ਸੁਨੀਲ ਜਾਖੜ ’ਤੇ ਭੜਕੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ
ਕਿਹਾ : ਖਹਿਰਾ ਦੀ ਚਿੰਤਾ ਛੱਡ ਕੇ ਭਾਜਪਾ ਦੀ ਚਿੰਤਾ ਕਰਨ ਸੁਨੀਲ ਜਾਖੜ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਜਲੰਧਰ ਦੌਰੇ ਦੌਰਾਨ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਗਿ੍ਰਫ਼ਤਾਰੀ ਨੂੰ ਲੈ ਕੇ ਇਕ ਬਿਆਨ ਦਿੱਤਾ ਸੀ। ਜਾਖੜ ਦੀ ਇਸ ਬਿਆਨਬਾਜ਼ੀ ਤੋਂ ਬਾਅਦ ਕਾਂਗਰਸੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਸੁਖਜਿੰਦਰ ਸਿੰਘ ਰੰਧਾਵਾ ਭੜਕ ਉਠੇ ਹਨ। ਉਨ੍ਹਾਂ ਸੁਨੀਲ ਜਾਖੜ ਨੂੰ ਸੁਖਪਾਲ ਖਹਿਰਾ ਦੀ ਚਿੰਤਾ ਛੱਡ ਕੇ ਭਾਰਤੀ ਜਨਤਾ ਪਾਰਟੀ ਦੀ ਚਿੰਤਾ ਕਰਨ ਸਲਾਹ ਵੀ ਦਿੱਤੀ। ਸੁਖਜਿੰਦਰ ਸਿੰਘ ਰੰਧਾਵਾ ਇਥੇ ਹੀ ਨਹੀਂ ਰੁਕੇ ਬਲਕਿ ਉਨ੍ਹਾਂ ਸੁਨੀਲ ਜਾਖੜ ਨੂੰ ਕਾਂਗਰਸ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨ ਵਾਲਾ ਵੀ ਦੱਸਿਆ। ਸੁਖਜਿੰਦਰ ਰੰਧਾਵਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਕਿਹਾ ਕਿ ਜਾਖੜ ਸਾਬ ਗਿਆਨ ਵੰਡਣਾ ਬੰਦ ਕਰੋ। ਆਪਣੇ ਪੁਰਖਿਆਂ ਦੀ ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਵਾਲੇ ਇਨਸਾਨ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਤੁਸੀਂ ਹੀ ਸੀ ਜਿਨ੍ਹਾਂ ਨੇ ਕਾਂਗਰਸ ਪਾਰਟੀ ’ਚ ਧੜੇਬੰਦੀ ਪੈਦਾ ਕਰਕੇ ਲੋਕਾਂ ’ਚ ਕਾਂਗਰਸ ਪਾਰਟੀ ਦਾ ਨਾਮ ਖਰਾਬ ਕੀਤਾ। ਤੁਸੀਂ ਖਹਿਰਾ ਦੀ ਚਿੰਤਾ ਛੱਡ ਕੇ ਆਪਣੇ ਕੰਮ ਵੱਲ ਧਿਆਨ ਦਿਓ ਕਿਉਂਕਿ ਕਾਂਗਰਸ ਪਾਰਟੀ ਦਾ ਹਰ ਛੋਟੇ ਵਰਕਰ ਤੋਂ ਲੈ ਕੇ ਹਰ ਕਾਂਗਰਸੀ ਆਗੂ ਅਤੇ ਪਾਰਟੀ ਸੁਖਪਾਲ ਖਹਿਰਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਅਸੀਂ ਸਾਰੇ ਮਿਲ ਕੇ ਲੜਾਂਗੇ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਖਹਿਰਾ ਸਾਬ ਜਲਦੀ ਹੀ ਲੋਕਾਂ ਦੇ ਸਾਹਮਣੇ ਹੋਣਗੇ ਕਿਉਂਕਿ ਸੁਖਪਾਲ ਖਹਿਰਾ ਪੰਜਾਬੀਆਂ ਦੇ ਹਰਮਨ ਪਿਆਰੇ ਆਗੂ ਹਨ।