ਟੋਨੀ ਐਬਟ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
ਅੰਮ੍ਰਿਤਸਰ : ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਉਥੋਂ ਦੀ ਲਿਬਰਲ ਪਾਰਟੀ ਦੇ ਆਗੂ ਟੋਨੀ ਐਬਟ ਨੇ ਕਿਹਾ ਕਿ ਪੰਜਾਬੀਆਂ ਨੇ ਆਸਟਰੇਲੀਆ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ ਬਹਾਦਰੀ ਵਾਲਾ ਹੈ ਅਤੇ ਸਿੱਖ ਧਰਮ ਦੀਆਂ ਸਿੱਖਿਆਵਾਂ ਪੂਰੀ ਦੁਨੀਆ ਦੀ ਮਨੁੱਖਤਾ ਲਈ ਬਰਾਬਰ ਹਨ।
ਐਬਟ ਨੇ ਕਿਹਾ ਕਿ ਜੇ ਆਸਟਰੇਲੀਆ ਤੇ ਭਾਰਤ ਆਪਸ ਵਿਚ ਸਹਿਯੋਗ ਕਰਨ ਤਾਂ ਆਸਟਰੇਲੀਆ ਦੇ ਕੁਦਰਤੀ ਸਾਧਨ ਭਾਰਤ ਲਈ ਲਾਹੇਵੰਦ ਸਾਬਤ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਅਗਲੇ ਕੁਝ ਦਿਨਾਂ ਵਿਚ ਭਾਰਤ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਸ ਦੌਰੇ ਨਾਲ ਦੋਵਾਂ ਮੁਲਕਾਂ ਲਈ ਚੰਗੇ ਉਪਰਾਲੇ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਸਬੰਧਾਂ ਨਾਲ ਭਾਰਤ ਦੀ ਸਥਿਤੀ ਹੋਰ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਸਟਰੇਲੀਆ ਵਿਚ ਵੀ ਵੱਖ ਵੱਖ ਥਾਈਂ ਸਮਾਗਮ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਬਹੁਤ ਮਾਣ ਅਤੇ ਸਤਿਕਾਰ ਦਿੰਦੇ ਹਨ ਕਿਉਂਕਿ ਗੁਰੂ ਸਾਹਿਬ ਦਾ ਉਪਦੇਸ਼ ਪੂਰੀ ਮਨੁੱਖਤਾ ਲਈ ਹੈ।
ਇਸ ਤੋਂ ਪਹਿਲਾਂ ਟੋਨੀ ਐਬਟ ਨੇ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਬਰਤਨ ਵੀ ਸਾਫ਼ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਦਰਬਾਰ ਸਾਹਿਬ ਨਤਮਸਤਕ ਹੋਣ ਦੀ ਉਨ੍ਹਾਂ ਦੀ ਇੱਛਾ ਪੂਰੀ ਹੋਈ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਅਤੇ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਉਨ੍ਹਾਂ ਨੂੰ ਇੱਥੇ ਆਉਣ ‘ਤੇ ਜੋ ਸਿੱਖ ਭਾਈਚਾਰੇ ਨੇ ਮਾਣ ਸਤਿਕਾਰ ਦਿੱਤਾ ਹੈ, ਇਸ ਲਈ ਉਹ ਸਿੱਖਾਂ ਦੇ ਧੰਨਵਾਦੀ ਹਨ।
Check Also
ਬਿ੍ਰਟੇਨ ਦੀ ਰੱਖਿਆ ਕਮੇਟੀ ਦੇ ਪ੍ਰਧਾਨ ਬਣੇ ਭਾਰਤੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ
ਢੇਸੀ ਨੇ 563 ਵਿਚੋਂ 320 ਵੋਟਾਂ ਕੀਤੀਆਂ ਹਾਸਲ, ਵਿਰੋਧੀ ਉਮੀਦਵਾਰ ਨੂੰ ਮਿਲੇ 243 ਵੋਟ ਚੰਡੀਗੜ੍ਹ/ਬਿਊਰੋ …