
ਕਿਹਾ ਗਿਆ : ਉਥੇ ਵਾਪਸ ਜਾਓ, ਜਿਥੋਂ ਤੁਸੀਂ ਆਏ ਹੋ
ਚੰਡੀਗੜ੍ਹ/ਬਿਊਰੋ ਨਿਊਜ਼
ਆਸਟਰੇਲੀਆ ਵਿਚ ਇਕ 22 ਸਾਲਾ ਭਾਰਤੀ ਸਿੱਖ ਨੌਜਵਾਨ ਜਿੰਮ ਦੇ ਬਾਹਰ ਨਸਲੀ ਹਮਲੇ ਦਾ ਸ਼ਿਕਾਰ ਹੋ ਗਿਆ। ਵਿਕਟੋਰੀਆ ਦੇ ਕੋਰੀਓ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਤਿੰਨ ਵਿਅਕਤੀਆਂ ਨੇ ਉਸ ’ਤੇ ਹਮਲਾ ਕਰ ਦਿੱਤਾ, ਜਦੋਂ ਉਹ ਸਥਾਨਕ ਜਿਮ ਵਿਚ ਸਿਖਲਾਈ ਲੈ ਰਿਹਾ ਸੀ। ਹਰਮਨਪ੍ਰੀਤ ਸਿੰਘ ਦੇ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਪਹਿਲਾਂ ਜਿੰਮ ਦੇ ਬਾਹਰ ਉਸ ਨੂੰ ਪਰੇਸ਼ਾਨ ਕੀਤਾ ਅਤੇ ਫਿਰ ਬਾਹਰ ਤੱਕ ਉਸਦਾ ਪਿੱਛਾ ਕੀਤਾ, ਜਿੱਥੇ ਟਕਰਾਅ ਵਧ ਗਿਆ। ਹਰਮਨਪ੍ਰੀਤ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੇ ਉਸ ਵਿਰੁੱਧ ਨਸਲੀ ਟਿੱਪਣੀਆਂ ਵੀ ਕੀਤੀਆਂ। ਹਰਮਨਪ੍ਰੀਤ ਨੇ ਇਹ ਵੀ ਦੱਸਿਆ ਕਿ ਇਹ ਵਿਅਕਤੀ ਕਹਿ ਰਹੇ ਸਨ ਕਿ ‘‘ਉਥੇ ਵਾਪਸ ਜਾਓ, ਜਿਥੋਂ ਤੁਸੀਂ ਆਏ ਹੋ’’। ਹਰਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪਹਿਲਾਂ ਵੀ ਆਸਟਰੇਲੀਆ ਵਿਚ ਨਸਲੀ ਵਿਤਕਰੇ ਦਾ ਸਾਹਮਣਾ ਕੀਤਾ ਹੈ, ਪਰ ਇਹ ਘਟਨਾ ਸਭ ਤੋਂ ਵੱਧ ਪਰੇਸ਼ਾਨ ਕਰਨ ਵਾਲੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨੋਂ ਮੁਲਜ਼ਮ ਇਕ ਕਾਰ ਵਿਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।

