ਕਿਹਾ, ਮਜੀਠੀਆ ਨੂੰ ਫੜਨ ਲਈ ਹਵਾਈ ਅੱਡਿਆਂ ‘ਤੇ ਕੀਤੀ ਹੈ ਚੌਕਸੀ
ਦੋਦਾ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸਰਕਾਰ ਨੇ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕੇਸ ਦਰਜ ਕੀਤਾ ਹੈ ਅਤੇ ਪੁਲਿਸ ਉਸ ਨੂੰ ਭੱਜਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਫੜਨ ਲਈ ਹਵਾਈ ਅੱਡਿਆਂ ‘ਤੇ ਚੌਕਸੀ ਦੇ ਹੁਕਮ ਜਾਰੀ ਕੀਤੇ ਗਏ ਹਨ। ਦੋਦਾ ਦੀ ਅਨਾਜ ਮੰਡੀ ‘ਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਜਲਦੀ ਹੀ ਬੇਅਦਬੀ ਕਰਨ ਅਤੇ ਕਰਵਾਉਣ ਵਾਲੇ ਬਾਦਲਾਂ ਤੱਕ ਪਹੁੰਚ ਕਰਕੇ ਕਾਰਵਾਈ ਕੀਤੀ ਜਾਵੇਗੀ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜੰਮ ਕੇ ਨਿੰਦਾ ਕਰਦਿਆਂ ਚੰਨੀ ਨੇ ਉਸ ਨੂੰ ਕਾਲਾ ਅੰਗਰੇਜ਼ ਦੱਸਿਆ ਅਤੇ ਕਿਹਾ ਕਿ ਜੇਕਰ ਉਸ ਨੇ ਮਜੀਠੀਆ ਤੋਂ ਮੁਆਫੀ ਨਾ ਮੰਗੀ ਹੁੰਦੀ ਤਾਂ ਇਹ ਕਾਰਵਾਈ ਪਹਿਲਾਂ ਹੀ ਹੋ ਜਾਣੀ ਸੀ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਲਕਾ ਗਿੱਦੜਬਾਹਾ ਦੇ ਦੋਦਾ ‘ਚ ਕਰਵਾਈ ਗਈ ਰੈਲੀ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਉਹ ਚਾਚਾ-ਭਤੀਜਾ ਬਣ ਕੇ ਖੇਡ ਖੇਡਦੇ ਰਹੇ। ਇਸ ਮੌਕੇ ਮੁੱਖ ਮੰਤਰੀ ਨੇ ਦੋ ਕਿਸਾਨਾਂ ਦੇ ਪਰਿਵਾਰਾਂ ਨੂੰ ਚੈੱਕ ਤਕਸੀਮ ਕੀਤੇ।