ਆਦਮਪੁਰ ਜ਼ਿਮਨੀ ਚੋਣ ’ਚ ‘ਆਪ’ ਉਮੀਦਵਾਰ ਦੀ ਜ਼ਮਾਨਤ ਜ਼ਬਤ
ਚੰਡੀਗੜ੍ਹ/ਬਿਊਰੋ ਨਿਊਜ਼
ਹਰਿਆਣਾ ਦੇ ਆਦਮਪੁਰ ਵਿਧਾਨ ਸਭਾ ਹਲਕੇ ’ਤੇ ਹੋਈ ਜ਼ਿਮਨੀ ਚੋਣ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਲਵਾ ਉਮੀਦ ਤੋਂ ਕਾਫੀ ਫਿੱਕਾ ਰਿਹਾ। ਭਗਵੰਤ ਮਾਨ ਨੇ ਜ਼ਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤੇਂਦਰ ਸਿੰਘ ਲਈ ਚੋਣਾਵੀ ਰੈਲੀ, ਰੋਡ ਸ਼ੋਅ ਕਰਨ ਦੇ ਨਾਲ-ਨਾਲ ਜੰਮ ਕੇ ਚੋਣ ਪ੍ਰਚਾਰ ਵੀ ਕੀਤਾ ਸੀ। ਉਨ੍ਹਾਂ ਨੇ ਲੋਕਾਂ ਨੂੰ ਸਿੱਖਿਆ, ਸਿਹਤ, ਬਿਜਲੀ-ਪਾਣੀ ਆਦਿ ਮੁੱਦਿਆਂ ’ਤੇ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ। ਨਾਲ ਹੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਲੋਕ ‘ਆਪ’ ਦੇ ਨਾਲ ਰਾਜਨੀਤਕ ਬਦਲਾਅ ਦੇਖ ਰਹੇ ਹਨ। ਪਰ ਆਦਮਪੁਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ’ਤੇ ਭਰੋਸਾ ਨਹੀਂ ਕੀਤਾ। ਇਥੋਂ ਤੱਕ ਕਿ ‘ਆਪ’ ਦੇ ਉਮੀਦਵਾਰ ਦੀ ਜ਼ਮਾਨਤ ਹੀ ਜ਼ਬਤ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੇ ਜ਼ੋਰ ਸ਼ੋਰ ਨਾਲ ਦਿੱਲੀ ਮਾਡਲ ਨੂੰ ਲੈ ਕੇ ਚੋਣ ਪ੍ਰਚਾਰ ਕੀਤਾ, ਇਸਦੇ ਬਾਵਜੂਦ ਆਦਮਪੁਰ ਦੇ ਲੋਕਾਂ ਨੇ ਭਗਵੰਤ ਮਾਨ ਦੇ ਕਿਸੇ ਵੀ ਦਾਅਵੇ ਅਤੇ ਵਾਅਦੇ ਨੂੰ ਆਧਾਰ ਨਹੀਂ ਦਿੱਤਾ। ਨਤੀਜਾ ਇਹ ਹੋਇਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤੇਂਦਰ ਸਿੰਘ ਨੂੰ ਸਿਰਫ 3420 ਵੋਟ ਹੀ ਮਿਲ ਸਕੇ ਅਤੇ ਆਮ ਆਦਮੀ ਪਾਰਟੀ ਸਭ ਤੋਂ ਪਿੱਛੇ ਰਹਿਣ ਵਾਲਾ ਰਾਜਨੀਤਕ ਦਲ ਬਣ ਕੇ ਰਹਿ ਗਿਆ। ਆਦਮਪੁਰ ਜ਼ਿਮਨੀ ਚੋਣ ਵਿਚ ਭਾਜਪਾ ਦੇ ਉਮੀਦਵਾਰ ਭਵਯ ਬਿਸ਼ਨੋਈ ਨੇ ਜਿੱਤ ਹਾਸਲ ਕੀਤੀ ਅਤੇ ਕਾਂਗਰਸ ਦਾ ਉਮੀਦਵਾਰ ਜੈਪ੍ਰਕਾਸ਼ ਦੂਜੇ ਨੰਬਰ ’ਤੇ ਰਿਹਾ ਹੈ।