ਚੋਣਾਂ ਦੌਰਾਨ ਲੱਗੇ ਵੱਖ-ਵੱਖ ਦੋਸ਼ਾਂ ਤੋਂ ਮਿਲੀ ਕਲੀਨ ਚਿੱਟ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਨੇ ਪੰਜਾਬ ਇਕਾਈ ਦੇ ਪਹਿਲੇ ਇੰਚਾਰਜਾਂ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਚੋਣਾਂ ਦੌਰਾਨ ਲੱਗੇ ਵੱਖ-ਵੱਖ ਦੋਸ਼ਾਂ ਤੋਂ ਕਲੀਨ ਚਿੱਟ ਦੇ ਦਿੱਤੀ ਹੈ। ਦਿੱਲੀ ਵਿਖੇ ਪਾਰਟੀ ਦੀ ਕੌਮੀ ਕੌਂਸਲ ਦੀ ਮੀਟਿੰਗ ਦੌਰਾਨ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦੀਆਂ ਮੁਸ਼ਕਲਾਂ ਅਤੇ ਮੰਗਾਂ ਸੁਣਨ ਲਈ ਮਨੀਸ਼ ਸਿਸੋਦੀਆ, ਗੋਪਾਲ ਰਾਏ ਅਤੇ ਪੰਕਜ ਕੁਮਾਰ ਦੀ ਡਿਊਟੀ ਲਾਈ ਗਈ ਸੀ।
ਮੀਟਿੰਗ ਵਿੱਚ ਪੰਜਾਬ ਵੱਲੋਂ ਪਾਰਟੀ ਪ੍ਰਧਾਨ ਭਗਵੰਤ ਮਾਨ, ਉਪ ਪ੍ਰਧਾਨ ਅਮਨ ਅਰੋੜਾ ਸਮੇਤ ਕਈ ਵਿਧਾਇਕ, ਸੂਬਾਈ ਆਗੂ ਅਤੇ ਜ਼ਿਲ੍ਹਿਆਂ ਦੇ ਪ੍ਰਧਾਨ ਵੀ ਮੌਜੂਦ ਸਨ। ਇਸ ਮੀਟਿੰਗ ਤੋਂ ਪਹਿਲਾਂ ਸੂਬਾਈ ਲੀਡਰਸ਼ਿਪ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਉਪਰ ਪੈਸੇ ਲੈ ਕੇ ਟਿਕਟਾਂ ਵੰਡਣ ਸਮੇਤ ਹੋਰ ਕਈ ਤਰ੍ਹਾਂ ਦੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ। ਆਗੂਆਂ ਨੇ ਕਿਹਾ ਕਿ ਦੋਹਾਂ ਖ਼ਿਲਾਫ਼ ਲੱਗੇ ਦੋਸ਼ਾਂ ਵਿੱਚੋਂ ਕਿਸੇ ਇਕ ਦਾ ਸਬੂਤ ਵੀ ਸਾਹਮਣੇ ਨਹੀਂ ਆਇਆ।