ਭਾਰਤ ਵਿਚੋਂ ਪੰਜਾਬ ਦਾ 19ਵਾਂ ਨੰਬਰ
ਬਠਿੰਡਾ : ‘ਗੂਗਲ’ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਮੌਤ ਦੀ ਖੇਡ ‘ਬਲੂ ਵ੍ਹੇਲ’ ਦੀ ਇੰਟਰਨੈੱਟ ਉਤੇ ਭਾਲ ਵਿੱਚ ਪਠਾਨਕੋਟ ਪਹਿਲੇ ਨੰਬਰ ਉਤੇ ਹੈ ਅਤੇ ਖੰਨਾ ਸ਼ਹਿਰ ਦਾ ਦੂਜਾ ਨੰਬਰ ਹੈ। ਲੰਘੇ ਇਕ ਹਫ਼ਤੇ ਦੇ ਰੁਝਾਨ ਮੁਤਾਬਕ ਇਹ ਖੇਡ ਲੱਭਣ ਵਿੱਚ ਪੰਜਾਬ ਦਾ ਦੇਸ਼ ਵਿੱਚੋਂ 19ਵਾਂ ਨੰਬਰ ਹੈ, ਜਦੋਂ ਕਿ ਪਿਛਲੇ ਇਕ ਮਹੀਨੇ ਦੌਰਾਨ ਪੰਜਾਬ ਦਾ 20ਵਾਂ ਨੰਬਰ ਸੀ। ਇਸ ਖੇਡ ਬਾਰੇ ਪਤਾ ਲੱਗਣ ‘ਤੇ ਪਠਾਨਕੋਟ ਵਿੱਚ ਇਕ ਬੱਚੇ ਨੂੰ ਮਾਪਿਆਂ ਨੇ ਬਚਾਅ ਲਿਆ ਸੀ, ਜਦੋਂ ਕਿ 20 ਹੋਰ ਬੱਚੇ ਇਸ ਖੇਡ ਵਿੱਚ ਫਸੇ ਹੋਣ ਦੀ ਗੱਲ ਸਾਹਮਣੇ ਆਈ ਹੈ। ਇਹ ਅਜਿਹੀ ਖੇਡ ਹੈ, ਜਿਸ ਨੂੰ ਖੇਡਣ ਲਈ 50 ਟੀਚੇ ਹੁੰਦੇ ਹਨ, ਜਿਨ੍ਹਾਂ ਦਾ ਆਖ਼ਰੀ ਟੀਚਾ ਖ਼ੁਦਕੁਸ਼ੀ ਦੇ ਤਰੀਕਿਆਂ ਬਾਰੇ ਹੈ।
‘ਗੂਗਲ ਟਰੈਂਡਜ਼’ ਵਿੱਚ ਜੋ ਤੱਥ ਉਭਰੇ ਹਨ, ਉਨ੍ਹਾਂ ਮੁਤਾਬਕ ਪਿਛਲੇ ਇਕ ਮਹੀਨੇ ਦੌਰਾਨ ਪੰਜਾਬ ਵਿੱਚ ਇੰਟਰਨੈੱਟ ਉਤੇ ਇਹ ਖੇਡ ਲੱਭਣ ਸਬੰਧੀ ਲੁਧਿਆਣਾ ਪਹਿਲੇ ਅਤੇ ਦੇਸ਼ ਵਿੱਚੋਂ 17ਵੇਂ ਨੰਬਰ ‘ਤੇ ਸੀ ਪਰ ਪਿਛਲੇ ਇਕ ਹਫ਼ਤੇ ਵਿੱਚ ਸੂਬੇ ਵਿੱਚੋਂ ਪਠਾਨਕੋਟ ਸਿਖਰ ‘ਤੇ ਪੁੱਜ ਗਿਆ ਹੈ। ਪਿਛਲੇ ਦਿਨਾਂ ਵਿੱਚ ਲੁਧਿਆਣਾ ਵਿੱਚ ਇਸ ਨਾਲ ਸਬੰਧਤ ਇਕ ਦੋ ਕੇਸ ਸਾਹਮਣੇ ਵੀ ਆਏ ਹਨ। ਹੁਣ ਮਾਪੇ ਕਾਫ਼ੀ ਡਰੇ ਹੋਏ ਹਨ ਅਤੇ ਸਕੂਲ ਅਧਿਆਪਕ ਵੀ ਵਿਦਿਆਰਥੀਆਂ ‘ਤੇ ਨਜ਼ਰ ਰੱਖ ਰਹੇ ਹਨ। ਦੇਸ਼ ਵਿੱਚ ਪਿਛਲੇ ਇਕ ਹਫ਼ਤੇ ਦੇ ਰੁਝਾਨ ਅਨੁਸਾਰ ਜੰਮੂ-ਕਸ਼ਮੀਰ ਪਹਿਲੇ ਨੰਬਰ ਉਤੇ ਹੈ ਅਤੇ ਚੰਡੀਗੜ੍ਹ ਦਾ ਨੰਬਰ 20ਵਾਂ ਹੈ।
ਮਾਪਿਆਂ ਨੂੰ ਬੱਚਿਆਂ ‘ਤੇ ਨਜ਼ਰ ਰੱਖਣ ਦੀ ਸਲਾਹઠ
ਬਠਿੰਡਾ ਵਿੱਚ ਮਨੋਰੋਗਾਂ ਦੀ ਮਾਹਰ ਡਾ. ਨਿਧੀ ਗੁਪਤਾ ਨੇ ਮਾਪਿਆਂ ਨੂੰ ਖ਼ਬਰਦਾਰ ਕੀਤਾ ਕਿ ਉਹ ਬਲੂ ਵ੍ਹੇਲ ਖੇਡ ਤੋਂ ਸੁਚੇਤ ਰਹਿੰਦਿਆਂ ਆਪਣੇ ਬੱਚਿਆਂ ‘ਤੇ ਨਜ਼ਰ ਰੱਖਣ ਤੇ ਉਨ੍ਹਾਂ ਨੂੰ ਮੈਦਾਨ ‘ਚ ਖੇਡਣ ਲਈ ਉਤਸ਼ਾਹਤ ਕਰਨ। ਮਾਪੇ ਬੱਚਿਆਂ ਦੇ ਲੈਪਟਾਪ ਤੇ ਫੋਨਾਂ ‘ਤੇ ਵੀ ਨਜ਼ਰ ਰੱਖਣ ਦੀ ਕੋਸ਼ਿਸ਼ ਕਰਨ। ਮੁਕਤਸਰ ਦੇ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਤੇ ਮਨੋਵਿਗਿਆਨੀ ਡਾ. ਤਿਰਲੋਕ ਬੰਧੂ (ਰਾਮਪੁਰਾ) ਨੇ ਕਿਹਾ ਕਿ ਮੀਡੀਆ ਵੱਲੋਂ ਇਸ ਖੇਡ ਸਬੰਧੀ ਘਟਨਾਵਾਂ ਸਾਹਮਣੇ ਲਿਆਉਣ ਤੋਂ ਬਾਅਦ ਲੋਕਾਂ ‘ਚ ਇਸ ਖੇਡ ਬਾਰੇ ਜਾਣਨ ਦੀ ਇੱਛਾ ਵਧੀ ਹੈ। ਅਧਿਆਪਕਾਂ ਨੂੰ ਵਿਦਿਆਰਥੀਆਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਇਸ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਾਉਣਾ ਚਾਹੀਦਾ ਹੈ।
ਅਦਾਲਤ ਨੇ ਕੇਂਦਰ, ਪੰਜਾਬ ਤੇ ਹਰਿਆਣਾ ਸਰਕਾਰ ਨੂੰ ਕੀਤਾ ਨੋਟਿਸ ਜਾਰੀ
ਚੰਡੀਗੜ੍ਹ : ਬਲੂ ਵੇਲ੍ਹ ਗੇਮ ਬਾਰੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਕਦਮ ਚੁੱਕਿਆ ਹੈ। ਵਕੀਲ ਹਿਤੇਸ਼ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ ਕੋਰਟ ਨੇ ਪੰਜਾਬ, ਹਰਿਆਣਾ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਮਾਮਲੇ ‘ਤੇ ਅਗਲੀ ਸੁਣਵਾਈ 20 ਸਤੰਬਰ ਨੂੰ ਹੋਵੇਗੀ। ਹਾਈਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਸਰਚ ਇੰਜਣਾਂ ‘ਤੇ ਰੋਕ ਲਾਏ ਜਿੱਥੋਂ ਇਹ ਗੇਮ ਡਾਊਨਲੋਡ ਹੁੰਦੀ ਹੈ।