
ਟਰੈਕਟਰ ‘ਤੇ ਚੜ੍ਹ ਮੋਦੀ ਸਰਕਾਰ ਖਿਲਾਫ ਲਹਿਰਾਇਆ ਕਾਲਾ ਝੰਡਾ
ਅੰਮ੍ਰਿਤਸਰ ‘ਚ ਨਵਜੋਤ ਸਿੱਧੂ ਤੇ ਉਸਦੇ ਸਮਰਥਕਾਂ ਨੇ ਖੇਤੀ ਆਰਡੀਨੈਂਸ ਖਿਲਾਫ ਕੀਤਾ ਰੋਸ ਪ੍ਰਦਰਸ਼ਨ
ਅੰਮ੍ਰਿਤਸਰ/ਬਿਊਰੋ ਨਿਊਜ਼
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਲੰਬੀ ਚੁੱਪ ਤੋਂ ਬਾਅਦ ਮੁੜ ਸਰਗਰਮ ਹੋ ਗਏ ਹਨ। ਖੇਤੀਬਾੜੀ ਬਿੱਲਾਂ ਖ਼ਿਲਾਫ਼ ਟਵਿੱਟਰ ‘ਤੇ ਕਿਸਾਨਾਂ ਦਾ ਸਾਥ ਦੇਣ ਦੇ ਐਲਾਨ ਤੋਂ ਬਾਅਦ ਅੱਜ ਸਿੱਧੂ ਨੇ ਅੰਮ੍ਰਿਤਸਰ ਵਿਚ ਪੋਸਟਰ ਦਿਖਾ ਕੇ ਬਿੱਲਾਂ ਦਾ ਵਿਰੋਧ ਕੀਤਾ। ਸਿੱਧੂ ਤੇ ਉਨ੍ਹਾਂ ਦੇ ਸਮਰਥਕਾਂ ਨੇ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਧਰਨਾ ਲਗਾਇਆ ਅਤੇ ਉਹ ਰੋਸ ਮਾਰਚ ਕਰਦਿਆਂ ਭੰਡਾਰੀ ਪੁਲ ਤੋਂ ਹਾਲ ਗੇਟ ਪਹੁੰਚੇ। ਸਿੱਧੂ ਨੇ ਕਿਹਾ ਕਿ ਕਿਸਾਨ ਸਾਡੀ ਪੱਗ ਹਨ ਤੇ ਇਨ੍ਹਾਂ ਨਾਲ ਹੀ ਸਾਡਾ ਵਜੂਦ ਹੈ ਅਤੇ ਕਿਸਾਨਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੀ ਪੱਗ ਨੂੰ ਹੱਥ ਪਾਇਆ ਹੈ, ਜਿਸ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ, ਜਿਸ ਦਾ ਜਵਾਬ ਦੇਣਾ ਪਵੇਗਾ। ਰੋਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਸਿੱਧੂ ਦੇ ਸਮਰਥਕ ਪਹੁੰਚੇ ਤੇ ਉਨ੍ਹਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਨਵਜੋਤ ਸਿੰਘ ਸਿੱਧੂ ਵੱਲੋਂ ਟਰੈਕਟਰ ‘ਤੇ ਬੈਠ ਕੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਕੇਂਦਰ ਸਰਕਾਰ ਦਾ ਵਿਰੋਧ ਪ੍ਰਗਟਾਇਆ ਗਿਆ।