
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ; ਕੇਂਦਰ ਅਤੇ ਰੂਸ ਦੀ ਅੰਬੈਸੀ ਨਾਲ ਕੀਤਾ ਜਾ ਰਿਹਾ ਸੰਪਰਕ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ’ਚ ਚੱਲ ਰਹੇ ਬਜਟ ਇਜਲਾਸ ਦੌਰਾਨ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਰੂਸ ਗਏ ਪੰਜਾਬੀ ਨੌਜਵਾਨਾਂ ਨੂੰ ਜ਼ਬਰਨ ਫੌਜ ਵਿਚ ਭਰਤੀ ਕਰਨ ਦਾ ਗੰਭੀਰ ਮਾਮਲਾ ਚੁੱਕਿਆ। ਪਰਗਟ ਸਿੰਘ ਨੇ ਕਿਹਾ ਕਿ ਰੂਸ ਘੁੰਮਣ ਗਏ 5 ਪੰਜਾਬੀ ਨੌਜਵਾਨਾਂ ਨੂੰ ਉਥੋਂ ਦੀ ਸਰਕਾਰ ਨੇ ਜਬਰਨ ਯੂਕਰੇਨ ਖਿਲਾਫ ਜੰਗ ਲੜਨ ਲਈ ਫੌਜ ਵਿਚ ਭਰਤੀ ਕਰ ਲਿਆ ਸੀ ਅਤੇ ਇਸ ਮੁੱਦੇ ਨੂੰ ਭਾਰਤ ਸਰਕਾਰ ਅੱਗੇ ਚੁੱਕਿਆ ਜਾਵੇ। ਕਾਂਗਰਸੀ ਵਿਧਾਇਕ ਨੇ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ। ਪਰਗਟ ਸਿੰਘ ਨੇ ਕਿਹਾ ਕਿ ਨੌਜਵਾਨਾਂ ਦੇ ਘਰਦਿਆਂ ਨੂੰ ਵੀ ਇਨ੍ਹਾਂ ਬਾਰੇ ਕੁਝ ਪਤਾ ਨਹੀਂ ਹੈ। ਇਸ ਸਬੰਧੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਵਾਬ ਦਿੰਦਿਆਂ ਕਿਹਾ ਕਿ ਇਸ ਬਾਰੇ ਪਹਿਲਾਂ ਹੀ ਕੇਂਦਰ ਸਰਕਾਰ ਅਤੇ ਰੂਸ ਵਿਚ ਸਥਿਤ ਅੰਬੈਸੀ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਧਾਲੀਵਾਲ ਨੇ ਦੱਸਿਆ ਕਿ ਇਸ ਸਬੰਧੀ ਸਾਰਥਿਕ ਨਤੀਜਾ ਸਾਹਮਣੇ ਆਵੇਗਾ।