Breaking News
Home / ਪੰਜਾਬ / ਸਿਆਸਤਦਾਨਾਂ ਦਾ ਭਵਿੱਖ- ਗੁਰਦਾਸਪੁਰ ਜ਼ਿਮਨੀ ਚੋਣ

ਸਿਆਸਤਦਾਨਾਂ ਦਾ ਭਵਿੱਖ- ਗੁਰਦਾਸਪੁਰ ਜ਼ਿਮਨੀ ਚੋਣ

ਗੁਰਦਾਸਪੁਰ : ਲੋਕ ਸਭਾ ਹਲਕਾ ਗੁਰਦਾਸਪੁਰ ਵਿਚ ਹੋਣ ਜਾ ਰਹੀ ਚੋਣ ਜਿੱਤਣ ਵਾਲੇ ਉਮੀਦਵਾਰ ਨੇ ਭਾਵੇਂ ਸਿਰਫ਼ 18 ਮਹੀਨਿਆਂ ਲਈ ਲੋਕ ਸਭਾ ਮੈਂਬਰ ਬਣਨਾ ਹੈ ਪਰ ਸਿਆਸੀ ਮਾਹਿਰਾਂ ਅਨੁਸਾਰ ਇਸ ਜ਼ਿਮਨੀ ਚੋਣ ਦੇ ਨਤੀਜਿਆਂ ਨਾਲ ਨਾ ਸਿਰਫ਼ ਕਈ ਧਨਾਢ ਸਿਆਸਤਦਾਨਾਂ ਦੇ ਭਵਿੱਖ ਦਾ ਫੈਸਲਾ ਹੋਵੇਗਾ ਸਗੋਂ ਉਮੀਦਵਾਰ ਦੀ ਜਿੱਤ-ਹਾਰ ਅਤੇ ਉਨ੍ਹਾਂ ਨੂੰ ਪੈਣ ਵਾਲੀਆਂ ਵੋਟਾਂ ਨਾਲ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਲੋਕ ਆਧਾਰ ਦੀ ਤਸਵੀਰ ਵੀ ਸਪੱਸ਼ਟ ਹੋ ਜਾਵੇਗੀ।
ਕੈਪਟਨ ਲਈ ਵੱਡੀ ਚੁਣੌਤੀ ਤੇ ਵੱਕਾਰ ਦਾ ਸਵਾਲ
ਕਾਂਗਰਸ ਵੱਲੋਂ ਆਪਣੇ ਕਾਰਜਕਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਆਪਣੇ ਕੁਝ ਚੋਣ ਵਾਅਦਿਆਂ ਨੂੰ ਅਮਲੀਜਾਮਾ ਪਹਿਨਾਉਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੇ ਉਲਟ ਜੇਕਰ ਕਿਸੇ ਕਾਰਨ ਇਸ ਹਲਕੇ ਤੋਂ ਸੁਨੀਲ ਜਾਖੜ ਨੂੰ ਲੋਕਾਂ ਦਾ ਫਤਵਾ ਨਾ ਮਿਲਿਆ ਤਾਂ ਇਸ ਦਾ ਸਿੱਧਾ ਪ੍ਰਭਾਵ ਇਹ ਮੰਨਿਆ ਜਾ ਸਕਦਾ ਹੈ ਕਿ 6 ਮਹੀਨਿਆਂ ਵਿਚ ਹੀ ਲੋਕਾਂ ਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਮੋਹ ਭੰਗ ਹੋ ਗਿਆ ਹੈ।
ਪ੍ਰਤਾਪ ਸਿੰਘ ਬਾਜਵਾ ਦੇ ਭਵਿੱਖ ‘ਤੇ ਵੀ ਪੈ ਸਕਦੈ ਅਸਰ!
ਜੇਕਰ ਸੁਨੀਲ ਜਾਖੜ ਚੋਣ ਜਿੱਤਦੇ ਹਨ ਤਾਂ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 2019 ਦੌਰਾਨ ਹੋਣ ਵਾਲੀਆਂ ਚੋਣਾਂ ਦੌਰਾਨ ਮੁੜ ਉਨ੍ਹਾਂ ਨੂੰ ਹੀ ਇਸ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦਾ ਬਤੌਰ ਰਾਜ ਸਭਾ ਮੈਂਬਰ ਕਾਰਜਕਾਲ 2019 ਤੋਂ ਬਾਅਦ ਸਮਾਪਤ ਹੋਣਾ ਹੈ। ਇਸ ਤੋਂ ਪਹਿਲਾਂ ਬਾਜਵਾ ਜਾਂ ਉਨ੍ਹਾਂ ਦੀ ਪਤਨੀ ਦੇ ਲਈ ਹਲਕਾ ਕਾਦੀਆਂ ਦੀ ਵਿਧਾਨ ਸਭਾ ਸੀਟ ਪੂਰੀ ਤਰ੍ਹਾਂ ਸੁਰੱਖਿਅਤ ਸੀ ਪਰ ਇਸ ਵਾਰ ਹਲਕਾ ਕਾਦੀਆਂ ਵਿਚ ਬਾਜਵਾ ਦੇ ਛੋਟੇ ਭਰਾ ਫਤਿਹਜੰਗ ਸਿੰਘ ਬਾਜਵਾ ਵਿਧਾਇਕ ਹਨ ਅਤੇ ਇਹ ਇੰਨਾ ਆਸਾਨ ਨਹੀਂ ਮੰਨਿਆ ਜਾ ਰਿਹਾ ਹੈ ਕਿ ਅਗਲੀ ਵਾਰ ਲੋੜ ਪੈਣ ‘ਤੇ ਫਤਿਹਜੰਗ ਸਿੰਘ ਬਾਜਵਾ ਇਸ ਹਲਕੇ ਤੋਂ ਆਪਣੀ ਦਾਅਵੇਦਾਰੀ ਛੱਡ ਕੇ ਬਾਜਵਾ ਜਾਂ ਉਨ੍ਹਾਂ ਦੀ ਪਤਨੀ ਨੂੰ ਦੇ ਦੇਣਗੇ।
ਸੁਨੀਲ ਜਾਖੜ ਦਾ ਨਿੱਜੀ ਵੱਕਾਰ ਵੀ ਦਾਅ ‘ਤੇ
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਇਲਾਵਾ ਹੋਰ ਵੱਖ-ਵੱਖ ਅਹੁਦਿਆਂ ‘ਤੇ ਕੰਮ ਕਰਨ ਵਾਲੇ ਸੁਨੀਲ ਜਾਖੜ ਦੀ ਛਵੀ ਇਕ ਸੂਝਵਾਨ ਤੇ ਈਮਾਨਦਾਰ ਸਿਆਸਤਦਾਨ ਵਾਲੀ ਹੈ ਪਰ 2014 ਦੀਆਂ ਲੋਕ ਸਭਾ ਚੋਣਾਂ ਦੇ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਗਾਤਾਰ ਸੁਨੀਲ ਜਾਖੜ ਦੀ ਹੋਈ ਹਾਰ ਕਾਰਨ ਕਿਤੇ ਨਾ ਕਿਤੇ ਉਨ੍ਹਾਂ ਦੇ ਸਿਆਸੀ ਕੱਦ ਨੂੰ ਧੱਕਾ ਜ਼ਰੂਰ ਲੱਗਾ ਹੈ। ਹੁਣ ਜਦੋਂ ਕੈਪਟਨ ਅਤੇ ਉਨ੍ਹਾਂ ਦੇ ਹਮਖਿਆਲੀ ਵਿਧਾਇਕਾਂ ਨੇ ਪੂਰੇ ਜੋਸ਼ ਨਾਲ ਜਾਖੜ ਨੂੰ ਗੁਰਦਾਸਪੁਰ ਦੇ ਚੋਣ ਅਖਾੜੇ ਵਿਚ ਉਤਾਰਿਆ ਹੈ ਤਾਂ ਇਥੇ ਉਨ੍ਹਾਂ ਦੀ ਜਿੱਤ ਜਿਥੇ ਉਨ੍ਹਾਂ ਦੇ ਸਿਆਸੀ ਕੱਦ ਨੂੰ ਹੋਰ ਉੱਚਾ ਕਰੇਗੀ, ਉਥੇ ਜੇਕਰ ਕਿਸੇ ਕਾਰਨ ਵੱਸ ਉਹ ਪੱਛੜ ਗਏ ਤਾਂ ਉਨ੍ਹਾਂ ਦੇ ਸਿਆਸੀ ਕਰੀਅਰ ਵਿਚ ਇਕ ਅਜਿਹੀ ਹਾਰ ਦਰਜ ਹੋ ਜਾਵੇਗੀ ਕਿ ਪੂਰੇ ਪੰਜਾਬ ਦੀ ਸੱਤਾਧਾਰੀ ਕਾਂਗਰਸ ਉਨ੍ਹਾਂ ਦੀ ਪਿੱਠ ‘ਤੇ ਹੋਣ ਦੇ ਬਾਵਜੂਦ ਉਹ ਜਿੱਤ ਨਹੀਂ ਸਕੇ।
ਕਵਿਤਾ ਖੰਨਾ ਤੇ ਸਵਰਨ ਸਲਾਰੀਆ ਦਾ ਭਵਿੱਖ
ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ 2009 ਤੋਂ ਇਸ ਹਲਕੇ ਦੀ ਟਿਕਟ ਇਸ ਦਾਅਵੇ ਦੇ ਆਧਾਰ ‘ਤੇ ਮੰਗ ਰਹੇ ਸਨ ਕਿ ਉਹ ਇਸ ਹਲਕੇ ਦੇ ਜੰਮਪਲ ਹਨ ਅਤੇ ਉਨ੍ਹਾਂ ਇਸ ਹਲਕੇ ਵਿਚ ਸਖਤ ਮਿਹਨਤ ਕਰ ਕੇ ਆਪਣਾ ਆਧਾਰ ਬਣਾਇਆ ਹੈ। ਹੁਣ ਜਦੋਂ ਉਨ੍ਹਾਂ ਟਿਕਟ ਮਿਲਣ ਉਪਰੰਤ ਉਨ੍ਹਾਂ ਨੂੰ ਫਤਹਿ ਨਸੀਬ ਹੁੰਦੀ ਹੈ ਤਾਂ ਪਾਰਟੀ ਅਤੇ ਲੋਕਾਂ ਵਿਚ ਉਨ੍ਹਾਂ ਦਾ ਕੱਦ ਹੋਰ ਉੱਚਾ ਹੋਵੇਗਾ ਪਰ ਜੇਕਰ ਉਹ ਹਾਰ ਜਾਂਦੇ ਹਨ ਤਾਂ ਆਉਣ ਵਾਲੀਆਂ 2019 ਦੀਆਂ ਚੋਣਾਂ ਦੌਰਾਨ ਪਾਰਟੀ ਵੱਲੋਂ ਇਸ ਟਿਕਟ ਸਬੰਧੀ ਮੁੜ ਡੂੰਘੀ ਵਿਚਾਰ ਕੀਤੀ ਜਾ ਸਕਦੀ ਹੈ ਅਤੇ ਇਸ ਹਲਕੇ ਅੰਦਰ 4 ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਵਿਨੋਦ ਖੰਨਾ ਦੀ ਪਤਨੀ ਨੂੰ ਆਪਣੀ ਦਾਅਵੇਦਾਰੀ ਜਤਾਉਣ ਲਈ ਇਕ ਹੋਰ ਮੌਕਾ ਮਿਲ ਸਕਦਾ ਹੈ।
‘ਆਪ’ ਦੀ ਪੰਜਾਬ ਲੀਡਰਸ਼ਿਪ ਦੀ ਪ੍ਰੀਖਿਆ
ਵਿਧਾਨ ਸਭਾ ਚੋਣਾਂ ਹਾਰਨ ਉਪਰੰਤ ‘ਆਪ’ ਦੇ ਆਗੂਆਂ ਨੇ ਦਿੱਲੀ ਬੈਠੀ ਲੀਡਰਸ਼ਿਪ ਨੂੰ ਪੰਜਾਬ ਵਿਚ ਜ਼ਿਆਦਾ ਦਖਲ ਨਾ ਦੇਣ ਲਈ ਕਿਹਾ ਸੀ, ਜਿਸ ਤਹਿਤ ਹੁਣ ਜਦੋਂ ਇਹ ਚੋਣ ਨਿਰੋਲ ਪੰਜਾਬ ਦੇ ਸਾਰੇ ਆਗੂਆਂ ਦੀ ਅਗਵਾਈ ਹੇਠ ਲੜੀ ਜਾ ਰਹੀ ਹੈ ਤਾਂ ਫਿਰ ਵੀ ਇਸ ਵਿਚ ਸੰਤੁਸ਼ਟੀਜਨਕ ਪ੍ਰਾਪਤੀ ਨਾ ਹੋਣ ‘ਤੇ ਸਿੱਧੇ ਤੌਰ ‘ਤੇ ਲੋਕਲ ਲੀਡਰਸ਼ਿਪ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਸਬੰਧੀ ਸਵਾਲ ਪੈਦਾ ਹੋਣਗੇ।
ਗੁਰਦਾਸਪੁਰ ਜ਼ਿਮਨੀ ਚੋਣ ਲਈ ਹੋਵੇਗਾ ਤਿਕੋਣਾ ਮੁਕਾਬਲਾ
11 ਅਕਤੂਬਰ ਨੂੰ ਗੁਰਦਾਸਪੁਰ ਵਿਚ ਹੋ ਰਹੀ ਜ਼ਿਮਨੀ ਚੋਣ ਵਿਚ ਮੁਕਾਬਲਾ ਤਿਕੋਣਾ ਹੋਣ ਜਾ ਰਿਹਾ ਹੈ। ਕਾਂਗਰਸ ਦੇ ਸੁਨੀਲ ਜਾਖੜ, ਭਾਜਪਾ-ਅਕਾਲੀ ਦਲ ਦੇ ਸਵਰਨ ਸਲਾਰੀਆ ਅਤੇ ‘ਆਪ’ ਦੇ ਸੁਰੇਸ਼ ਖਜੂਰੀਆ ਆਪਣੇ ਆਪ ਨੂੰ ਜਿੱਤ ਦੇ ਦਾਅਵੇਦਾਰ ਦੱਸ ਰਹੇ ਹਨ।
ਜਿੱਤਣ ਲਈ ਪੂਰਾ ਜ਼ੋਰ ਲਾਵਾਂਗੇ : ਸੁਖਬੀਰ
ਗੁਰਦਾਸਪੁਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਜਨਤਾ ਨੂੰ ਜੋ ਸਬਜ਼ਬਾਗ ਦਿਖਾ ਕੇ ਗੁੰਮਰਾਹ ਕੀਤਾ ਸੀ, ਉਹ ਸਭ ਲਿਫਾਫੇਬਾਜ਼ੀ ਹੀ ਸਾਬਤ ਹੋਈ। ਜ਼ਿਮਨੀ ਚੋਣ ਦੀ ਜੰਗ ਜਿੱਤਣ ਲਈ ਭਾਜਪਾ ਦੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਿਰਧੜ ਦੀ ਬਾਜ਼ੀ ਲਗਾ ਦੇਵੇਗਾ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਥਾਨਕ ਇਕ ਪੈਲੇਸ ਵਿਚ ਅਕਾਲੀ ਭਾਜਪਾ ਨੇਤਾਵਾਂ ਅਤੇ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਹੀ।
ਸਿਆਸੀ ਹਵਾ ਦਾ ਰੁਖ਼ ਦੇਖ ਕੇ ਗੁਰਦਾਸਪੁਰ ਸੱਦੇ ਜਾਣਗੇ ਕੇਜਰੀਵਾਲ
ਚੰਡੀਗੜ੍ਹ : ‘ਆਪ’ ਦੀ ਸੂਬਾਈ ਲੀਡਰਸ਼ਿਪ ਫਿਲਹਾਲ ਆਪਣੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਪ੍ਰਚਾਰ ਵਿੱਚ ਉਤਾਰਨ ਸੰਬਧੀ ਸ਼ਸ਼ੋਪੰਜ ਵਿੱਚ ਹੈ। ਫਿਲਹਾਲ ਇਹ ਲੀਡਰਸ਼ਿਪ ਆਪਣੇ ਪੱਧਰ ‘ਤੇ ਪ੍ਰਚਾਰ ਨੂੰ ਭਖਾਉਣ ਦੀ ਰਣਨੀਤੀ ਬਣਾ ਰਹੀ ਹੈ। ਸੂਬਾਈ ਲੀਡਰਸ਼ਿਪ ਨੇ ਕੇਜਰੀਵਾਲ ਨੂੰ ਗੁਰਦਾਸਪੁਰ ਸੱਦਣ ਦਾ ਕੋਈ ਫ਼ੈਸਲਾ ਨਹੀਂ ਕੀਤਾ ਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਹੁੰਗਾਰੇ ਨੂੰ ਦੇਖ ਕੇ ਕੇਜਰੀਵਾਲ ਦਾ ਗੁਰਦਾਸਪੁਰ ਲਈ ਪ੍ਰੋਗਰਾਮ ਉਲੀਕਿਆ ਜਾਵੇਗਾ।

 

Check Also

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ 267 ਪਾਵਨ ਸਰੂਪ ਗੁੰਮ ਹੋਣ ਦਾ ਮਾਮਲਾ ਫਿਰ ਗਰਮਾਇਆ

ਸੇਵਾ ਸਿੰਘ ਸੇਖਵਾਂ ਸਣੇ 5 ਸ਼੍ਰੋਮਣੀ ਕਮੇਟੀ ਮੈਂਬਰ ਇਸ ਮਸਲੇ ਨੂੰ ਲੈ ਕੇ ਜਥੇਦਾਰ ਗਿਆਨੀ …