ਕੇਂਦਰ ਸਰਕਾਰ ਨੂੰ ਚੁਫੇਰਿਓਂ ਘੇਰਨ ਦੀ ਕੀਤੀ ਕੋਸ਼ਿਸ਼
ਚੰਡੀਗੜ੍ਹ : ਸੰਸਦ ਦੇ ਬਜਟ ਸੈਸ਼ਨ ਵਿਚ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ 18 ਮਿੰਟਾਂ ਵਿੱਚ ਪੰਜਾਬ ਅਤੇ ਦੇਸ਼ ਨਾਲ ਜੁੜੇ ਕਰੀਬ 2 ਦਰਜਨ ਮੁੱਦੇ ਉਠਾ ਕੇ ਕੇਂਦਰ ਸਰਕਾਰ ਨੂੰ ਚੁਫੇਰਿਓਂ ਘੇਰਨ ਦਾ ਯਤਨ ਕੀਤਾ ਹੈ। ਸਮੇਂ ਦੀ ਘਾਟ ਕਾਰਨ ਭਗਵੰਤ ਮਾਨ ਨੇ ‘ਅੱਛੇ ਦਿਨ ਕਬ ਆਏਂਗੇ ਅਤੇ ਦੇਸ਼ ਕੋ ਨਦੀਓ ਔਰ ਝੀਲੋਂ ਮੇਂ ਮਤ ਬਾਂਟੀਏ’ ਕਵਿਤਾਵਾਂ ਦਾ ਵੀ ਸਹਾਰਾ ਲਿਆ। ਸੰਸਦ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ, ਮੋਦੀ ਸਰਕਾਰ ਵੱਲੋਂ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਰਹੇ ਕਿਸਾਨਾਂ-ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰਨ, ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਕੇਂਦਰੀ ਮਦਦ ਨਾ ਦੇਣ, ਮੋਦੀ ਸਰਕਾਰ ਦਾ ਫ਼ਸਲਾਂ ਦੇ ਲਾਭਕਾਰੀ ਮੁੱਲ ਲਈ ਡਾ. ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਤੋਂ ਮੁੱਕਰਨ, ਆਲੂ ਅਤੇ ਗੰਨਾ ਉਤਪਾਦਕ ਕਿਸਾਨਾਂ ਦੀ ਜਿਨਸਾਂ ਦਾ ਸਹੀ ਅਤੇ ਸਮੇਂ ਸਿਰ ਮੁੱਲ ਨਾ ਮਿਲਣ ਕਾਰਨ ਹੋ ਰਹੀ ਦੁਰਦਸ਼ਾ, ਜੀਐਸਟੀ ਅਤੇ ਨੋਟਬੰਦੀ ਦੀ ਵਪਾਰੀਆਂ-ਕਾਰੋਬਾਰੀਆਂ ਉੱਤੇ ਪੈ ਰਹੀ ਮਾਰ ਦੇ ਮੁੱਦੇ ਉਠਾਏ ਹਨ।
ਉਨ੍ਹਾਂ ਸੰਸਦ ਵਿਚ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਵਪਾਰੀਆਂ ਦਾ ਵਪਾਰ ਤੋਂ ਸੰਨਿਆਸ ਲੈਣਾ ਅਤੇ ਚਹੇਤੇ ਸੰਨਿਆਸੀਆਂ ਦਾ ਵਪਾਰ-ਕਾਰੋਬਾਰ ਕਰਨ, ਦੇਸ਼ ਦੀ 73 ਫ਼ੀਸਦੀ ਪੂੰਜੀ ਕੇਵਲ ਇੱਕ ਫੀਸਦ ਘਰਾਣਿਆਂ ਕੋਲ ਜਮ੍ਹਾਂ ਹੋਣ ਕਾਰਨ ਗ਼ਰੀਬ ਅਤੇ ਆਮ ਆਦਮੀ ਦੀ ਹਾਲਤ ਬਦ ਤੋਂ ਬਦਤਰ ਹੋਣ, ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦਲਿਤਾਂ ਅਤੇ ਗ਼ਰੀਬਾਂ ਨੂੰ ਹਾਸ਼ੀਏ ‘ਤੇ ਧੱਕਣ ਅਤੇ ਮਨਰੇਗਾ ਦੀਆਂ ਦਿਹਾੜੀਆਂ ਦੇ ਲੰਮਾ ਸਮਾਂ ਪੈਸੇ ਨਾ ਦੇਣ, ਪ੍ਰੀ-ਮੈਟ੍ਰਿਕ, ਪੋਸਟ ਮੈਟ੍ਰਿਕ ਹੋਰ ਵਜ਼ੀਫ਼ਿਆਂ ਦੀ ਰਾਸ਼ੀ ਜਾਰੀ ਨਾ ਕਰਨ, ਅੰਮ੍ਰਿਤਸਰ ਅਤੇ ਮੋਹਾਲੀ (ਚੰਡੀਗੜ੍ਹ) ਏਅਰਪੋਰਟਾਂ ਨੂੰ ਸਹੀ ਅਰਥਾਂ ਵਿਚ ਅੰਤਰਰਾਸ਼ਟਰੀ ਏਅਰਪੋਰਟਾਂ ਦੀ ਤਰ੍ਹਾਂ ਨਾ ਚਲਾਉਣ, ਰਾਜਪੁਰਾ ਤੋਂ ਸਨੇਟਾ (ਮੋਹਾਲੀ) ਤੱਕ ਮਹਿਜ਼ 16 ਕਿੱਲੋਮੀਟਰ ਦੇ ਰੇਲ ਲਿੰਕ ਰਾਹੀਂ ਚੰਡੀਗੜ੍ਹ ਨੂੰ ਸਮੁੱਚੇ ਮਾਲਵਾ ਅਤੇ ਗੰਗਾਨਗਰ ਤੱਕ ਨਾ ਜੋੜਨ ਪਿੱਛੇ ਬਾਦਲਾਂ ਦੀਆਂ ਬੱਸਾਂ ਨੂੰ ਫਾਇਦਾ ਪਹੁੰਚਾਉਣ ਦਾ ਕਾਰਨ ਹੋਣ ਜਿਹੇ ਮਾਮਲੇ ਵੀ ਚੁੱਕੇ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …