ਓਟਵਾ/ਬਿਊਰੋ ਨਿਊਜ਼ : ਅਰਥਚਾਰੇ ਦੀ ਰਫਤਾਰ ਮੱਠੀ ਪੈਣ ਦੇ ਸੰਕੇਤ ਮਿਲਣ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਆਪਣੀਆਂ ਵਿਆਜ਼ ਦਰਾਂ ਵਿੱਚ ਵਾਧੇ ਨੂੰ ਹਾਲ ਦੀ ਘੜੀ ਰੋਕਣ ਦਾ ਫੈਸਲਾ ਕੀਤਾ ਹੈ। ਪਰ ਭਵਿੱਖ ਵਿੱਚ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ ਅਜਿਹਾ ਵਾਅਦਾ ਵੀ ਬੈਂਕ ਵੱਲੋਂ ਨਹੀਂ ਕੀਤਾ ਗਿਆ ਹੈ।
ਨਿਊਂਜ਼ ਰਲੀਜ਼ ਵਿੱਚ ਬੈਂਕ ਆਫ ਕੈਨੇਡਾ ਨੇ ਆਖਿਆ ਕਿ ਅਰਥਚਾਰੇ ਦੀ ਵਿਕਾਸ ਦਰ ਮੱਠੀ ਪੈਣ ਤੇ ਮੌਨੈਟਰੀ ਪਾਲਿਸੀ ਦੇ ਪ੍ਰਭਾਵ ਪਛੜਣ ਕਾਰਨ ਗਵਰਨਿੰਗ ਕਾਊਂਸਲ ਨੇ ਇਹ ਫੈਸਲਾ ਕੀਤਾ ਹੈ ਕਿ ਵਿਆਜ਼ ਦਰਾਂ ਨੂੰ ਹਾਲ ਦੀ ਘੜੀ ਪੰਜ ਫੀ ਸਦੀ ਉੱਤੇ ਹੀ ਰੋਕਿਆ ਜਾਵੇਗਾ। ਪਰ ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਹੋਰ ਵਾਧੇ ਲਈ ਦਰਵਾਜ਼ਾ ਖੁੱਲ੍ਹਾ ਰੱਖਣ ਦਾ ਸੰਕੇਤ ਵੀ ਦਿੱਤਾ ਹੈ। ਇਹ ਵੀ ਆਖਿਆ ਗਿਆ ਕਿ ਗਵਰਨਿੰਗ ਕਾਊਂਸਲ ਅਜੇ ਵੀ ਮਹਿੰਗਾਈ ਦੇ ਦਬਾਅ ਨੂੰ ਲੈ ਕੇ ਚਿੰਤਤ ਹੈ ਤੇ ਲੋੜ ਪੈਣ ਉੱਤੇ ਵਿਆਜ਼ ਦਰਾਂ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ।
ਕੈਨੇਡਾ ਵਿੱਚ ਜੁਲਾਈ ਦੇ ਮਹੀਨੇ ਮਹਿੰਗਾਈ ਦਰ 3.3 ਫੀਸਦੀ ਸੀ, ਜੋ ਕਿ ਉਸ ਤੋਂ ਪਿਛਲੇ ਮਹੀਨੇ 2.8 ਫੀ ਸਦੀ ਤੋਂ ਵੱਧ ਗਈ ਸੀ। ਹਾਲਾਂਕਿ ਪਿਛਲੀਆਂ ਗਰਮੀਆਂ ਦੇ ਮੁਕਾਬਲੇ ਮਹਿੰਗਾਈ ਕੁੱਝ ਘਟੀ ਹੈ ਤੇ ਆਉਣ ਵਾਲੇ ਮਹੀਨਿਆਂ ਵਿੱਚ ਇਸ ਦੇ ਤਿੰਨ ਫੀਸਦੀ ਦੇ ਨੇੜੇ ਤੇੜੇ ਰਹਿਣ ਦੀ ਸੰਭਾਵਨਾ ਹੈ। ਸੈਂਟਰਲ ਬੈਂਕ ਨੇ ਇਹ ਵੀ ਮੰਨਿਆ ਕਿ ਗੈਸੋਲੀਨ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਮਹਿੰਗਾਈ ਵਿੱਚ ਇੱਕ ਵਾਰੀ ਹੋਰ ਵਾਧਾ ਹੋ ਸਕਦਾ ਹੈ ਤੇ ਫਿਰ ਹੀ ਮਹਿੰਗਾਈ ਘਟੇਗੀ।