Breaking News
Home / ਭਾਰਤ / ਭਾਰਤ ‘ਚ ਹੁਣ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਦਾ ਹੋਵੇਗਾ ਮੁਫਤ ਇਲਾਜ

ਭਾਰਤ ‘ਚ ਹੁਣ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਦਾ ਹੋਵੇਗਾ ਮੁਫਤ ਇਲਾਜ

12,850 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਆਗਾਜ਼
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ 12,850 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਆਗਾਜ਼ ਕੀਤਾ ਤੇ ਆਪਣੀ ਸਰਕਾਰ ਦੀ ਮੋਹਰੀ ਸਿਹਤ ਬੀਮਾ ਯੋਜਨਾ ‘ਆਯੂਸ਼ਮਾਨ ਭਾਰਤ’ ਦਾ ਘੇਰਾ ਵਧਾ ਕੇ ਇਸ ‘ਚ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗ ਨਾਗਰਿਕਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤੈਅ ਕੀਤਾ ਹੈ ਕਿ ਗਰੀਬਾਂ ਦੇ ਹਸਪਤਾਲ ਵਿਚ ਦਾਖਲ ਹੋਣ ਉਤੇ ਉਨ੍ਹਾਂ ਦੇ ਪੰਜ ਲੱਖ ਰੁਪਏ ਤੱਕ ਦੇ ਇਲਾਜ ਦਾ ਖਰਚ ਸਰਕਾਰ ਚੁੱਕੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਰੀਬ 4 ਕਰੋੜ ਲੋੜਵੰਦਾਂ ਨੇ ‘ਆਯੂਸ਼ਮਾਨ’ ਯੋਜਨਾ ਦਾ ਲਾਭ ਉਠਾਇਆ ਹੈ ਅਤੇ ਬਜ਼ੁਰਗਾਂ ਨੂੰ ਵੀ ਸਿਹਤ ਸਹੂਲਤ ਇਸੇ ਯੋਜਨਾ ਤਹਿਤ ਦਿੱਤੀ ਜਾਵੇਗੀ। ਸਿਹਤ ਸੰਭਾਲ ਨੂੰ ਹੁਲਾਰਾ ਦੇਣ ਵਾਲਾ ਇਹ ਐਲਾਨ ਆਯੁਰਵੇਦ ਦਿਵਸ ਅਤੇ ਦਵਾਈ-ਇਲਾਜ ਦੇ ਹਿੰਦੂ ਦੇਵਤਾ ਧਨਵੰਤਰੀ ਦੀ ਜੈਅੰਤੀ ਮੌਕੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤ ਦੀਆਂ 40 ਥਾਵਾਂ ‘ਤੇ ਆਯੋਜਿਤ ਰੋਜ਼ਗਾਰ ਮੇਲੇ ਵਿਚ 51 ਹਜ਼ਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਲੋਕ ਸਭਾ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੇ ਤੀਜੇ ਕਾਰਜਕਾਲ ਦਾ ਇਹ ਪਹਿਲਾ ਰੋਜ਼ਗਾਰ ਮੇਲਾ ਸੀ। ਦੱਸਣਯੋਗ ਹੈ ਕਿ ਇਨ੍ਹਾਂ ਰੋਜ਼ਗਾਰ ਮੇਲਿਆਂ ਦੀ ਸ਼ੁਰੂਆਤ ਅਕਤੂਬਰ 2022 ਵਿਚ ਹੋਈ ਸੀ ਅਤੇ ਦਾਅਵਾ ਕੀਤਾ ਗਿਆ ਹੈ ਕਿ ਹੁਣ ਤੱਕ ਲਗਾਏ ਗਏ 13 ਮੇਲਿਆਂ ਵਿਚ 8 ਕਰੋੜ 50 ਲੱਖ ਤੋਂ ਜ਼ਿਆਦਾ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਪੀਐਮ ਮੋਦੀ ਨੇ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਕਿਹਾ ਕਿ ਤੁਸੀਂ ਜਨਤਾ ਦੇ ਸੇਵਕ ਹੋ, ਸ਼ਾਸਕ ਨਹੀਂ। ਇਸ ਲਈ ਤੁਸੀਂ ਗਰੀਬ ਵਿਅਕਤੀਆਂ ਦੀ ਸੇਵਾ ਕਰੋ।

 

Check Also

ਬਿ੍ਰਟੇਨ ਦੇ ਕਿੰਗ ਚਾਰਲਸ ਨਿੱਜੀ ਦੌਰੇ ’ਤੇ ਬੈਂਗਲੁਰੂ ਪਹੁੰਚੇ

ਤਾਜਪੋਸ਼ੀ ਤੋਂ ਬਾਅਦ ਕਿੰਗ ਚਾਰਲਸ ਦੀ ਇਹ ਪਹਿਲੀ ਭਾਰਤ ਯਾਤਰਾ ਨਵੀਂ ਦਿੱਲੀ/ਬਿਊਰੋ ਨਿਊਜ਼ : ਬਿ੍ਰਟੇਨ …