ਨਾਗਰਿਕਤਾ ਫੀਸ ਵਜੋਂ ਹੁਣ ਦੇਣੇ ਹੋਣਗੇ 84 ਹਜ਼ਾਰ ਰੁਪਏ
ਵਾਸ਼ਿੰਗਟਨ : ਅਮਰੀਕਾ ਦੀ ਨਾਗਰਿਕਤਾ ਪਾਉਣਾ ਹੁਣ ਬੇਹੱਦ ਮਹਿੰਗਾ ਹੋਣ ਵਾਲਾ ਹੈ। ਟਰੰਪ ਪ੍ਰਸ਼ਾਸਨ ਨੇ ਨਾਗਰਿਕਤਾ ਫੀਸ ਵਿਚ 83 ਫੀਸਦੀ ਦੇ ਭਾਰੀ ਵਾਧੇ ਦਾ ਮਤਾ ਰੱਖਿਆ ਹੈ। ਪ੍ਰਸ਼ਾਸਨ ਦੀ ਦਲੀਲ ਹੈ ਕਿ ਨਾਗਰਿਕਤਾ ਸਬੰਧੀ ਸੇਵਾਵਾਂ ਮੁਹੱਈਆ ਕਰਾਉਣ ਦੀ ਪੂਰੀ ਲਾਗਤ ਮੌਜੂਦਾ ਫੀਸ ਤੋਂ ਵਸੂਲ ਨਹੀਂ ਹੁੰਦੀ। ਟਰੰਪ ਪ੍ਰਸ਼ਾਸਨ ਨੇ ਪਿਛਲੇ ਹਫਤੇ ਐਚ-1ਬੀ ਵੀਜ਼ਾ ਲਈ ਅਰਜ਼ੀ ਫੀਸ ਵਿਚ ਵੀ 10 ਡਾਲਰ (ਕਰੀਬ 700 ਰੁਪਏ) ਦਾ ਵਾਧਾ ਕੀਤਾ ਸੀ। ਇਹ ਵੀਜ਼ਾ ਭਾਰਤੀ ਆਈ.ਟੀ. ਪੇਸ਼ੇਵਰਾਂ ਵਿਚ ਖਾਸਾ ਲੋਕਪ੍ਰਿਆ ਹੈ।
ਸਿਨਹੂਆ ਨਿਊਜ਼ ਏਜੰਸੀ ਨੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (ਡੀਐਚਐਸ) ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਡੀਐਚਐਸ ਨੇ ਅਮਰੀਕੀ ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਵਲੋਂ ਲਗਾਏ ਜਾਣ ਵਾਲੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਲਾਭ ਦੀ ਅਰਜ਼ੀ ਫੀਸ ਨੂੰ ਵਧਾਉਣ ਦਾ ਮਤਾ ਰੱਖਿਆ ਹੈ। ਜਾਣਕਾਰੀ ਅਨੁਸਾਰ ਨਾਗਕਿਰਤਾ ਅਰਜ਼ੀ ਫੀਸ ਹੁਣ 640 ਡਾਲਰ (ਕਰੀਬ 46 ਹਜ਼ਾਰ ਰੁਪਏ) ਤੋਂ ਵਧ ਕੇ 1170 ਡਾਲਰ (ਕਰੀਬ 84 ਹਜ਼ਾਰ ਰੁਪਏ) ਹੋ ਜਾਵੇਗੀ, ਜਦਕਿ ਕਾਨੂੰਨੀ ਸਥਾਈ ਨਿਵਾਸ ਸਬੰਧੀ ਫੀਸ 79 ਫੀਸਦੀ ਦੇ ਵਾਧੇ ਨਾਲ 2195 ਡਾਲਰ (ਕਰੀਬ ਇਕ ਲੱਖ 57 ਹਜ਼ਾਰ ਰੁਪਏ) ਹੋ ਜਾਵੇਗੀ। ਇਸ ਦੇ ਇਲਾਵਾ ਸ਼ਰਨਾਰਥੀਆਂ ਵਲੋਂ ਕੀਤੇ ਜਾਣ ਵਾਲੇ ਇਮੀਗ੍ਰੇਸ਼ਨ ਤੇ ਹੋਰ ਸੇਵਾਵਾਂ ਦੀ ਫੀਸ ਵਿਚ ਵੀ ਵਾਧੇ ਦਾ ਮਤਾ ਰੱਖਿਆ ਗਿਆ ਹੈ। ਇਨ੍ਹਾਂ ਮਤਿਆਂ ਨੂੰ ਜਨਤਕ ਕਰ ਦਿੱਤਾ ਗਿਆ ਹੈ। ਇਨ੍ਹਾਂ ‘ਤੇ ਅਮਰੀਕੀ ਨਾਗਰਿਕ 16 ਦਸੰਬਰਬ ਤੱਕ ਆਪਣੀ ਰਾਏ ਦੇ ਸਕਣਗੇ। ਵੀਜ਼ਾ ਮਾਮਲਿਆਂ ਨੂੰ ਦੇਖਣ ਵਾਲੀ ਏਜੰਸੀ ਯੂਐਸਸੀਆਈਐਸ ਨਵੇਂ ਮਤੇ ਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਤੋਂ ਮਿਲਣ ਵਾਲੇ ਸੁਝਾਵਾਂ ‘ਤੇ ਵਿਚਾਰ ਕਰੇਗੀ। ਜ਼ਿਕਰਯੋਗ ਹੈ ਕਿ ਭਾਰਤ ਵਲੋਂ ਬਹੁਤ ਸਾਰੇ ਵਿਅਕਤੀ ਅਮਰੀਕਾ ਵਿਚ ਵਸਣ ਲਈ ਜਾਂਦੇ ਹਨ। ਇਨ੍ਹਾਂ ਵਿਚ ਆਈ.ਟੀ. ਸੈਕਟਰ ਨਾਲ ਜੁੜੇ ਵਿਅਕਤੀ ਵਧੇਰੇ ਹੁੰਦੇ ਹਨ, ਜਿਨ੍ਹਾਂ ਨੂੰ ਹੁਣ ਮੁਸ਼ਕਲ ਆਵੇਗੀ।
Check Also
ਭਾਰਤ ਅਤੇ ਮਾਲਦੀਵ ਵਿਚਾਲੇ ਕਰੰਸੀ ਅਦਲਾ-ਬਦਲੀ ਸਮਝੌਤਾ
ਪੀਐਮ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਨਵੀਂ ਦਿੱਲੀ/ਬਿਊਰੋ …