ਕਿਹਾ : ਮੋਦੀ ਸਰਕਾਰ ਕਰ ਰਹੀ ਹੈ ਪੰਜਾਬ ਨਾਲ ਵਿਤਕਰਾ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਪੰਜਾਬ ਨਾਲ ਵਿਤਕਰਾ ਕਰਨ ਦਾ ਆਰੋਪ ਲਗਾਇਆ। ਉਨ੍ਹਾਂ ਕਿਹਾ ਕਿ ਜਦ ਤੋਂ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਹੋਂਦ ਵਿਚ ਆਈ ਉਦੋਂ ਤੋਂ ਹੀ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਮੁਨੀਸ਼ ਤਿਵਾੜੀ ਨੇ ਜਲੰਧਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਬਣਦੇ ਟੈਕਸਾਂ ਦਾ ਹਿੱਸਾ ਦੇਣ ਤੋਂ ਇਲਾਵਾ ਖੇਤੀ ਬਿਲ ਲਿਆ ਕੇ ਦੇਸ਼ ਦੇ ਕਿਸਾਨਾਂ ਨਾਲ ਬੇਇਨਸਾਫੀ ਕੀਤੀ ਹੈ। ਇਹ ਸਰਕਾਰ ਪੂਰੀ ਤਰ੍ਹਾਂ ਪੰਜਾਬ ਵਿਰੋਧੀ ਹੈ ਤੇ ਹਾਲੇ ਕੋਈ ਵੀ ਫੈਸਲਾ ਪੰਜਾਬ ਪੱਖੀ ਨਹੀਂ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਦੇਸ਼ ਅੰਦਰ ਗਰੀਬੀ ਹੋਰ ਜ਼ਿਆਦਾ ਵਧ ਗਈ ਹੈ। ਦੇਸ਼ ਦੇ 7 ਕਰੋੜ ਪਰਿਵਾਰਾਂ ਦੇ 35 ਕਰੋੜ ਲੋਕ ਮਨਰੇਗਾ ’ਤੇ ਨਿਰਭਰ ਹਨ। ਮੌਜੂਦਾ ਸਾਲ 2021 ’ਚ ਪਹਿਲੀ ਇੰਨੀ ਵੱਡੀ ਗਿਣਤੀ ਵਿਚ ਲੋਕ ਆਪਣੇ ਗੁਜਾਰੇ ਵਾਸਤੇ ਮਨਰੇਗਾ ’ਤੇ ਨਿਰਭਰ ਹੋ ਗਏ ਹਨ। ਤਿਵਾੜੀ ਨੇ ਅੱਗੇ ਕਿਹਾ ਕਿ ਲੰਘੇ ਦੋ ਸਾਲਾਂ ਦੌਰਾਨ 23 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਗਏ ਹਨ ਪ੍ਰੰਤੂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਗਰੀਬੀ ਨੂੰ ਦੂਰ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ।

