ਸਿਸੋਦੀਆ ਪੰਜਾਬ ਲੀਡਰਸ਼ਿਪ ਦੀ ਕਾਰਗੁਜ਼ਾਰੀ ਤੋਂ ਹਨ ਨਰਾਜ਼
ਚੰਡੀਗੜ੍ਹ/ਬਿਊਰੋ ਨਿਊਜ਼ : ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਪਿੱਛਲੇ ਸਮੇਂ ਚੁੱਪ ਚੁਪੀਤੇ ਪੰਜਾਬ ਆ ਕੇ ਪਾਰਟੀ ਦੀ ਲੀਡਰਸ਼ਿਪ ਅਤੇ ਵਿਧਾਇਕਾਂ ਨੂੰ ਨਸੀਹਤਾਂ ਦੇ ਗਏ ਹਨ। ਇਨ੍ਹਾਂ ਮੀਟਿੰਗਾਂ ਦੌਰਾਨ ਪੰਜਾਬ ਇਕਾਈ ਲਈ ਕੋਈ ਕੋਰ ਕਮੇਟੀ ਜਾਂ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਸੀਏ) ਬਣਾਉਣ ਦੀ ਚਰਚਾ ਵੀ ਹੋਣ ਦੀ ਜਾਣਕਾਰੀ ਮਿਲੀ ਹੈ ਅਤੇ ਪੰਜਾਬ ਇਕਾਈ ਨੂੰ ਹੋਰ ਨਵਾਂ ਰੂਪ ਦਿੱਤਾ ਜਾ ਸਕਦਾ ਹੈ। ਸਿਸੋਦੀਆ ਨੇ ਪੰਜਾਬ ਇਕਾਈ ਦੇ ਇੰਚਾਰਜ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿਚ ਆ ਕੇ ਲੀਡਰਸ਼ਿਪ ਨਾਲ ਮੁਲਾਕਾਤਾਂ ਦਾ ਦੌਰ ਚਲਾਇਆ ਹੈ। ਸੂਤਰਾਂ ਅਨੁਸਾਰ ਸਿਸੋਦੀਆ ਵੱਲੋਂ ਪੰਜਾਬ ਆ ਕੇ ਪਾਰਟੀ ਦੇ ਵਿਧਾਇਕਾਂ ਅਤੇ ਲੀਡਰਸ਼ਿਪ ਨਾਲ ਇਥੇ ਦੋ ਰਾਤਾਂ ਰਹਿ ਕੇ ਲੰਮੀਆਂ ਮੀਟਿੰਗਾਂ ਕੀਤੀਆਂ ਹਨ। ਇਹ ਮੀਟਿੰਗਾਂ ਜਲੰਧਰ ਵਿਚ ਹੋਈਆਂ ਹਨ। ਦਰਅਸਲ ਸਿਸੋਦੀਆ ਜਲੰਧਰ ਵਿਚ ਇਕ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ। ਸੂਤਰਾਂ ਅਨੁਸਾਰ ਉਨ੍ਹਾਂ ਅਗਾਊਂ ਹੀ ਪੰਜਾਬ ਦੀ ਲੀਡਰਸ਼ਿਪ ਨਾਲ ਮੀਟਿੰਗਾਂ ਦਾ ਪ੍ਰੋਗਰਾਮ ਬਣਾਇਆ ਸੀ। ਪਤਾ ਲੱਗਾ ਹੈ ਕਿ ਪਹਿਲਾਂ ਸਿਸੋਦੀਆ ਨੇ ਇਕੱਲੇ-ਇਕੱਲੇ ਤੌਰ ‘ਤੇ ਪਾਰਟੀ ਦੇ ਵਿਧਾਇਕਾਂ ਨਾਲ ਮੀਟਿੰਗਾਂ ਦਾ ਦੌਰ ਚਲਾਇਆ। ਜਿਸ ਦੌਰਾਨ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਪੰਜਾਬ ਦੇ ਸਹਿ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ ਸਮੇਤ ਕੁੱਲ 20 ਵਿਚੋਂ 16 ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਹਨ। ਦੂਸਰੇ ਦੌਰ ਵਿਚ ਸਿਸੋਦੀਆ ਨੇ ਪੰਜ ਜ਼ੋਨਲ ਪ੍ਰਧਾਨਾਂ ਦੁਆਬਾ ਜ਼ੋਨ ਦੇ ਪ੍ਰਮਜੀਤ ਸਿੰਘ ਸਚਦੇਵਾ, ਮਾਝਾ ਦੇ ਕੁਲਦੀਪ ਸਿੰਘ ਧਾਲੀਵਾਲ ਅਤੇ ਮਾਲਵਾ -1 ਦੇ ਅਨਿਲ ਠਾਕੁਰ, ਜ਼ੋਨ-2 ਦੇ ਗੁਰਦਿੱਤ ਸਿੰਘ ਸ਼ੇਖੋਂ ਅਤੇ ਜ਼ੋਨ-3 ਦੇ ਦਲਬੀਰ ਸਿੰਘ ਢਿੱਲੋਂ ਨਾਲ ਮੀਟਿੰਗ ਕੀਤੀ ਹੈ। ਸੂਤਰਾਂ ਅਨੁਸਾਰ ਸਿਸੋਦੀਆ ਪੰਜਾਬ ਦੀ ਲੀਡਰਸ਼ਿਪ ਦੀ ਕਾਰਗੁਜ਼ਾਰੀ ਉਪਰ ਬਹੁਤੇ ਖੁਸ਼ ਨਹੀਂ ਸਨ ਕਿਉਂਕਿ ਪਾਰਟੀ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ ਅਤੇ ਨਗਰ ਨਿਗਮ ਚੋਣਾਂ ਵਿਚੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਵਿਧਾਇਕਾਂ ਅਤੇ ਨੇਤਾਵਾਂ ਨੇ ਸਿਸੋਦੀਆ ਨੂੰ ਪਾਰਟੀ ਦੇ ਸਿਖਰਲੇ ਸੂਬਾਈ ਆਗੂਆਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਦੀ ਅਰਜ਼ੋਈ ਕੀਤੀ ਅਤੇ ਇਸੇ ਮੁੱਦੇ ਉਪਰ ਹੋਈ ਚਰਚਾ ਤੋਂ ਬਾਅਦ ਸੂਬਾਈ ਪੱਧਰ ‘ਤੇ ਕੁਝ ਸਾਂਝੇ ਚਿਹਰੇ ਸਾਹਮਣੇ ਲਿਆਉਣ ਲਈ ਪੰਜਾਬ ਲਈ ਕੋਰ ਕਮੇਟੀ ਜਾਂ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਬਣਾਉਣ ਦੀ ਗੱਲ ਉਭਰੀ ਹੈ। ਜਿਸ ਤੋਂ ਸੰਕੇਤ ਮਿਲੇ ਹਨ ਕਿ ਹਾਈਕਮਾਂਡ ਪੰਜਾਬ ਦੀ ਕੋਈ ਸੂਬਾਈ ਕੋਰ ਕਮੇਟੀ ਜਾਂ ਪੀਏਸੀ ਦਾ ਗਠਨ ਕਰ ਸਕਦੀ ਹੈ। ਸਿਸੋਦੀਆ ਵੱਲੋਂ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਲੈਣ ਦੇ ਮੁੱਦੇ ਉਪਰ ਪਾਰਟੀ ਵੱਲੋਂ ਪੰਜਾਬ ਵਿਚ ਬਣਦੀ ਚਰਚਾ ਨਾ ਛੇੜ ਸਕਣ ਦਾ ਮੁੱਦਾ ਉਠਾਇਆ ਤਾਂ ਕੁਝ ਆਗੂਆਂ ਨੇ ਕਿਹਾ ਕਿ ਇਹ ਮਾਮਲਾ ‘ਆਪ’ ਬਨਾਮ ਰਾਣਾ ਦੇ ਬਣਨ ਦੀ ਥਾਂ ਖਹਿਰਾ ਬਨਾਮ ਰਾਣਾ ਹੀ ਬਣ ਕੇ ਰਹਿ ਗਿਆ ਸੀ। ਸਿਸੋਦੀਆ ਨੇ ਅਗਲੇ ਦਿਨੀਂ ਮੁੜ ਪੰਜਾਬ ਆ ਕੇ ਪਾਰਟੀ ਨੂੰ ਹੋਰ ਸਰਗਰਮ ਕਰਨ ਦੇ ਸੰਕੇਤ ਦਿੱਤੇ ਹਨ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …