਿਆਂ ’ਤੇ ਗੱਲ ਕੀਤੀ ਹੈ। ਟਰੰਪ ਵਲੋਂ ਇਕ ਵਾਰ ਫਿਰ ਗੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਵਿਚੋਂ ਬਾਹਰ ਕੱਢਣ ਦੀ ਗੱਲ ਦੁਹਰਾਈ ਗਈ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਵਿਚੋਂ ਬਾਹਰ ਕੱਢਣ ਲਈ, ਜੋ ਵੀ ਮੁਮਕਿਨ ਹੋਵੇਗਾ, ਉਹ ਕੀਤਾ ਜਾਵੇਗਾ। ਕਮਲਾ ਹੈਰਿਸ ਦੀ ਹੋਈ ਹਾਰ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਲੱਖਾਂ ਇਮੀਗਰੈਂਟਸ ਅਮਰੀਕਾ ਵਿਚ ਦਾਖਲ ਹੋ ਗਏ ਹਨ, ਇਸ ਕਰਕੇ ਦੇਸ਼ ਦੇ ਲੋਕਾਂ ਵਿਚ ਗੁੱਸਾ ਸੀ। ਟਰੰਪ ਨੇ ਕਿਹਾ ਕਿ ਇਹ ਸਭ ਕੁਝ ਕਮਲਾ ਹੈਰਿਸ ਦੀ ਹਾਰ ਦਾ ਕਾਰਨ ਬਣਿਆ ਹੈ। ਉਨ੍ਹਾਂ ਕਿਹਾ ਕਿ ਓਪਨ ਬਾਰਡਰ ਜਿਹੇ ਮੁੱਦਿਆਂ ’ਤੇ ਉਨ੍ਹਾਂ ਦਾ ਕੋਈ ਵੀ ਧਿਆਨ ਨਹੀਂ ਸੀ। ਟਰੰਪ ਨੇ ਕਿਹਾ ਕਿ ਅਜਿਹਾ ਪਹਿਲਾਂ ਕਦੀ ਨਹੀਂ ਹੋਇਆ ਸੀ।