ਗੁਆਂਗਜ਼ੂ ਵਿਚ ਭਾਰਤੀ ਕਾਰੋਬਾਰੀ ਭਾਈਚਾਰੇ ਦੇ ਸਮਾਗਮ ਵਿਚ ਸ਼ਿਰਕਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਚੀਨ ਦੇ ਆਲ੍ਹਾ ਆਗੂਆਂ ਨਾਲ ਮੁਲਾਕਾਤ ਤੋਂ ਪਹਿਲਾਂ, ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਆਖਿਆ ਕਿ ਭਾਰਤ ਤੇ ਚੀਨ ਨੂੰ ਦੁਨੀਆਂ ਦੀ ਭਲਾਈ ਲਈ ਆਪਣੇ ਸਾਂਝੇ ਹਿੱਤਾਂ ਦਾ ਦਾਇਰਾ ਵਧਾਉਣਾ ਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ઠਰਾਜ ਦੇ ਮੁਖੀ ਵਜੋਂ ਪਹਿਲੀ ਵਾਰ ਚੀਨ ਦੇ ਦੌਰੇ ‘ਤੇ ਆਏ ਮੁਖਰਜੀ ਨੇ ਕਿਹਾ ”ਮੈਂ ਆਪਣੇ ਦੌਰੇ ਮੌਕੇ ਇਹੀ ਸੰਦੇਸ਼ ਲੈ ਕੇ ਆਇਆ ਹਾਂ।”
ਉਨ੍ਹਾਂ ਕਿਹਾ ”ਤਜਰਬੇ ਤੋਂ ਪਤਾ ਚਲਦਾ ਹੈ ਕਿ ਇਨ੍ਹਾਂ ਦੋਵੇਂ ਦੇਸ਼ਾਂ ਕੋਲ ਸਾਂਝੇ ਹਿੱਤਾਂ ਲਈ ਮਿਲ ਕੇ ਕੰਮ ਕਰਨ ਦੀ ਅਪਾਰ ਸਮੱਰਥਾ ਹੈ। ਉਭਰਦੇ ਭਾਰਤ ਤੇ ਉਭਰਦੇ ਚੀਨ ਨੂੰ ਆਪਣੇ ਸਾਂਝੇ ਹਿੱਤਾਂ ਦਾ ਦਾਇਰਾ ਵਧਾਉਣ ਦੀ ਲੋੜ ਹੈ।” ਮੁਖਰਜੀ ਗੁਆਂਗਦੌਂਗ ਸੂਬੇ ਵਿੱਚ ਕਈ ਅਹਿਮ ਸ਼ਖ਼ਸੀਅਤਾਂ ਨਾਲ ਹੋਏ ਵਿਚਾਰ ਵਟਾਂਦਰੇ ਤੇ ਇਸ ਦੇ ਸਿੱਟਿਆਂ ਬਾਰੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਮੁਖਰਜੀ ਵਿਦੇਸ਼ ਮੰਤਰੀ ਅਤੇ ਯੋਜਨਾ ਕਮਿਸ਼ਨ ਦੇ ਉਪ ਮੁਖੀ ਵਜੋਂ ਪਹਿਲਾਂ ਚੀਨ ਦੇ ਦੌਰੇ ‘ਤੇ ਆ ਚੁੱਕੇ ਹਨ। ਗੁਆਂਗਦੌਂਗ ਸੂਬੇ ਦੀ ਰਾਜਧਾਨੀ ਗੁਆਂਗਜ਼ੂ ਵਿੱਚ ਹੋਏ ਭਾਰਤੀ ਭਾਈਚਾਰੇ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਖਰਜੀ ਨੇ ਕਿਹਾ ”ਅਸੀਂ ਕਦੇ ਵੀ ਮਤਭੇਦ ਵਧਾਉਣ ਦੇ ਅਮਲ ਵਿੱਚ ਸ਼ਾਮਲ ਨਹੀਂ ਹੋਏ ਸਗੋਂ ਸਹਿਮਤੀ ਦੇ ਖੇਤਰ ਵਿੱਚ ਵਾਧਾ ਕਰਨ ਲਈ ਯਤਨਸ਼ੀਲ ਰਹੇ ਹਾਂ।”
ਸਮੀਖਿਅਕਾਂ ਦਾ ਕਹਿਣਾ ਹੈ ਕਿ ਚੀਨੀ ਲੀਡਰਸ਼ਿਪ ਵੱਲੋਂ ਰਾਸ਼ਟਰਪਤੀ ਮੁਖਰਜੀ ਦੇ ਦੌਰੇ ਨੂੰ ਦਿੱਤੀ ਜਾ ਰਹੀ ਅਹਿਮੀਅਤ ਤੋਂ ਪਤਾ ਚੱਲਦਾ ਹੈ ਕਿ ਉਹ ਵੱਖ-ਵੱਖ ਅਹੁਦਿਆਂ ‘ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਕਿਸ ਨਜ਼ਰ ਨਾਲ ਵੇਖਦੀ ਹੈ। ਮੁਖਰਜੀ ਨੇ ਕਿਹਾ ਕਿ ਭਾਰਤ ਆਧੁਨਿਕਤਾ, ਖੁਸ਼ਹਾਲੀ ਤੇ ਟਿਕਾਊ ਵਿਕਾਸ ਦੇ ਰਾਹ ‘ਤੇ ਚੱਲਦੇ ਹੋਏ ਚੀਨ ਨਾਲ ਆਪਣੇ ਰਿਸ਼ਤੇ ਮਜ਼ਬੂਤ ਬਣਾਉਣ ਦਾ ਖ਼ਾਹਸ਼ਮੰਦ ਹੈ। ਇਸ ਸਮਾਗਮ ਵਿੱਚ ਚੀਨ ਦੇ ਉਪ ਰਾਸ਼ਟਰਪਤੀ ਲੀ ਯੁਆਂਚਾਓ ਵੀ ਮੌਜੂਦ ਸਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …