ਪੰਜਾਬ ‘ਚ ਕਾਗਜ਼ ਤਿਆਰ ਕਰਨ ਵਾਲੇ ਯੂਨਿਟ ਲੱਗਣਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਗਜ਼ ਤਿਆਰ ਕਰਨ ਵਾਲੀ ਮੋਹਰੀ ਕੰਪਨੀ ਨੇ ਪੰਜਾਬ ਵਿੱਚ ਇੱਕ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਮੈਨੂਫੈਕਚਰਿੰਗ ਯੂਨਿਟ ਸਥਾਪਤ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਇਹ ਯੂਨਿਟ ਰੂਪਨਗਰ ਜ਼ਿਲ੍ਹੇ ਵਿੱਚ ਚਮਕੌਰ ਸਾਹਿਬ ਵਿਖੇ ਸਥਾਪਤ ਕੀਤੇ ਜਾਣ ਦਾ ਪ੍ਰਸਤਾਵ ਹੈ। ਇਸ ਨਾਲ ਜਿੱਥੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਬਲ ਮਿਲੇਗਾ, ਉੱਥੇ ਹੀ ਫਸਲਾਂ ਦੀ ਰਹਿੰਦ-ਖੂੰਹਦ ਨਾਲ ਲਿਖਣ ਤੇ ਛਪਾਈ ਵਾਲੇ ਕਾਗਜ਼ ਤਿਆਰ ਕੀਤੇ ਜਾਣਗੇ।ਮੈਸਰਜ਼ ਰੂਚੀਰਾ ਪੇਪਰਜ਼ ਲਿਮਟਡ ਨੇ ਵੱਡੇ ਪੱਧਰ ‘ਤੇ ਨਵਾਂ ਯੂਨਿਟ ਲਾਉਣ ਲਈ ਸਰਕਾਰ ਤੋਂ ਪ੍ਰਵਾਨਗੀਆਂ ਲੈਣ ਲਈ ਲੰਘੇ ਦਿਨ ਨਿਵੇਸ਼ ਪੰਜਾਬ ਦੇ ਦਫ਼ਤਰ ਵਿਚ ਅਰਜ਼ੀ ਦਿੱਤੀ ਹੈ। ਇਹ ਪ੍ਰਾਜੈਕਟ ਸਾਲ 2019 ਵਿਚ ਚਾਲੂ ਹੋ ਜਾਣ ਦੀ ਸੰਭਾਵਨਾ ਹੈ ਤੇ ਕੰਪਨੀ ਮੁਤਾਬਕ ਇਸ ਪ੍ਰਾਜੈਕਟ ਨਾਲ 3500 ਵਿਅਕਤੀਆਂ ਨੂੰ ਰੁਜ਼ਗਾਰ ਮਿਲੇਗਾ।
ਪੰਜਾਬ ਭਾਜਪਾ ਪ੍ਰਧਾਨ ਰਾਮ ਲੀਲਾ ‘ਚ ਰੁੱਝੇ
ਗੁਰਦਾਸਪੁਰ ਉਪ ਚੋਣ ਨੂੰ ਲੈ ਕੇ ਸਰਗਰਮੀ ਬਹੁਤ ਵਧ ਗਈ ਹੈ ਪ੍ਰੰਤੂ ਭਾਜਪਾ ਪਤਾ ਨਹੀਂ ਕਿਉਂ ਇਸ ਪਾਸੇ ਜ਼ਿਆਦਾ ਜ਼ੋਰ ਨਹੀਂ ਲਗਾ ਰਹੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਪ੍ਰਧਾਨ ਵਿਜੇ ਸਾਂਪਲਾ ਜੋ ਕੇਂਦਰੀ ਰਾਜ ਮੰਤਰੀ ਵੀ ਹਨ ਇਨ੍ਹੀਂ ਦਿਨੀਂ ਦਿੱਲੀ ਦੀ ਇਕ ਰਾਮਲੀਲਾ ‘ਚ ਨਿਸ਼ਾਤ ਰਾਜ ਦੇ ਰੋਲ ‘ਚ ਰੁੱਝੇ ਹੋਏ ਹਨ। ਪਾਰਟੀ ਦੇ ਸੰਗਠਨ ਮੰਤਰੀ ਦਿਨੇਸ਼ ਵੀ ਮਥੁਰਾ ‘ਚ ਆਪਣੇ ਪ੍ਰੋਗਰਾਮ ‘ਚ ਰੁੱਝੇ ਹੋਏ ਹਨ। ਜੇਕਰ ਇਸ ਸੀਟ ‘ਤੇ ਅਕਾਲੀ ਦਲ ਚੋਣ ਲੜ ਰਿਹਾ ਹੁੰਦਾ ਤਦ ਤਾਂ ਭਾਜਪਾ ਆਗੂਆਂ ਦੀ ਚੋਣ ਤੋਂ ਦੂਰੀ ਸਮਝ ‘ਚ ਆਉਂਦੀ ਸੀ ਪ੍ਰੰਤੂ ਹੁਣ ਜਦੋਂ ਇਹ ਸੀਟ ਹੀ ਭਾਜਪਾ ਨੂੰ ਦੇ ਦਿੱਤੀ ਗਈ ਹੈ ਤਾਂ ਭਾਜਪਾ ਨੂੰ ਆਪਣੇ ਨੇਤਾ ਸਵਰਨ ਸਲਾਰੀਆ ਦੀ ਚਿੰਤਾ ਕਿਉਂ ਨਹੀਂ ਹੈ, ਕਿਤੇ ਅਜਿਹਾ ਤਾਂ ਨਹੀਂ ਕਿ ਸਲਾਰੀਆ ਕਮਲ ਸ਼ਰਮਾ ਗਰੁੱਪ ਦੇ ਹਨ।
ਕੈਪਟਨ ਅਮਰਿੰਦਰ ਦਾ ਟੈਸਟ
ਗੁਰਦਾਸਪੁਰ ਚੋਣ ਕੈਪਟਨ ਅਮਰਿੰਦਰ ਸਿੰਘ ਦੇ ਲਈ ਪਹਿਲਾ ਟੈਸਟ ਹੈ। ਉਨ੍ਹਾਂ ਦੀ ਸਰਕਾਰ ਬਣੇ ਨੂੰ ਛੇ ਮਹੀਨੇ ਹੋ ਗਏ ਹਨ। ਉਨ੍ਹਾਂ ਨੇ ਇਸ ਚੋਣ ਨੂੰ ਜਿੱਤਣ ਦੇ ਲਈ ਸੁਨੀਲ ਜਾਖੜ ਨੂੰ ਚੁਣਿਆ ਹੈ। ਉਨ੍ਹਾਂ ਨੂੰ ਜਿਤਾਉਣ ਦੇ ਲਈ ਉਹ ਖੁਦ ਵੀ ਪ੍ਰਚਾਰ ਕਰਨ ਵਾਲੇ ਹਨ ਹਾਲਾਂਕਿ ਉਨ੍ਹਾਂ ਦਾ ਪੈਰ ਠੀਕ ਨਹੀਂ ਹੈ ਅਤੇ ਡਾਕਟਰ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਪਤਾ ਚਲਿਆ ਹੈ ਕਿ ਕੈਪਟਨ ਨੇ ਆਪਣੀ ਕੈਬਨਿਟ ਦੇ ਸਾਰੇ ਮੰਤਰੀਆਂ ਨੂੰ ਗੁਰਦਾਸਪੁਰ ਦੇ ਇਕ-ਇਕ ਹਲਕੇ ਦੀ ਕਮਾਨ ਸੌਂਪ ਦਿੱਤੀ ਹੈ। ਇਹ ਮੰਤਰੀ ਜਲਦੀ ਹੀ ਇਨ੍ਹਾਂ ਹਲਕਿਆਂ ‘ਚ ਪਹੁੰਚ ਜਾਣਗੇ। ਦਿਲਚਸਪ ਗੱਲ ਹੈ ਇਨ੍ਹਾਂ ‘ਚੋਂ ਦੋ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਪਹਿਲਾਂ ਗੁਰਦਾਸਪੁਰ ਸੰਸਦੀ ਹਲਕੇ ਦਾ ਹਿੱਸਾ ਹਨ।
ਲੋਹਾ ਗਰਮ ਹੋਣ ਤੇ ਇੰਤਜ਼ਾਰ ‘ਚ ਬਾਜਵਾ
ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਦੀ ਰਾਜਨੀਤੀ ਕਿਸੇ ਨੂੰ ਸਮਝ ‘ਚ ਨਹੀਂ ਆਉਂਦੀ। ਜਦੋਂ ਤੱਕ ਕਾਂਗਰਸ ਪਾਰਟੀ ਨੇ ਗੁਰਦਾਸ ਤੋਂ ਕਿਸੇ ਨੂੰ ਟਿਕਟ ਨਹੀਂ ਦਿੱਤੀ ਸੀ ਤਾਂ ਫਤਿਹ ਜੰਗ ਬਾਜਵਾ ਪ੍ਰੈਸ ਕਾਨਫਰੰਸਾਂ ਕਰਕੇ ਲੋਕਲ ਉਮੀਦਵਾਰ ਦੀ ਵਕਾਲਤ ਕਰਦੇ ਨਹੀਂ ਸੀ ਥੱਕਦੇ ਹੁਣ ਜਦੋਂ ਪਾਰਟੀ ਨੇ ਬਾਹਰੀ ਉਮੀਦਵਾਰ ਸੁਨੀਲ ਜਾਖੜ ਨੂੰ ਟਿਕਟ ਦੇ ਦਿੱਤੀ ਹੈ ਤਾਂ ਉਹ ਉਨ੍ਹਾਂ ਦੇ ਲਈ ਮੀਟਿੰਗਾਂ ਕਰ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੋਇਆ, ਜਦੋਂ ਕੈਪਟਨ ਅਮਰਿੰਦਰ ਸਿੰਘ ਪਾਰਟੀ ਪ੍ਰਧਾਨ ਸਨ ਤਾਂ ਉਹ ਉਨ੍ਹਾਂ ਕੇ ਕਾਫ਼ੀ ਨੇੜੇ ਸਨ ਹਾਲਾਂਕਿ ਉਨ੍ਹਾਂ ਦੇ ਆਪਣੇ ਭਰਾ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਰਹੇ ਹਨ ਪ੍ਰੰਤੂ ਜਦੋਂ ਪ੍ਰਤਾਪ ਸਿੰਘ ਬਾਜਪਾ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ ਤਾਂ ਉਨ੍ਹਾਂ ਆਪਣੇ ਭਰਾ ਨੂੰ ਜਨਰਲ ਸੈਕਟਰੀ ਆਫਿਸ ਇੰਚਾਰਜ ਬਣਾ ਦਿੱਤਾ ਜੋ ਪ੍ਰਧਾਨ ਆਪਣੇ ਕਿਸੇ ਕਰੀਬੀ ਨੂੰ ਹੀ ਬਣਾਉਂਦਾ ਹੈ। ਪ੍ਰਤਾਪ ਸਿੰਘ ਬਾਜਵਾ ਦੇ ਪ੍ਰਧਾਨਗੀ ਤੋਂ ਹਟਦੇ ਹੀ ਫਤਿਹ ਜੰਗ ਸਿੰਘ ਫਿਰ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਆ ਗਏ। ਹੁਣ ਫਤਿਹ ਜੰਗ ਸਿੰਘ ਬਾਜਵਾ ਗੁਰਦਾਸਪੁਰ ਚੋਣ ਲਈ ਲਗਾਤਾਰ ਮੀਟਿੰਗਾਂ ਕਰਵਾ ਰਹੇ ਹਨ।
ਪੁਰਾਣਾ ਰਾਹ ਹੀ ਠੀਕ
ਸੀਪੀਆਈ ਨੇ ਸੰਘਰਸ਼ ਦੇ ਰਾਹੀਂ ਫਿਰ ਤੋਂ ਆਪਣਾ ਮੁਕਾਮ ਬਣਾਉਣ ਦੇ ਲਈ ਆਪਣਾ ਪੁਰਾਣਾ ਰਾਹ ਅਖਤਿਆਰ ਕਰ ਲਿਆ ਹੈ। ਇਸ ਦੇ ਲਈ ਉਨ੍ਹਾਂ ਨੇ ਮੀਡੀਆ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਮੀਡੀਆ ਉਨ੍ਹਾਂ ਨੂੰ ਉਹ ਜਗ੍ਹਾ ਨਹੀਂ ਦੇ ਰਿਹਾ ਜਿਸ ਦੇ ਉਹ ਹੱਕਦਾਰ ਹਨ। ਅਜਿਹੇ ‘ਚ ਅਸੀਂ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਫਿਰ ਤੋਂ ਸੰਘਰਸ਼ ਦੀ ਨਵੀਂ ਰੂਪਰੇਖਾ ਤਿਆਰ ਕਰਾਂਗੇ ਅਤੇ ਪੂਰੇ ਦੇਸ਼ ‘ਚ ਵਿਆਪਕ ਅੰਦੋਲਨ ਛੇੜਾਂਗੇ। ਪਾਰਟੀ ਦੀ ਇਕ ਅੱਧੇ ਰਾਜ ਨੂੰ ਛੱਡ ਕੇ ਕਿਤੇ ਵੀ ਸਰਕਾਰ ਨਹੀਂ ਹੈ। ਇਹੀ ਹਾਲ ਉਨ੍ਹਾਂ ਦਾ ਸੰਸਦ ‘ਚ ਸੰਸਦ ਮੈਂਬਰਾਂ ਦੀ ਗਿਣਤੀ ਨੂੰ ਲੈ ਕੇ ਹੈ।
ਤਕਨੀਕੀ ਮੰਤਰੀ ਦੇ ਲਈ ਤਕਨੀਕ
ਪੰਜਾਬ ਦੇ ਟੈਕਨੀਕਲ ਐਜੂਕੇਸ਼ਨ ਮੰਤਰੀ ਚਰਨਜੀਤ ਸਿੰਘ ਚੰਨੀ ਪੀਐਚਡੀ ਦੇ ਲਈ ਹੋਈ ਪ੍ਰੀਖਿਆ ‘ਚ ਫੇਲ੍ਹ ਹੋ ਗਏ ਹਨ। ਹੁਣ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਪ੍ਰੀਖਿਆ ‘ਚ ਪਾਸ ਕਰਨ ਦੇ ਲਈ ਨਿਯਮਾਂ ‘ਚ ਬਦਲਾਅ ਕੀਤੇ ਜਾ ਰਹੇ ਹਨ। ਐਸਸੀ ਕੋਟੇ ਦੇ ਲਈ ਪਾਸਿੰਗ ਮਾਰਕਸ ਦੀ ਹੱਦ ਘੱਟ ਕੀਤੀ ਜਾ ਰਹੀ ਹੈ। ਆਖਰ ਮੰਤਰੀ ਜੋ ਹਨ, ਉਨ੍ਹਾਂ ਦੇ ਲਈ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਹੈ।