Breaking News
Home / ਪੰਜਾਬ / ਕਰਤਾਰਪੁਰ ਕੌਰੀਡੋਰ ਲਈ ਨਿਸ਼ਾਨਦੇਹੀ ਕਰਨ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿਸਾਨਾਂ ਨੇ ਕੀਤਾ ਡਟਵਾਂ ਵਿਰੋਧ

ਕਰਤਾਰਪੁਰ ਕੌਰੀਡੋਰ ਲਈ ਨਿਸ਼ਾਨਦੇਹੀ ਕਰਨ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿਸਾਨਾਂ ਨੇ ਕੀਤਾ ਡਟਵਾਂ ਵਿਰੋਧ

ਕਿਸਾਨਾਂ ਨੇ ਕਿਹਾ – ਕੌਰੀਡੋਰ ਲਈ ਜ਼ਮੀਨ ਦੇਣ ਲਈ ਹਾਂ ਤਿਆਰ, ਪਰ ਸਰਕਾਰ ਦੇਵੇ ਉਚਿਤ ਕੀਮਤ
ਗੁਰਦਾਸਪੁਰ : ਕਰਤਾਰਪੁਰ ਕੌਰੀਡੋਰ ਲਈ ਡੇਰਾ ਬਾਬਾ ਨਾਨਕ ਵਿਚ ਭਾਰੀ ਪੁਲਿਸ ਫੋਰਸ ਨਾਲ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਆਏ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿਸਾਨਾਂ ਨੇ ਡਟਵਾਂ ਵਿਰੋਧ ਕੀਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਕ ਵਾਰ ਤਾਂ ਸਥਿਤੀ ਤਣਾਅ ਵਾਲੀ ਵੀ ਬਣ ਗਈ ਸੀ। ਜ਼ਮੀਨ ਮਾਲਕ ਕਿਸਾਨਾਂ ਨੇ ਦੱਸਿਆ ਕਿ ਉਹ ਕਰਤਾਰਪੁਰ ਲਾਂਘੇ ਲਈ ਜ਼ਮੀਨ ਦੇਣ ਨੂੰ ਤਿਆਰ ਹਨ, ਪਰ ਸਰਕਾਰ ਜ਼ਮੀਨ ਦਾ ਉਚਿਤ ਮੁੱਲ ਤਾਂ ਦੇਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ ਉਚਿਤ ਮੁੱਲ ਨਹੀਂ ਦਿੰਦੀ, ਉਦੋਂ ਤੱਕ ਉਹ ਆਪਣੀ ਜ਼ਮੀਨ ‘ਤੇ ਕੰਮ ਨਹੀਂ ਕਰਨ ਦੇਣਗੇ। ਇਸ ਦੌਰਾਨ ਐਸ.ਡੀ.ਐਮ. ਡੇਰਾ ਬਾਬਾ ਨਾਨਕ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਕਿਸਾਨਾਂ ਦੀ ਜ਼ਮੀਨੀ ਮੁਆਵਜ਼ੇ ਦੀ ਮੰਗ ਸਰਕਾਰ ਕੋਲ ਭੇਜ ਰਹੇ ਹਨ ਅਤੇ ਕਾਨੂੰਨ ਮੁਤਾਬਕ ਸਰਕਾਰੀ ਰੇਟ ‘ਤੇ ਹੀ ਜ਼ਮੀਨ ਦਾ ਮੁੱਲ ਦਿੱਤਾ ਜਾਵੇਗਾ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਲਿਖਤੀ ਰੂਪ ਵਿਚ ਕਿਸਾਨਾਂ ਨੂੰ ਭਰੋਸਾ ਦੇਣਾ ਪਿਆ ਕਿ ਉਹ ਸਿਰਫ ਨਿਸ਼ਾਨਦੇਹੀ ਹੀ ਕਰ ਰਹੇ ਹਨ।
ਭਾਰਤ-ਪਾਕਿ ਵਿਚਕਾਰ ਤਣਾਅ ਦੇ ਚੱਲਦਿਆਂ ਕਰਤਾਰਪੁਰ ਕੌਰੀਡੋਰ ਦਾ ਕੰਮ ਜਾਰੀ
ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਵਿਚ ਹਵਾਈ ਹਮਲਿਆਂ ਤੋਂ ਬਾਅਦ ਤਣਾਅ ਭਾਵੇਂ ਵਧਦਾ ਜਾ ਰਿਹਾ ਹੈ, ਪਰ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰੋਜੈਕਟ ‘ਤੇ ਸਰਹੱਦ ਦੇ ਦੋਵੇਂ ਪਾਸੇ ਕੰਮ ਲਗਾਤਾਰ ਜਾਰੀ ਹੈ। ਪਾਕਿਸਤਾਨ ਦੇ ਅਧਿਕਾਰੀ ਵੀ ਇਸ ਕੰਮ ਨੂੰ ਰੁਕਣ ਨਹੀਂ ਦੇ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਇਹ ਕੰਮ ਰੋਕਣ ਬਾਰੇ ਹਾਲੇ ਤੱਕ ਕੁਝ ਨਹੀਂ ਕਿਹਾ ਗਿਆ। ਦੂਜੇ ਪਾਸੇ ਭਾਰਤੀ ਫੌਜ ਦੇ ਜਵਾਨਾਂ ਨੇ ਦੱਸਿਆ ਕਿ ਅੱਜ ਭਾਵੇਂ ਸਾਰਾ ਦਿਨ ਦੋਹਾਂ ਦੇਸ਼ਾਂ ਵਿਚਾਲੇ ਹਾਲਾਤ ਤਣਾਅਪੂਰਨ ਹੀ ਰਹੇ, ਪਰ ਦਰਸ਼ਨ ਅਸਥਾਨ ‘ਤੇ ਸ਼ਰਧਾਲੂਆਂ ਦੀ ਭੀੜ ‘ਤੇ ਕੋਈ ਅਸਰ ਨਹੀਂ ਦੇਖਿਆ ਗਿਆ। ਜਵਾਨਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਗਿਣਤੀ ਬਿਲਕੁਲ ਆਮ ਵਾਂਗ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਉਚ ਅਧਿਕਾਰੀਆਂ ਵਲੋਂ ਇਸ ਬਾਰੇ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ।
ਕਰਤਾਰਪੁਰ ਲਾਂਘੇ ਸਬੰਧੀ ਭਾਰਤ ਤੇ ਪਾਕਿਸਤਾਨ ਦੇ ਵਫਦਾਂ ‘ਚ 13 ਮਾਰਚ ਨੂੰ ਹੀ ਹੋਵੇਗੀ ਗੱਲਬਾਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਚੱਲਦਿਆਂ ਕਰਤਾਰਪੁਰ ਸਾਹਿਬ ਲਾਂਘੇ ‘ਤੇ ਕੋਈ ਅਸਰ ਨਹੀਂ ਪਵੇਗਾ। ਇਸ ਸਬੰਧੀ ਭਾਰਤ ਨੇ ਸਾਫ ਕੀਤਾ ਹੈ ਕਿ ਕਰਤਾਰਪੁਰ ਲਾਂਘੇ ਸਬੰਧੀ ਪਾਕਿਸਤਾਨ ਨਾਲ ਵਾਰਤਾ ਮਿੱਥੇ ਸਮੇਂ ਅਨੁਸਾਰ ਹੀ ਹੋਵੇਗੀ। ਧਿਆਨ ਰਹੇ ਕਿ ਕੌਰੀਡੋਰ ਸਬੰਧੀ ਦੋਵਾਂ ਦੇਸ਼ਾਂ ਦੇ ਵਫਦਾਂ ਵਿਚ 13 ਮਾਰਚ ਨੂੰ ਮੁਲਾਕਾਤ ਹੋਣੀ ਹੈ। ਕੇਂਦਰ ਸਰਕਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਕਰਤਾਰਪੁਰ ਕੌਰੀਡੋਰ ਸਿੱਖ ਭਾਈਚਾਰੇ ਦੇ ਜਜ਼ਬਾਤਾਂ ਨਾਲ ਸਬੰਧਤ ਹੈ। ਇਸ ਲਈ ਭਾਰਤੀ ਵਫ਼ਦ ਕਰਤਾਰਪੁਰ ਸਾਹਿਬ ਗੁਰਦੁਆਰੇ ਤਕ ਬਣਨ ਵਾਲੇ ਗਲਿਆਰੇ ਲਈ ਪਾਕਿਸਤਾਨ ਨਾਲ ਮੁਲਾਕਾਤ ਕਰੇਗਾ।ਉਧਰ ਦੂਜੇ ਪਾਸੇ ਭਾਰਤ ਨੇ ਪਾਕਿਸਤਾਨ ਵੱਲੋਂ ਸਾਂਝੀ ਰੇਲ ਸੇਵਾ ਰੱਦ ਕਰਨ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਭਾਰਤ ਨੇ ਸਮਝੌਤਾ ਐਕਸਪ੍ਰੈਸ ਰੱਦ ਕਰਨ ਲਈ ਕੋਈ ਵੀ ਸੱਦਾ ਨਹੀਂ ਦਿੱਤਾ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …