ਓਟਵਾ/ਬਿਊਰੋ ਨਿਊਜ਼ : ਐਨਡੀਪੀ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਤੋਂ ਸੇਧ ਲੈ ਕੇ ਬੈਂਕ ਆਫ ਕੈਨੇਡਾ ਨੂੰ ਵਿਆਜ਼ ਦਰਾਂ ਵਿੱਚ ਵਾਧਾ ਕਰਨ ਤੋਂ ਰੋਕ ਸਕਦੀ ਸੀ।
ਪਿਛਲੇ ਹਫਤੇ ਪ੍ਰੀਮੀਅਰ ਡੇਵਿਡ ਐਬੀ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਨੂੰ ਪੱਤਰ ਲਿਖ ਕੇ ਆਖਿਆ ਕਿ ਕੈਨੇਡੀਅਨਜ਼ ਨੂੰ ਫੂਡ ਲਈ ਤੇ ਕਿਰਾਇਆ ਦੇਣ ਵਾਸਤੇ ਸੰਘਰਸ਼ ਕਰਨਾ ਪੈ ਰਿਹਾ ਹੈ ਤੇ ਇਸ ਲਈ ਉਹ ਵਿਆਜ਼ ਦਰਾਂ ਵਿੱਚ ਹੋਰ ਵਾਧਾ ਨਾ ਕਰਨ। ਐਨਡੀਪੀ ਆਗੂ ਜਗਮੀਤ ਸਿੰਘ ਨੇ ਐਬੀ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਲਿਬਰਲਾਂ ਨੂੰ ਵੀ ਅਜਿਹਾ ਕਰਦਿਆਂ ਹੋਇਆਂ ਲੋਕਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਬੈਂਕ ਆਫ ਕੈਨੇਡਾ ਨੂੰ ਵਿਆਜ਼ ਦਰਾਂ ਵਿੱਚ ਹੋਰ ਵਾਧਾ ਕਰਨ ਤੋਂ ਰੋਕਣਾ ਚਾਹੀਦਾ ਹੈ। ਇਨ੍ਹਾਂ ਤਬਦੀਲੀਆਂ ਬਾਰੇ ਹੋਰ ਵਿਸਥਾਰ ਨਾਲ ਜਾਨਣ ਲਈ ਜਦੋਂ ਸਵਾਲ ਪੁੱਛੇ ਗਏ ਤਾਂ ਜਗਮੀਤ ਸਿੰਘ ਦੇ ਡਾਇਰੈਕਟਰ ਆਫ ਕਮਿਊਨਿਕੇਸ਼ਨਜ਼ ਨੇ ਆਖਿਆ ਕਿ ਜਦੋਂ ਬੈਂਕ ਦੇ ਗਵਰਨਰ ਤੇ ਫੈਡਰਲ ਵਿੱਤ ਮੰਤਰੀ ਦਰਮਿਆਨ ਨਿਯਮਤ ਗੱਲਬਾਤ ਹੁੰਦੀ ਹੈ ਤਾਂ ਉਸ ਸਮੇਂ ਲਿਬਰਲ ਸੈਂਟਰਲ ਬੈਂਕ ਨੂੰ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧਾ ਕਰਨ ਤੋਂ ਰੋਕ ਸਕਦੇ ਹਨ।
ਭਾਵੇਂ ਫੈਡਰਲ ਸਰਕਾਰ ਤੇ ਬੈਂਕ ਆਫ ਕੈਨੇਡਾ ਸੈਂਟਰਲ ਬੈਂਕ ਰਲ ਕੇ ਆਦੇਸ਼ ਤੈਅ ਕਰਦੇ ਹਨ ਪਰ ਇਸ ਦੇ ਕੰਮਕਾਜ, ਜਿਸ ਵਿੱਚ ਵਿਆਜ਼ ਦਰਾਂ ਵਿੱਚ ਵਾਧੇ ਦਾ ਫੈਸਲਾ ਵੀ ਹੁੰਦਾ ਹੈ, ਬੈਂਕ ਵੱਲੋਂ ਆਜ਼ਾਦਾਨਾ ਤੌਰ ਉੱਤੇ ਕੀਤੇ ਜਾਂਦੇ ਹਨ। ਸੈਂਟਰਲ ਬੈਂਕ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਆਪਣੀਆਂ ਵਿਆਜ਼ ਦਰਾਂ ਪੰਜ ਫੀ ਸਦੀ ਉੱਤੇ ਹੀ ਰੋਕ ਰਿਹਾ ਹੈ।