Breaking News
Home / ਪੰਜਾਬ / ਸਾਂਝੀਆਂ ਰਸੋਈਆਂ ਫਸੀਆਂ ਆਰਥਿਕ ਸੰਕਟ ‘ਚ

ਸਾਂਝੀਆਂ ਰਸੋਈਆਂ ਫਸੀਆਂ ਆਰਥਿਕ ਸੰਕਟ ‘ਚ

ਪੰਜਾਬ ਕਾਂਗਰਸ ਨੇ ਚੋਣ ਮਨੋਰਥ ਪੱਤਰ ‘ਚ ਸਸਤੇ ਭੋਜਨ ਦਾ ਕੀਤਾ ਸੀ ਵਾਅਦਾ
ਜਲੰਧਰ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 10 ਰੁਪਏ ਵਿੱਚ ਭੋਜਨ ਦੀ ਥਾਲੀ ਦੇਣ ਲਈ ਧੂਮ-ਧੜੱਕੇ ਨਾਲ ਖੋਲ੍ਹੀਆਂ ਸਾਂਝੀਆਂ ਰਸੋਈਆਂ ਆਰਥਿਕ ਸੰਕਟ ਵਿੱਚੋਂ ਲੰਘ ਰਹੀਆਂ ਹਨ। ਇਸ ਤੰਗੀ ਕਾਰਨ ਕਈ ਰਸੋਈਆਂ ਵਿੱਚ ਦਾਲਾਂ-ਸਬਜ਼ੀਆਂ ਨੂੰ ਤੜਕੇ ਲਾਉਣੇ ਵੀ ਔਖੇ ਹੋ ਗਏ ਹਨ ਅਤੇ ਕਈ ਰਸੋਈਆਂ ਤਾਂ ਹੁਣ ਸ਼ਰਾਧਾਂ ਦੇ ਆਸਰੇ ਚੱਲ ਰਹੀਆਂ ਹਨ। ਇਨ੍ਹਾਂ ਦਿਨਾਂ ਵਿੱਚ ਚੱਲ ਰਹੇ ਸ਼ਰਾਧ ਕਈ ਸਾਂਝੀਆਂ ਰਸੋਈਆਂ ਨੂੰ ਰਾਸ ਆ ਰਹੇ ਹਨ। ਪੰਜਾਬ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਸਤੇ ਭੋਜਨ ਦਾ ਵਾਅਦਾ ਕੀਤਾ ਸੀ ਤੇ ਇਸ ਨੂੰ ਕਈ ਜ਼ਿਲ੍ਹਿਆਂ ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਇਆ ਗਿਆ ਹੈ। ਕਈ ਥਾਵਾਂ ‘ਤੇ ਤਾਂ ਇਹ ਸਾਂਝੀਆਂ ਰਸੋਈਆਂ ਠੀਕ-ਠਾਕ ਚੱਲ ਰਹੀਆਂ ਹਨ, ਪਰ ਕਈ ਸਾਂਝੀਆਂ ਰਸੋਈਆਂ ਚਲਾਉਣ ਵਾਲੇ ਪ੍ਰਬੰਧਕਾਂ ਨੂੰ ਪੱਲਿਓਂ ਪੈਸੇ ਪਾਉਣੇ ਪੈ ਰਹੇ ਹਨ, ਕਿਉਂਕਿ ਦਾਨੀਆਂ ਨੇ ਵੀ ਹੱਥ ਘੁੱਟ ਲਏ ਹਨ। ਸਾਂਝੀ ਰਸੋਈ ਦਾ ਸਾਮਾਨ ਖ਼ਰੀਦਣ ਲਈ ਲੱਗ ਰਿਹਾ ਜੀਐਸਟੀ ਵੀ ਮੁਸੀਬਤ ਬਣਦਾ ਜਾ ਰਿਹਾ ਹੈ। ਸਮਾਜ ਸੇਵੀ ਜਥੇਬੰਦੀ ਦੇ ਪ੍ਰਧਾਨ ਸ਼ਿਵਰਾਮ ਸਰੋਏ, ਜਿਨ੍ਹਾਂ ਦੀ ਦੇਖ-ਰੇਖ ਹੇਠ ਜਲੰਧਰ, ਲੁਧਿਆਣਾ, ਜਗਰਾਉਂ, ਖੰਨਾ, ਫਤਹਿਗੜ੍ਹ ਸਾਹਿਬ ਤੇ ਗੁਰਦਾਸਪੁਰ ਵਿੱਚ ਸਾਂਝੀਆਂ ਰਸੋਈਆਂ ਚੱਲ ਰਹੀਆਂ ਹਨ, ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸਾਂਝੀਆਂ ਰਸੋਈਆਂ ਚਲਾਉਣ ਵਿੱਚ ਬਹੁਤਾ ਸਹਿਯੋਗ ਨਹੀਂ ਦੇ ਰਹੇ। ਉਨ੍ਹਾਂ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਪਿਛਲੇ ਅੱਠਾਂ ਸਾਲਾਂ ਤੋਂ ਉਹ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿਚ ਸਾਂਝੀ ਰਸੋਈ ਚਲਾਉਂਦੇ ਹਨ। ਉਥੇ ਦਾਨੀ ਸੱਜਣ ਹੀ ਸਾਰਾ ਖ਼ਰਚਾ ਚੁੱਕੀ ਜਾ ਰਹੇ ਹਨ, ਜਿਸ ਨਾਲ ਲੋੜਵੰਦ ਮਰੀਜ਼ਾਂ ਨੂੰ ਪੇਟ ਭਰ ਕੇ ਖਾਣਾ ਮਿਲਦਾ ਹੈ। ਲੁਧਿਆਣਾ ਉਦਯੋਗਿਕ ਸ਼ਹਿਰ ਹੋਣ ਕਰਕੇ ਉਥੇ ਦਾਨ ਦੀ ਰਾਸ਼ੀ ਆਸਾਨੀ ਨਾਲ ਆ ਜਾਂਦੀ ਹੈ। ਜਲੰਧਰ ਤੇ ਗੁਰਦਾਸਪੁਰ ਵਿੱਚ ਸਾਂਝੀਆਂ ਰਸੋਈਆਂ ਚਲਾਉਣੀਆਂ ਉਨ੍ਹਾਂ ਲਈ ਵੱਡੀ ਮੁਸੀਬਤ ਬਣੀਆਂ ਹੋਈਆਂ ਹਨ ਕਿਉਂਕਿ ਜਿਹੜੇ ਦਾਨੀ ਸੱਜਣਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਇਨ੍ਹਾਂ ਰਸੋਈਆਂ ਨੂੰ ਚਲਾਉਣ ਲਈ ਦਾਨ ਦੇਣ ਦਾ ਵਾਅਦਾ ਕੀਤਾ ਸੀ, ਹੁਣ ਉਨ੍ਹਾਂ ਵਿੱਚੋਂ ਕਈਆਂ ਨੇ ਆਪਣਾ ਹੱਥ ਘੁੱਟ ਲਿਆ ਹੈ।

 

Check Also

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ 267 ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਫਿਰ ਗਰਮਾਇਆ

ਸੇਵਾ ਸਿੰਘ ਸੇਖਵਾਂ ਸਣੇ 5 ਸ਼੍ਰੋਮਣੀ ਕਮੇਟੀ ਮੈਂਬਰ ਇਸ ਮਸਲੇ ਨੂੰ ਲੈ ਕੇ ਜਥੇਦਾਰ ਗਿਆਨੀ …