Breaking News
Home / ਪੰਜਾਬ / ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਹੋਣਗੇ ਰਿਕਾਰਡ 13 ਮਹਿਲਾ ਜੱਜ

ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਹੋਣਗੇ ਰਿਕਾਰਡ 13 ਮਹਿਲਾ ਜੱਜ

ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਪੰਜਾਬ ਤੇ ਹਰਿਆਣਾ ਨਾਲ ਸਬੰਧਤ 9 ਨਿਆਂ ਅਧਿਕਾਰੀਆਂ ਨੂੰ ਤਰੱਕੀ ਦੇਣ ਦੀ ਤਜਵੀਜ਼ ਪ੍ਰਵਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਜਲਦੀ ਰਿਕਾਰਡ 13 ਮਹਿਲਾ ਜੱਜ ਹੋਣਗੇ। ਇਕ ਸਦੀ ਪਹਿਲਾਂ ਸਥਾਪਿਤ ਹਾਈਕੋਰਟ ਲਈ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਉਸ ਕੋਲ ਇੰਨੇ ਮਹਿਲਾ ਜੱਜਾਂ ਦੀ ਨਫ਼ਰੀ ਹੋਵੇਗੀ। ਸੁਪਰੀਮ ਕੋਰਟ ਕੌਲਿਜੀਅਮ ਨੇ ਪੰਜਾਬ ਤੇ ਹਰਿਆਣਾ ਰਾਜਾਂ ਨਾਲ ਸਬੰਧਤ ਨੌਂ ਨਿਆਂ ਅਧਿਕਾਰੀਆਂ ਨੂੰ ਤਰੱਕੀ ਦੇਣ ਦੀ ਤਜਵੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ ਹਾਈਕੋਰਟ ਕੋਲ ਰਿਕਾਰਡ 10 ਮਹਿਲਾ ਜੱਜ ਸਨ।
ਪੰਜਾਬ ਤੇ ਹਰਿਆਣਾ ਹਾਈਕੋਰਟ ਕੋਲ ਮੌਜੂਦਾ ਸਮੇਂ ਅੱਠ ਮਹਿਲਾ ਜੱਜ ਹਨ। ਇਨ੍ਹਾਂ ਵਿੱਚ ਜਸਟਿਸ ਰਿਤੂ ਬਾਹਰੀ, ਜਸਟਿਸ ਲਿਜ਼ਾ ਗਿੱਲ, ਜਸਟਿਸ ਜੈਸ਼੍ਰੀ ਠਾਕੁਰ, ਜਸਟਿਸ ਮੰਜਰੀ ਨਹਿਰੂ ਕੌਲ, ਜਸਟਿਸ ਅਲਕਾ ਸਰੀਨ, ਜਸਟਿਸ ਮਿਨਾਕਸ਼ੀ ਐੱਲ.ਮਹਿਤਾ, ਜਸਟਿਸ ਅਰਚਨਾ ਪੁਰੀ ਤੇ ਜਸਟਿਸ ਨਿਧੀ ਗੁਪਤਾ ਸ਼ਾਮਲ ਹਨ। ਇਕ ਅਧਿਕਾਰਤ ਬਿਆਨ ਮੁਤਾਬਕ ਜਿਨ੍ਹਾਂ ਨਿਆਂਇਕ ਅਧਿਕਾਰੀਆਂ ਦੇ ਨਾਵਾਂ ਨੂੰ ਸੁਪਰੀਮ ਕੋਰਟ ਕੌਲਿਜੀਅਮ ਨੇ ਪ੍ਰਵਾਨਗੀ ਦਿੱਤੀ ਹੈ, ਉਨ੍ਹਾਂ ਵਿੱਚ ਗੁਰਬੀਰ ਸਿੰਘ, ਦੀਪਕ ਗੁਪਤਾ, ਅਮਰਜੋਤ ਭੱਟੀ, ਰਿਤੂ ਟੈਗੋਰ, ਮਨੀਸ਼ਾ ਬੱਤਰਾ, ਹਰਪ੍ਰੀਤ ਕੌਰ ਜੀਵਨ, ਸੁਖਵਿੰਦਰ ਕੋਰ, ਸੰਜੀਵ ਬੈਰੀ ਤੇ ਵਿਕਰਮ ਅਗਰਵਾਲ ਸ਼ਾਮਲ ਹਨ।
ਇਨ੍ਹਾਂ ਵਿਚੋਂ ਪੰਜ ਨਿਆਂ ਅਧਿਕਾਰੀ ਪੰਜਾਬ ਤੇ ਬਾਕੀ ਹਰਿਆਣਾ ਨਾਲ ਸਬੰਧਤ ਹਨ। ਇਸ ਤੋਂ ਪਹਿਲਾਂ 28 ਨਵੰਬਰ 2019 ਨੂੰ ਨਿਆਂ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਹਾਈ ਕੋਰਟ ਦਾ ਜੱਜ ਲਾਇਆ ਗਿਆ ਸੀ। ਚੀਫ ਜਸਟਿਸ ਨੇ ਉਦੋਂ ਆਪਣੇ ਦੋ ਸਭ ਤੋਂ ਸੀਨੀਅਰ ਸਾਥੀਆਂ ਨਾਲ ਸਲਾਹ ਮਸ਼ਵਰੇ ਮਗਰੋਂ 7 ਨਾਵਾਂ ਦੀ ਸਿਫਾਰਸ਼ ਕੀਤੀ ਸੀ। ਇਨ੍ਹਾਂ ਨਵੀਂ ਨਿਯੁਕਤੀਆਂ ਨਾਲ ਹਾਈ ਕੋਰਟ ਵਿੱਚ ਜੱਜਾਂ ਦੀ ਗਿਣਤੀ ਪਹਿਲੀ ਵਾਰ 60 ਨੂੰ ਟੱਪ ਜਾਵੇਗੀ।
ਹਾਈ ਕੋਰਟ ਕੋਲ ਮੌਜੂਦਾ ਸਮੇਂ 56 ਜੱਜ ਹਨ ਜਦੋਂਕਿ ਪ੍ਰਵਾਨਿਤ ਸਮਰੱਥਾ 85 ਜੱਜਾਂ ਦੀ ਹੈ। ਨਿਆਂ ਅਧਿਕਾਰੀਆਂ ਵੱਲੋਂ ਹਲਫ਼ ਲੈਣ ਮਗਰੋਂ ਜੱਜਾਂ ਦੀ ਨਫ਼ਰੀ 65 ਹੋ ਜਾਵੇਗੀ। ਉਂਜ ਇਸ ਤੋਂ ਪਹਿਲਾਂ ਕਾਨੂੰਨ ਮੰਤਰਾਲਾ ਨਾਵਾਂ ਨੂੰ ਪ੍ਰਵਾਨਗੀ ਦੇਵੇਗਾ ਤੇ ਮਗਰੋਂ ਰਾਸ਼ਟਰਪਤੀ ਵੱਲੋਂ ਰਸਮੀ ਨਿਯੁਕਤੀ ਕੀਤੀ ਜਾਵੇਗੀ।
ਸੁਪਰੀਮ ਕੋਰਟ ਨੇ ਇਹ ਸਿਫਾਰਸ਼ਾਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਹਾਈ ਕੋਰਟ ਦੇ ਦਸ ਤੋਂ ਵੱਧ ਜੱਜ ਅਗਲੇ ਸਾਲ ਸੇਵਾ ਮੁਕਤ ਹੋਣ ਵਾਲੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰੰਜਨ ਗੁਪਤਾ, ਜੋ ਇਸ ਵੇਲੇ ਪਟਨਾ ਹਾਈ ਕੋਰਟ ‘ਚ ਤਾਇਨਾਤ ਹਨ, ਇਸੇ ਮਹੀਨੇ ਸੇਵਾ ਮੁਕਤ ਹੋ ਰਹੇ ਹਨ।

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …