ਅੰਮ੍ਰਿਤਸਰ/ਬਿਊਰੋ ਨਿਊਜ਼ : ਸੰਯੁਕਤ ਰਾਜ ਅਮਰੀਕਾ ਤੋਂ ਨਿਊਜਰਸੀ-ਇੰਡੀਆ ਕਮਿਸ਼ਨ ਦਾ ਵਫ਼ਦ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ। ਵਫ਼ਦ ਵਿੱਚ ਨਿਊ ਜਰਸੀ-ਇੰਡੀਆ ਕਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਰਾਜਪਾਲ ਸਿੰਘ ਬਾਠ, ਡਾ. ਗੁਰਬੀਰ ਸਿੰਘ ਜੌਹਲ, ਬਿਕਰਮ ਸਿੰਘ ਗਿੱਲ, ਗੁਰਮੀਤ ਸਿੰਘ ਤੇ ਗੁਰਪ੍ਰੀਤ ਸਿੰਘ ਪਸਰੀਚਾ ਸ਼ਾਮਲ ਸਨ। ਵਫ਼ਦ ਦਾ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਤੇ ਮੈਂਬਰ ਗੁਰਮੀਤ ਸਿੰਘ ਬੂਹ ਨੇ ਦਰਬਾਰ ਸਾਹਿਬ ਪੁੱਜਣ ‘ਤੇ ਸਨਮਾਨ ਕੀਤਾ। ਇਸ ਦੌਰਾਨ ਵਫ਼ਦ ਦੇ ਆਗੂ ਰਾਜਪਾਲ ਸਿੰਘ ਬਾਠ ਨੇ ਕਿਹਾ ਕਿ ਨਿਊ ਜਰਸੀ-ਇੰਡੀਆ ਕਮਿਸ਼ਨ ਵਿੱਚ ਸਮੂਹ ਭਾਈਚਾਰਿਆਂ ਦੇ ਲੋਕ ਸ਼ਾਮਲ ਹਨ ਅਤੇ ਇਸ ਕਮਿਸ਼ਨ ਦਾ ਕੰਮ ਆਪਸੀ ਕਾਰੋਬਾਰ, ਸੱਭਿਆਚਾਰ ਤੇ ਸਿੱਖਿਆ ਦੇ ਖੇਤਰ ਵਿੱਚ ਮੌਕਿਆਂ ਦੀ ਭਾਲ ਕਰ ਕੇ ਸਾਂਝ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨਿਊ ਜਰਸੀ ਦੀ ਸਰਕਾਰ ਸਿੱਖਾਂ ਤੇ ਪੰਜਾਬੀਆਂ ਦਾ ਬਹੁਤ ਮਾਣ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਰਹੇ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਨੇ ਕਿਹਾ ਕਿ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਦਾ ਸਰਬ ਸਾਂਝਾ ਅਸਥਾਨ ਹੈ, ਜਿੱਥੇ ਬਿਨਾਂ ਕਿਸੇ ਵਿਤਕਰੇ ਤੇ ਭੇਦਭਾਵ ਤੋਂ ਪੂਰੀ ਦੁਨੀਆ ਤੋਂ ਲੋਕ ਆ ਕੇ ਨਤਮਸਤਕ ਹੁੰਦੇ ਹਨ।
ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕਮਿਸ਼ਨ ਇਸੇ ਤਰ੍ਹਾਂ ਆਪਸੀ ਸਾਂਝ ਮਜ਼ਬੂਤ ਕਰਨ ਲਈ ਯਤਨਸ਼ੀਲ ਰਹੇਗਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਤੇਜਿੰਦਰ ਸਿੰਘ ਪੱਡਾ, ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ, ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ, ਰਣਧੀਰ ਸਿੰਘ, ਸਤਿੰਦਰਪਾਲ ਸਿੰਘ ਹਾਜ਼ਰ ਸਨ।
ਪੰਜਾਬ ਦੇ ਅੱਠ ਨੌਜਵਾਨ ਭਾਰਤੀ ਫੌਜ ਵਿਚ ਕਮਿਸ਼ਨਡ ਅਫ਼ਸਰ ਬਣੇ
ਮੁਹਾਲੀ/ਬਿਊਰੋ ਨਿਊਜ਼ : ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੈਕਟਰ-77 (ਮੁਹਾਲੀ) ਦੇ ਅੱਠ ਕੈਡਿਟ ਭਾਰਤੀ ਫੌਜ ਵਿੱਚ ਕਮਿਸ਼ਨਡ ਅਫ਼ਸਰ ਬਣ ਗਏ ਹਨ। ਇਨ੍ਹਾਂ ਵਿੱਚ ਕ੍ਰਿਤਿਨ ਗੁਪਤਾ ਲੁਧਿਆਣਾ, ਅੰਮ੍ਰਿਤਸਰ ਤੋਂ ਭਰਤ ਸ਼ਰਮਾ ਤੇ ਸਾਹਿਲਦੀਪ ਸਿੰਘ, ਪਟਿਆਲਾ ਤੋਂ ਸਾਹਿਲਪ੍ਰੀਤ ਸਿੰਘ ਸੰਧੂ, ਕਪੂਰਥਲਾ ਤੋਂ ਸ਼ਿਵ ਕੁਮਾਰ ਅਤੇ ਬਠਿੰਡਾ ਤੋਂ ਉੱਤਮ ਮਲਿਕ ਸ਼ਾਮਲ ਹਨ।
ਇਨ੍ਹਾਂ ਨੌਜਵਾਨਾਂ ਨੂੰ ਭਾਰਤੀ ਸੈਨਾ ਅਕੈਡਮੀ (ਆਈਐੱਮਏ), ਦੇਹਰਾਦੂਨ ਦੇ 155- ਰੈਗੂਲਰ ਕੋਰਸ ਦੀ ਪਾਸਿੰਗ ਆਊਟ ਪਰੇਡ ਦੌਰਾਨ ਭਾਰਤੀ ਫ਼ੌਜ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਕੀਤਾ ਗਿਆ ਹੈ।
ਪਰੇਡ ਦਾ ਨਿਰੀਖਣ ਨੇਪਾਲ ਦੀ ਸੈਨਾ ਦੇ ਮੁਖੀ ਜਨਰਲ ਅਸ਼ੋਕਰਾਜ ਸਿਗਡੇਲ ਨੇ ਕੀਤਾ।
ਇਹ ਕੈਡਿਟ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਮੁਹਾਲੀ ਦੇ 8ਵੇਂ ਕੋਰਸ ਦੇ ਵਿਦਿਆਰਥੀ ਹਨ। ਇਸ ਤੋਂ ਇਲਾਵਾ, ਸੰਸਥਾ ਦੇ ਦੋ ਹੋਰ ਕੈਡਿਟ ਸੰਗਰੂਰ ਦੇ ਗੁਰਸ਼ੇਰ ਸਿੰਘ ਚੀਮਾ ਅਤੇ ਕਪੂਰਥਲਾ ਤੋਂ ਪ੍ਰਥਮ ਪਰਮਾਰ ਨੂੰ ਏਅਰ ਫੋਰਸ ਅਕੈਡਮੀ (ਏਐੱਫ਼ਏ) ਡੁੰਡੀਗਲ ਦੀ 214ਵੀਂ ਕੰਬਾਈਂਡ ਪਾਸਿੰਗ ਆਊਟ ਪਰੇਡ ਵਿੱਚ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫ਼ਸਰ ਵਜੋਂ ਸ਼ਾਮਲ ਕੀਤਾ ਗਿਆ ਹੈ। ਭਾਰਤੀ ਹਵਾਈ ਸੈਨਾ ਦੇ ਮੁਖੀ ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ ਪਰੇਡ ਦਾ ਨਿਰੀਖਣ ਕੀਤਾ।
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਨੌਜਵਾਨਾਂ ਦੀ ਸ਼ਲਾਘਾ
ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਮੁਹਾਲੀ ਇੰਸਟੀਚਿਊਟ ਦੇ ਇਨ੍ਹਾਂ ਹੋਣਹਾਰ ਕੈਡਿਟਾਂ ਨੂੰ ਕਮਿਸ਼ਨਡ ਅਫ਼ਸਰ ਭਰਤੀ ਹੋਣ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਦਿਆਂ ਪੰਜਾਬ ਦਾ ਮਾਣ ਵਧਾਉਣ ਦੀ ਅਪੀਲ ਕੀਤੀ। ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐੱਚ ਚੌਹਾਨ ਨੇ ਵੀ ਇਨ੍ਹਾਂ ਕੈਡਿਟਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਇਨ੍ਹਾਂ ਅੱਠ ਨੌਜਵਾਨਾਂ ਦੀ ਕਮਿਸ਼ਨਡ ਅਫ਼ਸਰ ਵਜੋਂ ਭਰਤੀ ਦੇ ਨਾਲ ਇੰਸਟੀਚਿਊਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 168 ਕੈਡਿਟ, ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਭਰਤੀ ਹੋ ਚੁੱਕੇ ਹਨ।