Breaking News
Home / ਦੁਨੀਆ / ਪਿਸ਼ਾਵਰ ‘ਚ ਦਿਲੀਪ ਕੁਮਾਰ ਦਾ ਪੁਸ਼ਤੈਨੀ ਘਰ ਮੀਂਹ ਨਾਲ ਨੁਕਸਾਨਿਆ

ਪਿਸ਼ਾਵਰ ‘ਚ ਦਿਲੀਪ ਕੁਮਾਰ ਦਾ ਪੁਸ਼ਤੈਨੀ ਘਰ ਮੀਂਹ ਨਾਲ ਨੁਕਸਾਨਿਆ

ਕੌਮੀ ਵਿਰਾਸਤ ਐਲਾਨਿਆ ਗਿਆ ਮਰਹੂਮ ਅਦਾਕਾਰ ਦਾ ਘਰ ਢਹਿਣ ਕਿਨਾਰੇ
ਪਿਸ਼ਾਵਰ/ਬਿਊਰੋ ਨਿਊਜ਼ : ਉੱਘੇ ਫਿਲਮ ਅਦਾਕਾਰ ਮਰਹੂਮ ਦਿਲੀਪ ਕੁਮਾਰ ਦਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚਲਾ ਪੁਸ਼ਤੈਨੀ ਘਰ ਹਾਲ ਹੀ ਵਿਚ ਪਏ ਮੋਹਲੇਧਾਰ ਮੀਂਹ ਨਾਲ ਨੁਕਸਾਨਿਆ ਗਿਆ ਹੈ। ਕੌਮੀ ਵਿਰਾਸਤ ਐਲਾਨਿਆ ਇਹ ਘਰ ਲਗਪਗ ਢਹਿਣ ਕਿਨਾਰੇ ਹੈ। ਮੋਹਲੇਧਾਰ ਮੀਂਹ ਨੇ ਘਰ ਦੀ ਸੁਰਜੀਤੀ ਤੇ ਪੁਨਰਵਾਸ ਦੇ ਖੈਬਰ ਪਖਤੂਨਖਵਾ ਦੇ ਪੁਰਾਲੇਖ ਵਿਭਾਗ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਪਿਸ਼ਾਵਰ ਸ਼ਹਿਰ ਦੇ ਇਤਿਹਾਸਕ ਕਿੱਸਾ ਖ਼ਵਾਨੀ ਬਾਜ਼ਾਰ ਦੇ ਪਿਛਲੇ ਪਾਸੇ ਮੁਹੱਲਾ ਖ਼ੁਦਾਦਾਦ ਵਿਚਲੇ ਇਸ ਘਰ ਵਿਚ ਕੁਮਾਰ ਦਾ ਜਨਮ ਸਾਲ 1922 ਵਿਚ ਹੋਇਆ ਸੀ।
ਦਲੀਪ ਕੁਮਾਰ ਨੇ ਆਪਣੀ ਸ਼ੁਰੂਆਤੀ ਜ਼ਿੰਦਗੀ ਦੇ 12 ਸਾਲ ਇਸੇ ਘਰ ਵਿਚ ਗੁਜ਼ਾਰੇ ਅਤੇ ਸੰਨ 1932 ਵਿਚ ਉਹ ਅਣਵੰਡੇ ਭਾਰਤ ਚਲਾ ਗਿਆ ਸੀ।
ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ 13 ਜੁਲਾਈ 2014 ਵਿਚ ਕੁਮਾਰ ਦੇ ਇਸ ਪੁਸ਼ਤੈਨੀ ਘਰ ਨੂੰ ਕੌਮੀ ਵਿਰਾਸਤ ਐਲਾਨਿਆ ਸੀ। ਕੁਮਾਰ ਇਕ ਵਾਰ ਇਸ ਘਰ ਵਿਚ ਆਇਆ ਸੀ ਤੇ ਭਾਵੁਕ ਹੋਏ ਅਦਾਕਾਰ ਨੇ ਜ਼ਮੀਨ ਨੂੰ ਚੁੰਮਿਆ ਸੀ।
ਖੈਬਰ ਪਖਤੂਨਖਵਾ ਸੂਬੇ ਦੀ ਵਿਰਾਸਤੀ ਕੌਂਸਲ ਦੇ ਸਕੱਤਰ ਸ਼ਕੀਲ ਵਹੀਦੁੱਲ੍ਹਾ ਖ਼ਾਨ ਨੇ ਕਿਹਾ ਕਿ ਪਿਸ਼ਾਵਰ ਵਿਚ ਹਾਲ ਹੀ ‘ਚ ਪਏ ਮੋਹਲੇਧਾਰ ਮੀਂਹਾਂ ਨਾਲ ਕੁਮਾਰ ਦਾ ਘਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਪਿਛਲੀਆਂ ਸੂਬਾਈ ਸਰਕਾਰਾਂ ਵੱਲੋਂ ਗਰਾਂਟ ਦੇਣ ਦੇ ਕੀਤੇ ਵਾਅਦਿਆਂ ਦੇ ਬਾਵਜੂਦ ਇਸ ਕੌਮੀ ਵਿਰਾਸਤ ਦੀ ਸਲਾਮਤੀ ਤੇ ਸਾਂਭ-ਸੰਭਾਲ ‘ਤੇ ਇਕ ਵੀ ਪੈਸਾ ਖਰਚ ਨਹੀਂ ਕੀਤਾ ਗਿਆ। ਖ਼ਾਨ ਨੇ ਕਿਹਾ ਕਿ ਇਹ ਮਕਾਨ 1880 ਵਿਚ ਬਣਿਆ ਸੀ ਤੇ ਇਹ ਜਾਇਦਾਦ ਇੰਨੀ ਕੁ ਪੁਰਾਣੀ ਹੈ ਕਿ ਇਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ।
ਉਧਰ ਸਥਾਨਕ ਸਮਾਜਿਕ ਤੇ ਸਿਆਸੀ ਹਲਕਿਆਂ ਨੇ ਵੀ ਕੁਮਾਰ ਦੇ ਘਰ ਦੀ ਨਿੱਘਰਦੀ ਹਾਲਤ ਤੇ ਪੁਰਾਲੇਖ ਵਿਭਾਗ ਦੀ ਢਿੱਲੀ ਕਾਰਗੁਜ਼ਾਰੀ ‘ਤੇ ਫਿਕਰ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪੁਰਾਲੇਖ ਵਿਭਾਗ ਦੇ ਦਾਅਵੇ ਮਹਿਜ਼ ਪ੍ਰੈੱਸ ਬਿਆਨਾਂ ਤੱਕ ਸੀਮਤ ਹਨ ਤੇ ਕੌਮੀ ਵਿਰਾਸਤ ਨੂੰ ਕੁਦਰਤੀ ਆਫ਼ਤਾਂ ਤੋਂ ਬਚਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ।
ਇਸ ਘਰ ਨੂੰ ਦੇਖਣ ਲਈ ਕੁੱਲ ਆਲਮ ਤੋਂ ਆਉਣ ਵਾਲੇ ਸੈਲਾਨੀ ਵੀ ਇਸ ਦੀ ਨਿੱਘਰਦੀ ਹਾਲਤ ਦੇਖ ਕੇ ਨਿਰਾਸ਼ ਹਨ।
ਪੁਰਾਲੇਖ ਵਿਭਾਗ ਦੇ ਕਬਜ਼ੇ ਹੇਠ ਜਾਣ ਤੋਂ ਪਹਿਲਾਂ ਘਰ ਦੀ ਸਾਂਭ ਸੰਭਾਲ ਕਰਨ ਵਾਲੇ ਮੁਹੰਮਦ ਅਲੀ ਮੀਰ ਨੇ ਕਿਹਾ ਕਿ ਅੱਜ ਇਹ ਘਰ ਭੂਤ ਬੰਗਲਾ ਬਣ ਕੇ ਰਹਿ ਗਿਆ ਹੈ। ਮੀਰ ਨੇ ਕਿਹਾ, ”ਕੁਮਾਰ ਦਾ ਪਿਸ਼ਾਵਰ ਦੇ ਲੋਕਾਂ ਨਾਲ ਬਹੁਤ ਪਿਆਰ ਤੇ ਉਨ੍ਹਾਂ ਪ੍ਰਤੀ ਬਹੁਤ ਸਤਿਕਾਰ ਸੀ ਪਰ ਬਦਕਿਸਮਤੀ ਨਾਲ ਸਾਡਾ ਵਿਭਾਗ ਇਸ ਘਰ ਨੂੰ ਢਹਿਣ ਤੋਂ ਬਚਾਉਣ ਲਈ ਕੁਝ ਨਹੀਂ ਕਰ ਸਕਦਾ।” ਦਿਲੀਪ ਕੁਮਾਰ ਦਾ 7 ਜੁਲਾਈ 2021 ਨੂੰ 98 ਸਾਲ ਦੀ ਉਮਰ ਵਿਚ ਮੁੰਬਈ ਵਿਚ ਦੇਹਾਂਤ ਹੋ ਗਿਆ ਸੀ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …