ਵਾਸ਼ਿੰਗਟਨ/ਬਿਊਰੋ ਨਿਊਜ਼
ਭਾਰਤੀ ਮੂਲ ਦੇ 64 ਸਾਲਾ ਅਮਰੀਕੀ ਅਧਿਕਾਰੀ ਐਸ਼ਲੇ ਟੇਲਿਸ ਨੂੰ ਪਿਛਲੇ ਦਿਨੀਂ ਗਿ੍ਰਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟੇਲਿਸ ’ਤੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਗੁਪਤ ਦਸਤਾਵੇਜ ਆਪਣੇ ਕੋਲ ਰੱਖਣ ਅਤੇ ਚੀਨ ਦੇ ਅਧਿਕਾਰੀਆਂ ਨਾਲ ਗੁਪਤ ਮੀਟਿੰਗ ਦਾ ਇਲਜ਼ਾਮ ਹੈ। ਐਸ਼ਲੇ ਟੇਲਿਸ ਦੇ ਵਰਜੀਨੀਆ ਵਾਲੇ ਘਰ ਤੋਂ ਐਫ.ਬੀ.ਆਈ. ਨੂੰ 1 ਹਜ਼ਾਰ ਤੋਂ ਵੀ ਜ਼ਿਆਦਾ ਪੇਜ਼ਾਂ ਦੇ ਗੁਪਤ ਦਸਤਾਵੇਜ਼ ਮਿਲੇ ਹਨ। ਮਿਲੀ ਜਾਣਕਾਰੀ ਮੁਤਾਬਕ ਜੇਕਰ ਟੇਲਿਸ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ 10 ਸਾਲ ਦੀ ਜੇਲ੍ਹ ਅਤੇ ਢਾਈ ਲੱਖ ਡਾਲਰ ਦਾ ਜੁਰਮਾਨਾ ਵੀ ਹੋ ਸਕਦਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੇਲਿਸ ਨੂੰ ਜ਼ਮਾਨਤ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ, ਕਿਉਂਕਿ ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ। ਦੱਸਣਯੋਗ ਹੈ ਕਿ ਟੇਲਿਸ ਪਰਿਵਾਰ ਸਮੇਤ ਰੋਮ ਜਾਣ ਵਾਲੇ ਸਨ, ਪਰ ਉਨ੍ਹਾਂ ਨੂੰ ਰਸਤੇ ਵਿਚ ਹੀ ਗਿ੍ਰਫਤਾਰ ਕਰ ਲਿਆ ਗਿਆ ਸੀ।