ਦੋਵਾਂ ਦੇਸ਼ਾਂ ਦਰਮਿਆਨ 12 ਸਮਝੌਤੇ ਸਹੀਬੰਦ; ਆਰਥਿਕ ਭਾਈਵਾਲੀ ਨੂੰ ਮਿਲੇਗਾ ਤਕੜਾ ਹੁਲਾਰਾ
ਤਹਿਰਾਨ : ਭਾਰਤ ਅਤੇ ਇਰਾਨ ਨੇ ਅੱਤਵਾਦ ਤੇ ਕੱਟੜਤਾ ਖ਼ਿਲਾਫ਼ ਮਿਲ ਕੇ ਟਾਕਰੇ ਦਾ ਅਹਿਦ ਲਿਆ ਅਤੇ ਚਾਬਹਾਰ ਬੰਦਰਗਾਹ ਨੂੰ ਵਿਕਸਤ ਕਰਨ ਸਮੇਤ 12 ਸਮਝੌਤਿਆਂ ‘ਤੇ ਦਸਤਖ਼ਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਹਿਰਾਨ ਯਾਤਰਾ ਦੇ ਦੂਜੇ ਅਤੇ ਅੰਤਮ ਦਿਨ ਹੋਏ ਇਨ੍ਹਾਂ ਸਮਝੌਤਿਆਂ ਨਾਲ ਭਾਰਤ ਅਤੇ ਇਰਾਨ ਵਿਚਕਾਰ ਆਰਥਿਕ ਭਾਈਵਾਲੀ ਨੂੰ ਹੋਰ ਹੁੰਗਾਰਾ ਮਿਲਿਆ ਹੈ। ਵਪਾਰਕ ਅਤੇ ਰਣਨੀਤਕ ਪੱਧਰ ਤੋਂ ਮਹੱਤਵਪੂਰਨ ਇਰਾਨ ਦੇ ਦੱਖਣੀ ਕੰਢੇ ‘ਤੇ ਪੈਂਦੀ ਚਾਬਹਾਰ ਬੰਦਰਗਾਹ ਦੇ ਵਿਕਾਸ ਲਈ ਭਾਰਤ 50 ਕਰੋੜ ਡਾਲਰ ਦੇਵੇਗਾ। ਇਹ ਬੰਦਰਗਾਹ ਭਾਰਤ, ਅਫ਼ਗਾਨਿਸਤਾਨ, ਆਜ਼ਾਦ ਮੁਲਕਾਂ ਦੇ ਕਾਮਨਵੈਲਥ (ਸੀਆਈਐਸ) ਅਤੇ ਪੂਰਬੀ ਯੂਰਪ ਵਿਚਕਾਰ ਸੰਪਰਕ ਸਥਾਨ ਦੀ ਭੂਮਿਕਾ ਨਿਭਾਏਗੀ। ਮੋਦੀ ਨੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਇਕੱਲਿਆਂ ਗੱਲਬਾਤ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ”ਅਸੀਂ ਅੱਤਵਾਦ, ਕੱਟੜਤਾ, ਨਸ਼ਾ ਤਸਕਰੀ ਅਤੇ ਸਾਈਬਰ ਅਪਰਾਧ ਜਿਹੇ ਖ਼ਤਰਿਆਂ ਨਾਲ ਨਜਿੱਠਣ ਲਈ ਨਿਯਮਤ ਤੌਰ ‘ਤੇ ਵਿਚਾਰ ਵਟਾਂਦਰਾ ਕਰਨ ‘ਤੇ ਸਹਿਮਤੀ ਬਣਾਈ ਹੈ। ਇਸ ਤੋਂ ਇਲਾਵਾ ਅਸੀਂ ਖੇਤਰੀ ਅਤੇ ਜਲ ਸੁਰੱਖਿਆ ਲਈ ਆਪਣੇ ਰੱਖਿਆ ਅਤੇ ਸੁਰੱਖਿਆ ਅਦਾਰਿਆਂ ਵਿਚਕਾਰ ਗੱਲਬਾਤ ਵਧਾਉਣ ‘ਤੇ ਵੀ ਸਹਿਮਤੀ ਪ੍ਰਗਟ ਕੀਤੀ ਹੈ।”
ਮੋਦੀ 15 ਸਾਲਾਂ ਵਿਚ ਇਰਾਨ ਦੇ ਦੌਰੇ ‘ਤੇ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਇਰਾਨ ਯਾਤਰਾ ‘ਤੇ ਗਏ ਸਨ। ਉਨ੍ਹਾਂ ਦਾ ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਕੁਝ ਮਹੀਨੇ ਪਹਿਲਾਂ ਹੀ ਪੱਛਮੀ ਮੁਲਕਾਂ ਨੇ ਇਰਾਨ ਤੋਂ ਆਰਥਿਕ ਪਾਬੰਦੀਆਂ ਹਟਾਈਆਂ ਹਨ। ਰੂਹਾਨੀ ਨੇ ਅੱਤਵਾਦ ਨੂੰ ਖ਼ਿੱਤੇ ਦੀ ਸਭ ਤੋਂ ਵੱਡੀ ਅਤੇ ਤੇਜ਼ੀ ਨਾਲ ਫੈਲਣ ਵਾਲੀ ਸਮੱਸਿਆ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਮੁਲਕਾਂ ਨੇ ਇਸ ਮੁੱਦੇ ਨੂੰ ਵਿਚਾਰ ਕੇ ਖ਼ੁਫ਼ੀਆ ਜਾਣਕਾਰੀ ਸਾਂਝੀ ਕਰਨ ‘ਤੇ ਸਹਿਮਤੀ ਬਣਾਈ ਹੈ। ਚਾਬਹਾਰ ਬੰਦਰਗਾਹ ਵਿਕਸਤ ਕਰਨ ਤੋਂ ਇਲਾਵਾ ਦੋਹਾਂ ਮੁਲਕਾਂ ਨੇ ਆਰਥਿਕ ਸਹਿਯੋਗ ਦੇ ਵੱਖ-ਵੱਖ ਖੇਤਰਾਂ, ਵਪਾਰ ਕਰਜ਼ਾ, ਸੱਭਿਆਚਾਰ, ਵਿਗਿਆਨ ਤੇ ਤਕਨਾਲੋਜੀ ਅਤੇ ਰੇਲਵੇ ਦੇ ਖੇਤਰ ਵਿਚ ਵੀ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਹਨ। ਚਾਬਹਾਰ ਬੰਦਰਗਾਹ ਬਾਰੇ ਮੋਦੀ ਨੇ ਕਿਹਾ ਕਿ ਇਸ ਦੇ ਵਿਕਸਤ ਹੋਣ ਨਾਲ ਖ਼ਿੱਤੇ ਵਿਚ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਦਸਤਖ਼ਤ ਕੀਤੇ ਗਏ ਸਮਝੌਤਿਆਂ ਨੂੰ ਫੌਰੀ ਲਾਗੂ ਕਰਨ ਲਈ ਕਦਮ ਚੁੱਕੇ ਜਾਣਗੇ। ਸਿਸਤਾਨ-ਬਲੋਚਿਸਤਾਨ ਸੂਬੇ ਵਿਚ ਪੈਂਦੀ ਚਾਬਹਾਰ ਬੰਦਰਗਾਹ ਭਾਰਤ ਲਈ ਰਣਨੀਤਕ ਤੌਰ ‘ਤੇ ਫਾਇਦੇਮੰਦ ਹੈ। ਇਹ ਫਾਰਸ ਦੀ ਖਾੜੀ ਦੇ ਬਾਹਰਵਾਰ ਪੈਂਦੀ ਹੈ ਅਤੇ ਪਾਕਿਸਤਾਨ ਨੂੰ ਉਲੰਘ ਕੇ ਭਾਰਤ ਦੇ ਪੱਛਮੀ ਕੰਢੇ ਤੋਂ ਇਥੇ ਤੱਕ ਪਹੁੰਚਿਆ ਜਾ ਸਕਦਾ ਹੈ। ਇਰਾਨ ਦੇ ਰਾਸ਼ਟਰਪਤੀ ਰੂਹਾਨੀ ਨੇ ਕਿਹਾ ਕਿ ਚਾਬਹਾਰ ਦੋ ਮਹਾਨ ਮੁਲਕਾਂ ਵਿਚਕਾਰ ਸਹਿਯੋਗ ਦੀ ਨਿਸ਼ਾਨੀ ਬਣ ਸਕਦੀ ਹੈ। ਰੂਹਾਨੀ ਨੇ ਮੋਦੀ ਦੇ ਦੌਰੇ ਦੀ ਮਹੱਤਤਾ ‘ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਇਰਾਨ ਪਰਮਾਣੂ ਸੰਧੀ ਕਰਨ ਵਿਚ ਕਾਮਯਾਬ ਰਿਹਾ ਅਤੇ ਮੁਲਕ ਖ਼ਿਲਾਫ਼ ਲੱਗੀਆਂ ਸਾਰੀਆਂ ਪਾਬੰਦੀਆਂ ਹਟਾ ਲਈਆਂ ਗਈਆਂ। ਦੋਹਾਂ ਮੁਲਕਾਂ ਵਿਚਕਾਰ ਆਰਥਿਕ ਸਹਿਯੋਗ ਵਿਚ ਪਹਿਲਾਂ ਨਾਲੋਂ ਵਧੇਰੇ ਜ਼ਮੀਨ ਤਿਆਰ ਹੋ ਗਈ ਹੈ।ਮੋਦੀ ਨੇ ਇਰਾਨ ਦੇ ਸੋਹਲੇ ਗਾਉਂਦਿਆਂ ਕਿਹਾ ਕਿ ਇਰਾਨ ਪਹਿਲਾ ਮੁਲਕ ਸੀ ਜਿਸ ਨੇ 2001 ਵਿਚ ਗੁਜਰਾਤ ਵਿਚ ਆਏ ਭੂਚਾਲ ਦੌਰਾਨ ਸਹਾਇਤਾ ਦੇ ਹੱਥ ਵਧਾਏ ਸਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੇ ਅਰਥਚਾਰਿਆਂ ਤੋਂ ਭਾਵ ਹੈ 40 ਕਰੋੜ ਲੋਕਾਂ (ਇਰਾਨ ਤੇ ਲਾਗਲੇ ਮੁਲਕ) ਅਤੇ 1.2 ਅਰਬ ਦੀ ਆਬਾਦੀ (ਭਾਰਤ) ਵਿਚਕਾਰ ਰਾਬਤਾ ਕਾਇਮ ਹੋਣਾ। ਉਨ੍ਹਾਂ ਕਿਹਾ ਕਿ ਤਿੰਨ ਮੁਲਕਾਂ ਭਾਰਤ, ਇਰਾਨ ਅਤੇ ਅਫ਼ਗਾਨਿਸਤਾਨ ਵਿਚਕਾਰ ਟਰਾਂਸਪੋਰਟ ਅਤੇ ਟਰਾਂਜ਼ਿਟ ਸਮਝੌਤੇ ਤਹਿਤ ਸੰਪਰਕ ਦੇ ਨਵੇਂ ਮਾਰਗ ਖੁਲ੍ਹਣਗੇ। ਉਨ੍ਹਾਂ ਰਾਸ਼ਟਰਪਤੀ ਰੂਹਾਨੀ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।
ਮੋਦੀ ਵੱਲੋਂ ਗ਼ਾਲਿਬ ਦੇ ਸ਼ੇਅਰ ਨਾਲ ਇਰਾਨ-ਭਾਰਤ ਗੂੜ੍ਹੇ ਸਬੰਧਾਂ ਦਾ ਜ਼ਿਕਰ
ਤਹਿਰਾਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਰਾਨ ਤੇ ਭਾਰਤ ਵਿਚਕਾਰ ਪ੍ਰਾਚੀਨ ਇਤਿਹਾਸਕ ਸਬੰਧਾਂ ਦਾ ਜ਼ਿਕਰ ਕਰਦਿਆਂ ਮਿਰਜ਼ਾ ਗ਼ਾਲਿਬ ਦਾ ਸ਼ੇਅਰ ਪੜ੍ਹਿਆ ਜਿਸ ਦਾ ਮਤਲਬ ਸੀ ਕਿ ‘ਇਕ ਵਾਰ ਤੈਅ ਕਰ ਲਿਆ ਜਾਏ ਤਾਂ ਕਾਸ਼ੀ ਅਤੇ ਕਸ਼ਾਨ (ਇਰਾਨ ਦਾ ਪੁਰਾਤਨ ਸ਼ਹਿਰ) ਵਿਚਕਾਰ ਦੂਰੀ ਅੱਧਾ ਕਦਮ ਹੀ ਹੈ।’ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਗੱਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਭਾਰਤ ਅਤੇ ਇਰਾਨ ਕੋਈ ਨਵੇਂ ਮਿੱਤਰ ਨਹੀਂ ਹਨ ਤੇ ਦੋਹਾਂ ਮੁਲਕਾਂ ਦੀ ਦੋਸਤੀ ਇਤਿਹਾਸ ਵਾਂਗ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਰੂਹਾਨੀ ਤੇ ਉਹ ਇਨ੍ਹਾਂ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …