‘ਮਿਸ਼ਨ ਚੰਦਰਯਾਨ 3 ਨੂੰ ਦੱਸਿਆ ਨਾਰੀ ਸ਼ਕਤੀ ਦਾ ਉਦਾਹਰਣ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਸਵੇਰੇ 11 ਵਜੇ ਦੇਸ਼ ਵਾਸੀਆਂ ਨੂੰ ਪ੍ਰੋਗਰਾਮ ‘ਮਨ ਕੀ ਬਾਤ’ ਰਾਹੀਂ ਸੰਬੋਧਨ ਕੀਤਾ। ਪ੍ਰੋਗਰਾਮ ‘ਮਨ ਕੀ ਬਾਤ’ ਦਾ ਇਹ 104ਵਾਂ ਐਪੀਸੋਡ ਸੀ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਚੰਦਰਯਾਨ 3 ਦੀ ਸਫਲਤਾ ਦੇ ਨਾਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਚੰਦਰਯਾਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦਿ੍ਰੜ੍ਹ ਇਰਾਦਿਆਂ ਦੇ ਕੁੱਝ ਸੂਰਜ ਚੰਦ ’ਤੇ ਵੀ ਉਗਦੇ ਹਨ। ਮਿਸ਼ਨ ਚੰਦਰਯਾਨ ਨਵੇਂ ਭਾਰਤ ਦੀ ਉਸ ਭਾਵਨਾ ਦਾ ਪ੍ਰਤੀਕ ਬਣ ਗਿਆ ਹੈ ਜੋ ਹਰ ਹਾਲ ਵਿਚ ਜਿੱਤਣਾ ਚਾਹੁੰਦਾ ਹੈ ਅਤੇ ਹਰ ਚਾਲ ’ਚ ਜਿੱਤਣਾ ਵੀ ਜਾਣਦਾ ਹੈ। ਅਕਾਸ਼ਵਾਣੀ ’ਤੇ ਪ੍ਰਸਾਰਿਤ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 104ਵੇਂ ਐਪੀਸੋਡ ’ਚ ਆਪਣੇ ਵਿਚਾ ਸਾਂਝੇ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ ਮਿਸ਼ਨ ਨੂੰ ਨਾਰੀ ਸ਼ਕਤੀ ਦੀ ਜਿਊਂਦੀ ਜਾਗਦੀ ਉਦਾਹਰਣ ਦੱਸਿਆ ਕਿਉਂਕਿ ਇਸ ਪੂਰੇ ਮਿਸ਼ਨ ਨਾਲ ਕਈ ਮਹਿਲਾ ਵਿਗਿਆਨੀ ਅਤੇ ਇੰਜੀਨੀਅਰ ਜੁੜੀਆਂ ਰਹੀਆਂ। ਜਿਨ੍ਹਾਂ ਨੇ ਪ੍ਰੋਜੈਕਟ ਡਾਇਰੈਕਟ, ਪ੍ਰਾਜੈਕਟ ਪ੍ਰਬੰਧਨ ਵਰਗੀਆਂ ਕਈ ਜਿੰਮੇਵਾਰੀਆਂ ਨੂੰ ਸੰਭਾਲਿਆ। ਭਾਰਤ ਦੀਆਂ ਧੀਆਂ ਹੁਣ ਅਨੰਤ ਸਮਝੇ ਜਾਣ ਵਾਲੇ ਪੁਲਾੜ ਨੂੰ ਚੁਣੌਤੀ ਦੇ ਰਹੀਆਂ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਦੇਸ਼ ਦੀਆਂ ਧੀਆਂ ਇੰਨੀਆਂ ਅਭਿਲਾਸ਼ੀ ਹੋ ਜਾਂਦੀਆਂ ਤਾਂ ਉਸ ਦੇਸ਼ ਨੂੰ ਵਿਕਸਤ ਹੋਣ ਤੋਂ ਕੌਣ ਰੋਕ ਸਕਦਾ ਹੈ। ਉਨ੍ਹਾਂ ਕਿਹਾ ਕਿ ਚੰਦਰਯਾਨ 3 ਦੀ ਸਫਲਤਾ ਨੇ ਸਾਉਣ ਦੇ ਤਿਉਹਾਰ ਦਾ ਮਹੌਲ ਕਈ ਗੁਣਾ ਵਧਾ ਦਿੱਤਾ ਹੈ। ਚੰਦਰਯਾਨ ਨੂੰ ਚੰਦਰਮਾ ’ਤੇ ਪਚਹੁੰਚੇ ਤਿੰਨ ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਹ ਸਫ਼ਲਤਾ ਇੰਨੀ ਵੱਡੀ ਹੈ ਕਿ ਇਸ ਦੀ ਜਿੰਨੀ ਵੀ ਚਰਚਾ ਕੀਤੀ ਜਾਵੇ ਉਹ ਘੱਟ ਹੈ। ਪ੍ਰਧਾਨ ਮੰਤਰੀ ਨੇ ਆਪਣੀ ਕਵਿਤਾ ‘ਅਭੀ ਤੋ ਸੂਰਜ ਉਗਾ ਹੈ’ ਸੁਣਾਉਂਦੇ ਹੋਏ ਕਿਹਾ ਕਿ 23 ਅਗਸਤ ਨੂੰ ਭਾਰਤ ਅਤੇ ਭਾਰਤ ਦੇ ਚੰਦਰਯਾਨ ਨੇ ਇਹ ਸਾਬਤ ਕਰ ਦਿੱਤਾ ਕਿ ਦਿ੍ਰੜ ਇਰਾਦਿਆਂ ਨਾਲ ਕੁਝ ਸੂਰਜ ਚੰਦ ’ਤੇ ਵੀ ਚੜ੍ਹਦੇ ਹਨ।